ਅਮਰੀਕਾ, ਇਟਲੀ ਤੇ ਸਪੇਨ ‘ਚ ਮੌਤਾਂ ਦਾ ਸਿਲਸਿਲਾ ਜਾਰੀ
ਨਵੀਂ ਦਿੱਲੀ/ਬਿਊਰੋ ਨਿਊਜ਼ :
ਦੁਨੀਆ ਭਰ ‘ਚ ਕੋਰੋਨਾ ਵਾਇਰਸ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ 7 ਲੱਖ ਨੂੰ ਪਾਰ ਕਰ ਗਈ ਹੈ। ਹੁਣ ਤੱਕ 35 ਹਜ਼ਾਰ ਤੋਂ ਵੱਧ ਮੌਤਾਂ ਹੋ ਚੁਕੀਆਂ ਹਨ ਅਤੇ ਡੇਢ ਲੱਖ ਤੋਂ ਜ਼ਿਆਦਾ ਇਸ ਨਾਮੁਰਾਦ ਬਿਮਾਰੀ ‘ਤੇ ਜਿੱਤ ਵੀ ਹਾਸਲ ਕਰ ਚੁੱਕੇ ਹਨ। ਇਟਲੀ ‘ਚ ਹੁਣ ਤੱਕ ਸਭ ਤੋਂ ਜ਼ਿਆਦਾ 10 ਹਜ਼ਾਰ ਤੋਂ ਵੱਧ ਮੌਤਾਂ ਹੋ ਚੁਕੀਆਂ ਹਨ। ਮੌਤ ਦੇ ਮਾਮਲੇ ‘ਚ ਦੂਸਰੇ ਨੰਬਰ ‘ਤੇ ਸਪੇਨ ਆਉਂਦਾ ਹੈ, ਜਿੱਥੇ 6000 ਤੋਂ ਜ਼ਿਆਦਾ ਵਿਅਕਤੀਆਂ ਦੀ ਮੌਤ ਹੋਈ ਹੈ। ਅਮਰੀਕਾ ‘ਚ ਵੀ 2500 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ ਅਤੇ ਕਰੋਨਾ ਵਾਇਰਸ ਤੋਂ ਪੀੜਤ ਵਿਅਕਤੀਆਂ ਦਾ ਅੰਕੜਾਂ ਡੇਢ ਲੱਖ ਨੂੰ ਟੱਪ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰੈਸ ਕਾਨਫਰੰਸ ਦੌਰਾਨ ਆਖਿਆ ਕਿ ਆਉਂਦੇ ਦੋ ਹਫ਼ਤੇ ਅਮਰੀਕਾ ਲਈ ਬੜੇ ਭਿਆਨਕ ਸਾਬਤ ਹੋ ਸਕਦੇ ਹਨ ਉਨ੍ਹਾਂ ਕਿਹਾ ਕਿ ਜੇਕਰ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਅਮਰੀਕਾ ਵਿਚ 22 ਲੱਖ ਲੋਕਾਂ ਨੂੰ ਆਪਣੇ ਜਾਨ ਗੁਆਉਣੀ ਪੈ ਸਕਦੀ ਹੈ। ਸਪੇਨ ‘ਚ ਕੋਰੋਨਾ ਨਾਲ 24 ਘੰਟਿਆਂ ‘ਚ 800 ਤੋਂ ਵੱਧ ਲੋਕਾਂ ਦੀ ਮੌਤ ਹੋਈ ਗਈ। ਜੇਕਰ ਪਾਕਿਸਤਾਨ ਦੀ ਗੱਲ ਕਰੀਏ ਤਾਂ ਕੋਰੋਨਾ ਤੋਂ ਪੀੜਤ ਵਿਅਕਤੀਆਂ ਦਾ ਅੰਕੜਾ 1500 ਤੋਂ ਪਾਰ ਹੈ। ਭਾਰਤ ‘ਚ ਹੁਣ ਤੱਕ ਕੋਰੋਨਾ ਨਾਲ 36 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੋਨਾ ਤੋਂ ਪੀੜਤ ਵਿਅਕਤੀਆਂ ਗਿਣਤੀ 1100 ਨੂੰ ਟੱਪ ਗਈ ਹੈ।