Breaking News
Home / ਭਾਰਤ / ਸਲਮਾਨ ਖੁਰਸ਼ੀਦ ਨੇ ਦਿੱਤਾ ਵਿਵਾਦਤ ਬਿਆਨ

ਸਲਮਾਨ ਖੁਰਸ਼ੀਦ ਨੇ ਦਿੱਤਾ ਵਿਵਾਦਤ ਬਿਆਨ

ਮੁਸਲਮਾਨਾਂ ਦੇ ਖੂਨ ਨਾਲ ਰੰਗੇ ਹਨ ਕਾਂਗਰਸ ਦੇ ਹੱਥ
ਨਵੀਂ ਦਿੱਲੀ/ਬਿਊਰੋ ਨਿਊਜ਼ : ਸਾਬਕਾ ਕੇਂਦਰੀ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਸਲਮਾਨ ਖ਼ੁਰਸ਼ੀਦ ਨੇ ਇਕ ਵਿਵਾਦਗ੍ਰਸਤ ਬਿਆਨ ਵਿੱਚ ਮੰਨਿਆ ਕਿ ਉਨ੍ਹਾਂ ਦੀ ਪਾਰਟੀ ਦੇ ਹੱਥ ਵੀ ਮੁਸਲਮਾਨਾਂ ਦੇ ਖੂਨ ਨਾਲ ਰੰਗੇ ਹੋਏ ਹਨ। ਉਨ੍ਹਾਂ ਲੰਘੇ ਐਤਵਾਰ ਨੂੰ ਅਲੀਗੜ੍ਹ ਮੁਸਲਿਮ ਯੂਨੀਵਰਸਟੀ ਵਿੱਚ ਇਕ ਸਮਾਗਮ ਦੌਰਾਨ ਮੰਨਿਆ ਕਿ ਕਾਂਗਰਸ ਦੀ ਹਕੂਮਤ ਦੌਰਾਨ ਵੀ ਮੁਲਕ ਵਿੱਚ ਮੁਸਲਿਮ ਵਿਰੋਧੀ ਫ਼ਸਾਦ ਹੁੰਦੇ ਰਹੇ ਹਨ। ਦੂਜੇ ਪਾਸੇ ਕਾਂਗਰਸ ਨੇ ਖ਼ੁਦ ਨੂੰ ਇਸ ਬਿਆਨ ਤੋਂ ਵੱਖ ਕਰ ਲਿਆ ਹੈ।
ਸਮਾਗਮ ਦੌਰਾਨ ਖ਼ੁਰਸ਼ੀਦ ਨੇ ਇਹ ਗੱਲ ਇਕ ਵਿਦਿਆਰਥੀ ਦੀ ਟਿੱਪਣੀ ਦੇ ਜਵਾਬ ਕਹੀ। ਵਿਦਿਆਰਥੀ ਦਾ ਕਹਿਣਾ ਸੀ ਕਿ ਕਾਂਗਰਸ ਦੇ ਹੱਥ ਮੁਸਲਮਾਨਾਂ ਦੇ ਖੂਨ ਨਾਲ ਰੰਗੇ ਹੋਏ ਹਨ ਤੇ ਉਹ ਇਨ੍ਹਾਂ ਦਾਗ਼ਾਂ ਨੂੰ ਧੋਣ ਲਈ ਕੀ ਕਰ ਰਹੀ ਹੈ।
ਇਸ ‘ਤੇ ਖ਼ੁਰਸ਼ੀਦ ਨੇ ਕਿਹਾ, ”ਇਹ ਇਕ ਸਿਆਸੀ ਸਵਾਲ ਹੈ। ਸਾਡੇ ਹੱਥਾਂ ‘ਤੇ ਖੂਨ ਲੱਗਾ ਹੈ। ਮੈਂ ਖ਼ੁਦ ਕਾਂਗਰਸ ਦਾ ਹਿੱਸਾ ਹਾਂ ਤੇ ਮੈਂ ਆਖਦਾ ਹਾਂ ਕਿ ਸਾਡੇ ਹੱਥਾਂ ਨੂੰ ਖੂਨ ਲੱਗਾ ਹੈ।” ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਕਾਂਗਰਸ ਨੂੰ ਦੇਸ਼ ਵਿੱਚ ਮੁਸਲਮਾਨਾਂ ‘ਤੇ ਹੋ ਰਹੇ ਹਮਲਿਆਂ ਖ਼ਿਲਾਫ਼ ਉਨ੍ਹਾਂ ਦੀ ਹਿਫ਼ਾਜ਼ਤ ਲਈ ਅੱਗੇ ਆਉਣ ਤੋਂ ਨਹੀਂ ਰੋਕਿਆ ਜਾ ਸਕਦਾ। ਉਨ੍ਹਾਂ ਕਿਹਾ, ”ਅਸੀਂ ਆਪਣੇ ਹੱਥਾਂ ਨੂੰ ਲੱਗਾ ਖੂਨ ਤੁਹਾਨੂੰ ਦਿਖਾਉਣ ਲਈ ਤਿਆਰ ਹਾਂ ਤਾਂ ਕਿ ਤੁਹਾਨੂੰ ਅਹਿਸਾਸ ਹੋ ਸਕੇ ਕਿ ਤੁਹਾਡੇ ਹੱਥਾਂ ਨੂੰ ਵੀ ਖੂਨ ਨਾ ਲੱਗੇ। ਜੇ ਤੁਸੀਂ ਉਨ੍ਹਾਂ ‘ਤੇ ਹਮਲੇ ਕਰੋਗੇ ਤਾਂ ਤੁਹਾਡੇ ਹੱਥ ਵੀ ਖੂਨ ਨਾਲ ਰੰਗੇ ਜਾਣਗੇ।” ਵਿਦਿਆਰਥੀ ਨੇ ਇਸ ਮੌਕੇ ਕਾਂਗਰਸ ਹਕੂਮਤ ਦੌਰਾਨ ਹੋਏ ਵੱਖ-ਵੱਖ ਕਤਲੇਆਮ ਤੋਂ ਇਲਾਵਾ ‘ਬਾਬਰੀ ਮਸਜਿਦ ਦੇ ਦਰਵਾਜ਼ੇ ਖੋਲ੍ਹੇ ਜਾਣ, ਉਥੇ ਮੂਰਤੀਆਂ ਸਥਾਪਤ ਕੀਤੇ ਜਾਣ ਤੇ ਆਖ਼ਰ ਬਾਬਰੀ ਮਸਜਿਦ ਨੂੰ ਢਾਹ ਦਿੱਤੇ ਜਾਣ’ ਦਾ ਹਵਾਲਾ ਦਿੱਤਾ ਸੀ, ਜੋ ਸਾਰਾ ਕੁਝ ਕਾਂਗਰਸੀ ਹਕੂਮਤਾਂ ਦੌਰਾਨ ਹੋਇਆ ਸੀ।

