Breaking News
Home / ਭਾਰਤ / ਸ਼ਿਲਾਂਗ ਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਵਾਂਗੇ : ਕੋਨਾਰਡ ਸੰਗਮਾ

ਸ਼ਿਲਾਂਗ ਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਵਾਂਗੇ : ਕੋਨਾਰਡ ਸੰਗਮਾ

ਸਿੱਖਾਂ ਦੇ ਵਫ਼ਦ ਨੂੰ ਮੇਘਾਲਿਆ ਦੇ ਮੁੱਖ ਮੰਤਰੀ ਨੇ ਦਿੱਤਾ ਭਰੋਸਾ
ਚੰਡੀਗੜ੍ਹ/ਬਿਊਰੋ ਨਿਊਜ਼ : ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਨੇ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਵਿਚ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਸ਼ਿਲਾਂਗ ਵਿਖੇ ਪੰਜਾਬੀ ਲੇਨ ਵਿਚ ਰਹਿੰਦੇ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਰਾਜ ਸਰਕਾਰ ਸਾਰੇ ਜ਼ਰੂਰੀ ਕਦਮ ਚੁੱਕੇਗੀ। ਦਿੱਲੀ ਸਥਿਤ ਮੇਘਾਲਿਆ ਦੇ ਮੁੱਖ ਮੰਤਰੀ ਨੇ ਆਪਣੇ ਗ੍ਰਹਿ ਵਿਖੇ ਮਿਲਣ ਪੁੱਜੇ ਵਫ਼ਦ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਸ਼ਿਲਾਂਗ ਵਿਚ ਸਿੱਖ ਭਾਈਚਾਰੇ ਨੂੰ ਦਰਪੇਸ਼ ਸਮੱਸਿਆ ਦਾ ਸਰਕਾਰ ਵਲੋਂ ਇਕ ਭਾਈਚਾਰਕ ਹੱਲ ਕੱਢਿਆ ਜਾਵੇਗਾ। ਜ਼ਿਕਰਯੋਗ ਹੈ ਕਿ ਸਥਾਨਕ ਲੋਕਾਂ ਅਤੇઠਇਕ ਗਰਮਿਖ਼ਆਲੀ ਜਥੇਬੰਦੀ ਐਚ. ਐਨ.ਐਲ.ਸੀ. ਵਲੋਂ ਸਿੱਖਾਂ ਨੂੰ ਉਕਤ ਇਲਾਕਾ ਛੱਡਣ ਦੀ ਧਮਕੀ ਦਿੱਤੀ ਗਈ ਹੈ, ਜਿਥੇ ਉਹ ਪਿਛਲੇ 200 ਸਾਲਾਂ ਤੋਂ ਰਹਿ ਰਹੇ ਹਨ।
ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨਾਲ ਹੋਈ ਵਿਚਾਰ ਚਰਚਾ ਦੌਰਾਨ ਮੇਘਾਲਿਆ ਦੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਉਪ ਮੁੱਖ ਮੰਤਰੀ ਦੀ ਅਗਵਾਈ ਵਿਚ ਇਕ ਕਮੇਟੀ ਬਣਾਈ ਹੈ, ਜਿਹੜੀ ਸਿੱਖਾਂ ਤੇ ਸਥਾਨਕ ਖਾਸੀ ਭਾਈਚਾਰੇ ਦੇ ਲੋਕਾਂ ਵਲੋਂ ਕੀਤੇ ਜਾ ਰਹੇ ਦਾਅਵਿਆਂ ਦੀ ਤਹਿ ਤੱਕ ਜਾਵੇਗੀ ਤੇ ਇਸ ਮਸਲੇ ਦਾ ਭਾਈਚਾਰਕ ਹੱਲ ਕੱਢੇਗੀ, ਜੋ ਦੋਹਾਂ ਧਿਰਾਂ ਨੂੰ ਮਨਜ਼ੂਰ ਹੋਵੇਗਾ।
