Breaking News
Home / ਭਾਰਤ / ਪਤਨੀ ਨੂੰ ਗੁਜ਼ਾਰਾ ਭੱਤਾ ਦੇਣ ਲਈ ‘ਬੋਰੀਆਂ’ ਭਰ ਕੇ ਲਿਆਇਆ ਪਤੀ

ਪਤਨੀ ਨੂੰ ਗੁਜ਼ਾਰਾ ਭੱਤਾ ਦੇਣ ਲਈ ‘ਬੋਰੀਆਂ’ ਭਰ ਕੇ ਲਿਆਇਆ ਪਤੀ

ਅਦਾਲਤ ਵੱਲੋਂ ਰਾਸ਼ੀ ਇੱਕ ਤੇ ਦੋ ਰੁਪਏ ਦੇ ਸਿੱਕਿਆਂ ਵਿੱਚ ਦੇਣ ਦੀ ਇਜਾਜ਼ਤ
ਜੈਪੁਰ/ਬਿਊਰੋ ਨਿਊਜ਼ : ਜੈਪੁਰ ਦੀ ਅਦਾਲਤ ਨੇ ਇੱਕ ਵਿਅਕਤੀ ਨੂੰ ਆਪਣੀ ਪਤਨੀ ਨੂੰ 55,000 ਰੁਪਏ ਦਾ ਗੁਜ਼ਾਰਾ ਭੱਤਾ ਇੱਕ ਤੇ ਦੋ ਰੁਪਏ ਦੇ ਸਿੱਕਿਆਂ ਦੇ ਰੂਪ ਵਿੱਚ ਅਦਾ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਪੁਲਿਸ ਨੇ 11 ਮਹੀਨਿਆਂ ਤੋਂ ਗੁਜ਼ਾਰਾ ਭੱਤਾ ਨਾ ਦਿੱਤੇ ਜਾਣ ਕਾਰਨ ਇਸ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਮਗਰੋਂ ਉਸ ਦਾ ਪਰਿਵਾਰ 55 ਹਜ਼ਾਰ ਰੁਪਏ ਦੇ ਇੱਕ ਤੇ ਦੋ ਰੁਪਏ ਦੇ ਸਿੱਕੇ ਸੱਤ ਬੋਰੀਆਂ ਵਿੱਚ ਭਰ ਕੇ ਅਦਾਲਤ ਵਿੱਚ ਪਹੁੰਚ ਗਿਆ। ਉਸ ਦੀ ਪਤਨੀ ਦੇ ਵਕੀਲ ਨੇ ਇਸ ‘ਤੇ ਇਤਰਾਜ਼ ਜਤਾਇਆ ਅਤੇ ਇਸ ਨੂੰ ‘ਮਾਨਸਿਕ ਤੌਰ ‘ਤੇ ਪ੍ਰੇਸ਼ਾਨ’ ਕਰਨਾ ਕਰਾਰ ਦਿੱਤਾ। ਹਾਲਾਂਕਿ, ਜੱਜ ਨੇ ਅਦਾਇਗੀ ਦੀ ਇਜਾਜ਼ਤ ਦੇ ਦਿੱਤੀ ਅਤੇ ਨਾਲ ਹੀ ਕਿਹਾ ਕਿ ਵਿਅਕਤੀ ਅਦਾਲਤ ਵਿੱਚ ਪੈਸਿਆਂ ਦੀ ਗਿਣਤੀ ਕਰੇ ਅਤੇ ਇੱਕ-ਇੱਕ ਹਜ਼ਾਰ ਰੁਪਏ ਦੇ ਪੈਕਟ ਬਣਾ ਕੇ 26 ਜੂਨ ਨੂੰ ਅਗਲੀ ਸੁਣਵਾਈ ਦੌਰਾਨ ਆਪਣੀ ਪਤਨੀ ਨੂੰ ਸੌਂਪੇ। ਇੱਥੋਂ ਦੀ ਪਰਿਵਾਰ ਅਦਾਲਤ (ਫੈਮਿਲੀ ਕੋਰਟ) ਵਿੱਚ ਇੱਕ ਤਲਾਕ ਦਾ ਮਾਮਲਾ ਚੱਲ ਰਿਹਾ ਹੈ। ਅਦਾਲਤ ਨੇ ਪਤੀ ਦਸ਼ਰਥ ਕੁਮਾਵਤ ਨੂੰ ਆਪਣੀ ਪਤਨੀ ਨੂੰ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ ਗੁਜ਼ਾਰਾ ਭੱਤਾ ਦੇਣ ਦਾ ਨਿਰਦੇਸ਼ ਦਿੱਤਾ ਸੀ, ਪਰ ਉਸ ਵੱਲੋਂ ਪਿਛਲੇ 11 ਮਹੀਨਿਆਂ ਤੋਂ ਅਦਾਇਗੀ ਨਹੀਂ ਕੀਤੀ ਗਈ ਸੀ। ਜੈਪੁਰ ਦੇ ਹਰਮਾੜਾ ਇਲਾਕੇ ਵਿੱਚ ਰਹਿਣ ਵਾਲੇ ਦਸ਼ਰਥ ਕੁਮਾਵਤ ਨੂੰ ਪੁਲਿਸ ਨੇ 17 ਜੂਨ ਨੂੰ ਪਰਿਵਾਰ ਅਦਾਲਤ ਨੰਬਰ 1 ਵੱਲੋਂ ਉਸ ਖਿਲਾਫ ਵਸੂਲੀ ਗਾਰੰਟੀ ਜਾਰੀ ਕੀਤੇ ਜਾਣ ਮਗਰੋਂ ਗ੍ਰਿਫ਼ਤਾਰ ਕੀਤਾ ਸੀ। ਪਤੀ ਦੇ ਵਕੀਲ ਰਮਨ ਗੁਪਤਾ ਨੇ ਅੱਜ ਦੱਸਿਆ, ”ਪਤੀ ਵੱਲੋਂ ਰਕਮ ਦੇਣ ਤੋਂ ਇਨਕਾਰ ਕੀਤੇ ਜਾਣ ਕਾਰਨ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪਰਿਵਾਰ ਅਦਾਲਤ ਛੁੱਟੀਆਂ ਕਾਰਨ ਬੰਦ ਸੀ। ਇਸ ਲਈ ਉਸ ਨੂੰ ਵਧੀਕ ਜ਼ਿਲ੍ਹਾ ਜੱਜ ਦੀ ਅਦਾਲਤ ਨੰਬਰ 8 ਦੀ ਲਿੰਕ ਅਦਾਲਤ ਵਿੱਚ ਪੇਸ਼ ਕੀਤਾ ਗਿਆ।”

 

Check Also

ਰਾਹੁਲ ਗਾਂਧੀ ਰਾਏਬਰੇਲੀ ਤੋਂ ਲੜਨਗੇ  ਚੋਣ

ਪਿ੍ਰਅੰਕਾ ਗਾਂਧੀ ਨੇ ਚੋਣ ਲੜਨ ਤੋਂ ਵੱਟਿਆ ਪਾਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਕਾਂਗਰਸ ਪਾਰਟੀ ਦੇ ਸੀਨੀਅਰ …