ਖ਼ੁਰਸ਼ੀਦ ਦੇ ਬਿਆਨ ਤੋਂ ਕਾਂਗਰਸ ਦਾ ਇਤਿਹਾਸ ਸਾਹਮਣੇ ਆਇਆ : ਭਾਜਪਾ
ਸਲਮਾਨ ਖ਼ੁਰਸ਼ੀਦ ਦੇ ਬਿਆਨ ‘ਤੇ ਟਿੱਪਣੀ ਕਰਦਿਆਂ ਭਾਜਪਾ ਨੇ ਕਿਹਾ ਕਿ ਇਸ ਤੋਂ ਕਾਂਗਰਸ ਦੇ ‘ਫ਼ਿਰਕੂ ਦੰਗੇ ਕਰਵਾਉਣ’ ਦੇ ਇਤਿਹਾਸ ਦਾ ਪਤਾ ਲੱਗਦਾ ਹੈ। ਕੇਂਦਰੀ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਕਿਹਾ ਕਿ ਕਾਂਗਰਸ ਹਾਲੇ ਵੀ ਮਹਿਜ਼ ਵੋਟਾਂ ਖ਼ਾਤਰ ਫੁੱਟ ਪਾਊ ਸਿਆਸਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਮੇਸ਼ਾ ‘ਧਰਮ ਨਿਰਪੱਖਤਾ ਦਾ ਨਕਾਬ ਪਾ ਕੇ ਫ਼ਿਰਕਾਪ੍ਰਸਤੀ’ ਕਰਦੀ ਰਹੀ ਹੈ।

Check Also

ਆਮ ਆਦਮੀ ਪਾਰਟੀ ਨੇ ‘ਕੇਜਰੀਵਾਲ ਨੂੰ ਅਸ਼ੀਰਵਾਦ’ ਮੁਹਿੰਮ ਦੀ ਕੀਤੀ ਸ਼ੁਰੂਆਤ

ਅਸ਼ੀਰਵਾਦ ਦੇਣ ਲਈ ਸੁਨੀਤਾ ਕੇਜਰੀਵਾਲ ਨੇ ਵਟਸਐਪ ਨੰਬਰ ਕੀਤਾ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ …