25 ਲੱਖ ਭਾਰਤੀ ਹੋ ਸਕਦੇ ਹਨ ਕਰੋਨਾ ਤੋਂ ਪੀੜਤ
ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ‘ਚ ਕੋਰੋਨਾ ਵਾਇਰਸ ਬਾਰੇ ਜੌਨ ਹੌਪਕਿੰਨਜ਼ ਯੂਨੀਵਰਸਿਟੀ ਤੇ ‘ਦਿ ਸੈਂਟਰ ਫ਼ਾਰ ਡਿਜ਼ੀਸ ਡਾਇਨਾਮਿਕਸ, ਇਕਨੌਮਿਕਸ ਐਂਡ ਪਾਲਿਸੀ’ ਨੇ ਇੱਕ ਰਿਪੋਰਟ ਤਿਆਰ ਕੀਤੀ ਹੈ। ਇਸ ਰਿਪੋਰਟ ‘ਚ ਕਿਹਾ ਗਿਆ ਹੈ ਕਿ ਭਾਰਤ ਲਈ ਖ਼ਤਰਾ ਅਜੇ ਟਲ਼ਿਆ ਨਹੀਂ ਹੈ। ਇਸ ਰਿਪੋਰਟ ਮੁਤਾਬਕ ਭਾਰਤ ‘ਚ ਕੋਰੋਨਾ ਨਾਮੀ ਇਹ ਭੂਤ ਹਾਲੇ ਚਾਰ ਮਹੀਨੇ ਹੋਰ ਪਰੇਸ਼ਾਨ ਕਰੇਗਾ। ਰਿਪੋਰਟ ਮੁਤਾਬਕ ਭਾਰਤ ‘ਚ ਲੋਕ ਅਪ੍ਰੈਲ ਦੇ ਦੂਜੇ ਹਫ਼ਤੇ ਤੱਕ ਕੋਰੋਨਾ ਤੋਂ ਪੀੜਤ ਹੋ ਕੇ ਹਸਪਤਾਲ ‘ਚ ਭਰਤੀ ਹੋਣਗੇ ਅਤੇ ਜੁਲਾਈ ਦੇ ਦੂਜੇ ਹਫ਼ਤੇ ਤੱਕ ਇਹ ਗਿਣਤੀ ਘੱਟ ਹੋਣ ਲੱਗੇਗੀ ਅਤੇ ਫਿਰ ਅਗਸਤ ਤੱਕ ਇਸ ਦੇ ਪੂਰੀ ਤਰ੍ਹਾਂ ਖ਼ਤਮ ਹੋਣ ਦੀ ਆਸ ਹੈ। ਇਹ ਵੀ ਦੱਸਿਆ ਗਿਆ ਹੈ ਕਿ ਭਾਰਤ ‘ਚ ਕੋਰੋਨਾ ਵਾਇਰਸ ਤੋਂ ਲਗਭਗ 25 ਲੱਖ ਵਿਅਕਤੀ ਪ੍ਰਭਾਵਿਤ ਹੋ ਸਕਦੇ ਹਨ।ਰਿਪੋਰਟ ਮੁਤਾਬਕ ਜੇਕਰ ਕੋਰੋਨਾ ਵਾਇਰਸ ਭਾਰਤ ‘ਚ ਬੁਰੀ ਤਰ੍ਹਾਂ ਫੈਲਦਾ ਹੈ ਤਾਂ ਘੱਟੋ-ਘੱਟ 10 ਲੱਖ ਵੈਂਟੀਲੇਟਰਜ਼ ਦੀ ਲੋੜ ਪਵੇਗੀ ਤੇ ਹਾਲੇ ਦੇਸ਼ ਵਿੱਚ ਸਿਰਫ਼ 30 ਤੋਂ 35 ਹਜ਼ਾਰ ਵੈਂਟੀਲੇਟਰ ਹਨ।