ਮੁੱਖ ਮੰਤਰੀ ਕੋਨਰਾਡ ਸੰਗਮਾ ਨੇ ਕਿਹਾ ਕਿ ਇਸੇ ਦੌਰਾਨ ਉਨ੍ਹਾਂ ਨੇ ਪੰਜਾਬੀ ਲੇਨ ਵਿਚ ਰਹਿੰਦੇ ਸਿੱਖਾਂ ਦੀ ਸੁਰੱਖਿਆ ਲਈ ਸਖ਼ਤ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਮੁੱਖ ਮੰਤਰੀ ਨੂੰ ਜਾਣਕਾਰੀ ਦਿੰਦਿਆਂ ਹਰਸਿਮਰਤ ਬਾਦਲ ਨੇ ਦੱਸਿਆ ਕਿ ਸਿੱਖਾਂ ਨੂੰ ਹਟਾਏ ਜਾਣ ਦੀ ਤਜਵੀਜ਼ ਉਤੇ ਅਦਾਲਤੀ ਰੋਕ ਹੋਣ ਦੇ ਬਾਵਜੂਦ ਪੰਜਾਬੀ ਲੇਨ ਵਿਚ ਰਹਿੰਦੇ ਸਿੱਖਾਂ ਨੂੰ ਉਜਾੜਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਹ ਕਹਿੰਦਿਆਂ ਕਿ 200 ਸਾਲ ਪਹਿਲਾਂ ਅੰਗਰੇਜ਼ਾਂ ਵਲੋਂ ਪੰਜਾਬੀ ਲੇਨ ਵਿਚ ਰਹਿੰਦੇ ਸਿੱਖਾਂ ਨੂੰ ਸ਼ਿਲਾਂਗ ਵਿਚ ਲਿਆਂਦਾ ਗਿਆ ਸੀ। ਬਾਦਲ ਨੇ ਕਿਹਾ ਕਿ ਪੁਰਾਣੇ ਖਾਸੀ ਭਾਈਚਾਰੇ, ਜਿਨ੍ਹਾਂ ਨੂੰ ਉਸ ਸਮੇਂ ਹਿਮਾ ਕਿਹਾ ਜਾਂਦਾ ਸੀ, ਦੀ ਸਹਿਮਤੀ ਮਗਰੋਂ ਸ਼ਿਲਾਂਗ ਮਿਊਂਸਪਲ ਬੋਰਡ ਵਲੋਂ 1954 ਵਿਚ ਸਿੱਖਾਂ ਨੂੰ ਇਸ ਇਲਾਕੇ ਵਿਚ ਜ਼ਮੀਨ ਦਿੱਤੀ ਗਈ ਸੀ। ਇਸ ਤੋਂ ਬਾਅਦ ਇਕ ਗੁਰਦੁਆਰਾ ਸਾਹਿਬ ਤੇ ਦੋ ਮੰਦਿਰਾਂ ਦੀ ਉਸਾਰੀ ਲਈ ਜ਼ਮੀਨ ਦੇ ਚਾਰ ਪੱਟੇ ਵਾਧੂ ਦਿੱਤੇ ਗਏ ਸਨ।
ਮੇਘਾਲਿਆ ਦੇ ਮੁੱਖ ਮੰਤਰੀ ਨੂੰ ਜਾਣਕਾਰੀ ਦਿੰਦਿਆਂ ਐਸ.ਜੀ.ਪੀ. ਸੀ.ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਡੀ. ਐਸ.ਜੀ.ਐਮ.ਸੀ.ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਗਰਮਿਖ਼ਆਲੀ ਜਥੇਬੰਦੀ ਐਚ. ਐਨ.ਐਲ.ਸੀ. ਵਲੋਂ ਪੰਜਾਬੀ ਲੇਨ ਦੇ ਬਾਸ਼ਿੰਦਿਆਂ ਨੂੰ ਇਲਾਕਾ ਖਾਲੀ ਕਰਨ ਜਾਂ ਹਿੰਸਾ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦੀ ਦਿੱਤੀ ਧਮਕੀ ਮਗਰੋਂ ਸਿੱਖ ਲਗਾਤਾਰ ਦਹਿਸ਼ਤ ਦੇ ਸਾਏ ਹੇਠ ਜੀਅ ਰਹੇ ਹਨ। ਇਸ ਮੌਕੇ ਮੌਜੂਦ ਸ਼ਿਲਾਂਗ ਸਿੱਖ ਹਰੀਜਨ ਕਾਲੋਨੀ ਦੇ ਪ੍ਰਧਾਨ ਗੁਰਜੀਤ ਸਿੰਘ ਨੇ ਕਿਹਾ ਕਿ ਸਿੱਖ ਇਸ ਇਲਾਕੇ ਦੇ ਪੱਕੇ ਨਾਗਰਿਕ ਹਨ ਤੇ ਉਨ੍ਹਾਂ ਕੋਲ ਇਹ ਸਾਬਿਤ ਕਰਨ ਲਈ ਲੋੜੀਂਦੇ ਦਸਤਾਵੇਜ਼ ਵੀ ਹਨ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਕੁਝ ਸਿੱਖ ਪਰਿਵਾਰਾਂ ਨੂੰ ਨਿਕਾਲੇ ਦੇ ਨੋਟਿਸ ਜਾਰੀ ਕੀਤੇ ਗਏ ਹਨ। ਗੁਰਜੀਤ ਸਿੰਘ ਨੇ ਇਹ ਵੀ ਦੱਸਿਆ ਕਿ ਸਥਾਨਕ ਅਧਿਕਾਰੀ ਸਿੱਖਾਂ ਦੇ ਦਾਅਵੇ ਪ੍ਰਤੀ ਪੱਖਪਾਤੀ ਪਹੁੰਚ ਰੱਖਦੇ ਹਨ। ਜਦੋਂ ਹੇਠਲੀ ਅਦਾਲਤ ਨੇ ਸਿੱਖਾਂ ਦੇ ਦਾਅਵੇ ਨੂੰ ਸਹੀ ਠਹਿਰਾਇਆ ਸੀ, ਤਾਂ ਇਨ੍ਹਾਂ ਅਧਿਕਾਰੀਆਂ ਨੇ ਇਸ ਫੈਸਲੇ ਦੀ ਨਜ਼ਰਸਾਨੀ ਅਪੀਲ ਕੀਤੀ ਸੀ।
ਸਿਲਾਂਗ ਦੇ ਪੰਜਾਬੀ ਭਾਈਚਾਰੇ ‘ਚ ਸਹਿਮ ਦਾ ਮਾਹੌਲ
ਅੰਮ੍ਰਿਤਸਰ : ਸ਼ਿਲਾਂਗ ਦੀ ਪੰਜਾਬੀ ਕਲੋਨੀ ਦੇ ਲੋਕ ਉਜਾੜੇ ਦੇ ਡਰ ਤੋਂ ਭੈਅਭੀਤ ਹਨ ਅਤੇ ਸਰਕਾਰ ਸਮੇਤ ਸਿੱਖ ਜਥੇਬੰਦੀਆਂ ਵੱਲ ਮਦਦ ਲਈ ਦੇਖ ਰਹੇ ਹਨ। ਇਹ ਖੁਲਾਸਾ ਸ਼੍ਰੋਮਣੀ ਕਮੇਟੀ ਦੀ ਸ਼ਿਲਾਂਗ ਦੌਰੇ ‘ਤੇ ਗਈ ਤਿੰਨ ਮੈਂਬਰੀ ਟੀਮ ਨੇ ਕੀਤਾ ਹੈ, ਜੋ ਅੰਮ੍ਰਿਤਸਰ ਵਾਪਸ ਪਰਤ ਆਈ ਹੈ। ਟੀਮ ਵਿੱਚ ਸ਼ਾਮਲ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਬੀਐਸ ਸਿਆਲਕਾ ਨੇ ਦੱਸਿਆ ਕਿ ਮੇਘਾਲਿਆ ਵਿਚ ਪਾਬੰਦੀਸ਼ੁਦਾ ਜਥੇਬੰਦੀ ਐਚਐਨਐਲਸੀ ਵਲੋਂ ਜਾਰੀ ਕੀਤੇ ਗਏ ਧਮਕੀ ਪੱਤਰ ਤੋਂ ਬਾਅਦ ਪੰਜਾਬੀ ਕਲੋਨੀ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਹੈ।

ਪੰਜਾਬ ਸਰਕਾਰ ਦਾ ਚਾਰ ਮੈਂਬਰੀ ਵਫਦ ਮੇਘਾਲਿਆ ਦੇ ਗ੍ਰਹਿ ਮੰਤਰੀ ਨੂੰ ਮਿਲਿਆ
