12.4 C
Toronto
Saturday, September 26, 2026
spot_img
Homeਭਾਰਤ'84 ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਬਦਲੇ ਫੂਲਕਾ ਦਾ ਸਨਮਾਨ

’84 ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਬਦਲੇ ਫੂਲਕਾ ਦਾ ਸਨਮਾਨ

’84 ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਬਦਲੇ ਫੂਲਕਾ ਦਾ ਸਨਮਾਨਐਚ ਐਸ ਫੂਲਕਾ ਨੇ ਭਾਜਪਾ ‘ਚ ਸ਼ਾਮਲ ਹੋਣ ਤੋਂ ਕੀਤਾ ਇਨਕਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਐਚ ਐਸ ਫੂਲਕਾ ਨੂੰ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਕਾਨੂੰਨੀ ਲੜਾਈ ਲੜਨ ਬਦਲੇ ਕੇਂਦਰੀ ਮੰਤਰੀ ਵਿਜੈ ਗੋਇਲ ਵਲੋਂ ਕਰਵਾਏ ਗਏ ਇਕ ਸਮਾਗਮ ਵਿਚ ਸਨਮਾਨਿਆ ਗਿਆ। ਇਸ ਮੌਕੇ ਗੋਇਲ ਨੇ ਫੂਲਕਾ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਭਾਜਪਾ ਦੇ ਦਰਵਾਜ਼ੇ ਸਾਰੇ ‘ਚੰਗੇ ਬੰਦਿਆਂ’ ਲਈ ਖੁੱਲ੍ਹੇ ਹਨ। ਫੂਲਕਾ ਇਹ ਤਾਂ ਮੰਨਦੇ ਰਹੇ ਹਨ ਕਿ ਉਹ ਭਾਜਪਾ ਦੇ ਕਈ ਆਗੂਆਂ ਦੇ ਕਰੀਬ ਹਨ ਪਰ ਉਨ੍ਹਾਂ ਕਿਸੇ ਸਿਆਸੀ ਪਾਰਟੀ ਵਿਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ” ਭਾਜਪਾ ਨੇ ਸਿੱਖ ਵਿਰੋਧੀ ਕਤਲੇਆਮ ਦੇ ਪੀੜਤਾਂ ਲਈ ਸਾਡੀ ਲੜਾਈ ਵਿਚ ਹਮੇਸ਼ਾ ਸਾਡਾ ਸਾਥ ਦਿੱਤਾ ਹੈ। ਮੈਂ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸ਼ਾਦ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲਦਾ ਰਿਹਾ ਹਾਂ ਤੇ ਉਹ ਇਸ ਬਾਰੇ ਮੇਰੇ ਸਟੈਂਡ ਦੀ ਹਮਾਇਤ ਕਰਦੇ ਰਹੇ ਹਨ।” ਉਂਝ, ਉਨ੍ਹਾਂ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਹ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ। ਫੂਲਕਾ ਨੇ ਕਿਹਾ ”ਮੈਂ ਕਿਸੇ ਸਿਆਸੀ ਪਾਰਟੀ ਵਿਚ ਸ਼ਾਮਲ ਨਹੀਂ ਹੋ ਰਿਹਾ।”
ਵਿਜੇ ਗੋਇਲ ਨੇ ਆਖਿਆ ਕਿ ਫੂਲਕਾ ਵਧੀਆ ਬੰਦੇ ਹਨ ਅਤੇ ਉਨ੍ਹਾਂ ਦੇ ਦੋਸਤ ਵੀ ਹਨ ਤੇ ਜਿਨ੍ਹਾਂ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਪੀੜਤਾਂ ਨੂੰ ਨਿਆਂ ਦਿਵਾਉਣ ਲਈ ਲੜਾਈ ਲੜੀ ਹੈ। ਉਨ੍ਹਾਂ ਕਿਹਾ ”ਇਸ ਗੱਲ ਨਾਲ ਫ਼ਰਕ ਨਹੀਂ ਪੈਂਦਾ ਕਿ ਉਹ ‘ਆਪ’ ਨਾਲ ਜੁੜੇ ਹੋਏ ਸਨ। ਉਹ ਵਧੀਆ ਬੰਦੇ ਹਨ ਅਤੇ ਚੰਗਾ ਕੰਮ ਕਰਦੇ ਹਨ। ਇਸੇ ਕਰਕੇ ਅਸੀਂ ਉਨ੍ਹਾਂ ਦਾ ਸਨਮਾਨ ਕਰ ਰਹੇ ਹਾਂ। ਲੋਕ ਮੈਥੋਂ ਪੁੱਛਦੇ ਹਨ ਕਿ ਕੀ ਉਹ ਮੇਰੀ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ। ਭਾਜਪਾ ਵਿਚ ਸਾਰੇ ਚੰਗੇ ਲੋਕਾਂ ਨੂੰ ਸ਼ਾਮਲ ਹੋਣਾ ਚਾਹੀਦਾ ਹੈ। ਫੂਲਕਾ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਬਿਨਾ ਕੋਈ ਕਾਰਨ ਦੱਸਿਆਂ ‘ਆਪ’ ਤੋਂ ਅਸਤੀਫ਼ਾ ਦਿੱਤਾ ਸੀ। ਲੰਘੀ 4 ਜਨਵਰੀ ਨੂੰ ਉਹ ਗੋਇਲ ਦੇ ਜਨਮ ਦਿਨ ਮੌਕੇ ਉਨ੍ਹਾਂ ਨੂੰ ਮਿਲੇ ਸਨ ਜਿਸ ਦਿਨ ਤੋਂ ਕਿਆਸ ਲਾਏ ਜਾ ਰਹੇ ਸਨ ਕਿ ਉਹ ਭਾਜਪਾ ਵਿਚ ਜਾ ਰਹੇ ਹਨ। ਗੋਇਲ ਨੇ ਫੂਲਕਾ ਦੇ ਆਪ ਤੋਂ ਅਸਤੀਫ਼ੇ ਬਾਰੇ ਕਿਹਾ ਸੀ ”ਉਨ੍ਹਾਂ ਹਾਲ ਹੀ ਵਿਚ ਆਪ ਛੱਡ ਦਿੱਤੀ ਹੈ। ਦੇਰ ਨਾਲ ਹੀ ਸਹੀ, ਉਨ੍ਹਾਂ ਸਹੀ ਫ਼ੈਸਲਾ ਕੀਤਾ ਹੈ। ਫੂਲਕਾ ਨੇ ਪਿਛਲੀ ਦਿਨੀਂ ਇਕ ਗੈਰ ਸਿਆਸੀ ਜਥੇਬੰਦੀ ਬਣਾ ਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਦੇ ਕਬਜ਼ੇ ਤੋਂ ਮੁਕਤ ਕਰਵਾਉਣ ਦਾ ਐਲਾਨ ਕੀਤਾ ਸੀ। ਦਿਲਚਸਪ ਗੱਲ ਇਹ ਹੈ ਕਿ ਭਾਜਪਾ ਪੰਜਾਬ ਵਿਚ ਬਾਦਲਾਂ ਦੇ ਅਕਾਲੀ ਦਲ ਨੂੰ ਵੀ ਨਾਲ ਲੈ ਕੇ ਚੱਲ ਰਹੀ ਹੈ।

RELATED ARTICLES
POPULAR POSTS