ਕਿਹਾ – ਸਿਲਾਂਗ ‘ਚ ਵਸਦੇ ਪੰਜਾਬੀਆਂ ਨਾਲ ਹੋ ਰਹੇ ਧੱਕੇ ਨੂੰ ਰੋਕੋ
ਚੰਡੀਗੜ੍ਹ : ਮੇਘਾਲਿਆ ਦੀ ਰਾਜਧਾਨੀ ਸ਼ਿਲੌਂਗ ਵਿਖੇ ਇਕ ਕਾਲੋਨੀ ਵਿੱਚ ਵੱਸਦੇ ਪੰਜਾਬੀਆਂ ਨੂੰ ਤੰਗ ਪ੍ਰੇਸ਼ਾਨ ਕੀਤੇ ਜਾਣ ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਦਾ 4 ਮੈਂਬਰੀ ਵਫ਼ਦ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿਚ ਮੇਘਾਲਿਆ ਦੇ ਗ੍ਰਹਿ ਮੰਤਰੀ ਜੇਮਸ ਸੰਗਮਾ ਨੂੰ ਮਿਲਿਆ। ਮੁਲਾਕਾਤ ਦੌਰਾਨ ਵਫ਼ਦ ਨੇ ਮੇਘਾਲਿਆ ਦੇ ਗ੍ਰਹਿ ਮੰਤਰੀ ਨੂੰ ਸਥਾਨਕ ਪੰਜਾਬੀਆਂ ਨਾਲ ਹੋ ਰਹੇ ਧੱਕੇ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਲਈ ਕਿਹਾ। ਵਫ਼ਦ ਨੇ ਆਖਿਆ ਕਿ ਸ਼ਿਲਾਂਗ ‘ਚ ਤਕਰੀਬਨ 200 ਸਾਲਾਂ ਤੋਂ ਵਸ ਰਹੇ ਪੰਜਾਬੀਆਂ ਦਾ ਉਜਾੜਾ ਜਾਇਜ਼ ਨਹੀਂ ਹੈ ਅਤੇ ਇਹ ਉਨ੍ਹਾਂ ਦੇ ਅਧਿਕਾਰਾਂ ਦੀ ਉਲੰਘਣਾ ਹੈ। ਵਫ਼ਦ ਨੇ ਗ੍ਰਹਿ ਮੰਤਰੀ ਨੂੰ ਸ਼ਿਲਾਂਗ ਦੇ ਪੰਜਾਬੀਆਂ ਅਤੇ ਸਿੱਖ ਭਾਈਚਾਰੇ ਨੂੰ ਮਿਲੇ ਧਮਕੀ ਭਰੇ ਪੱਤਰ ਬਾਰੇ ਵੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਅਤੇ ਉਥੇ ਵੱਸਦੇ ਸਿੱਖਾਂ ਦੀ ਜਾਨ-ਮਾਲ ਦੀ ਸੁਰੱਖਿਆ ਕਰਨ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਵਫਦ ਨੇ ਸਿਲਾਂਗ ਦੇ ਪੀੜਤ ਪਰਿਵਾਰਾਂ ਨਾਲ ਗੱਲਬਾਤ ਵੀ ਕੀਤੀ।

Check Also

‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਕੇਜਰੀਵਾਲ ਦੀ ਰਿਹਾਇਸ਼ ’ਤੇ ਹੋਈ ਕੁੱਟਮਾਰ

ਮਾਲੀਵਾਲ ਨੇ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ’ਤੇ ਕੁੱਟਮਾਰ ਕਰਨ ਦਾ ਲਗਾਇਆ ਆਰੋਪ ਨਵੀਂ ਦਿੱਲੀ/ਬਿਊਰੋ …