ਕਿਹਾ, ਕਾਂਗਰਸੀ ਆਗੂ ਪਾਰਟੀ ਕਿਉਂ ਛੱਡ ਰਹੇ ਨੇ, ਇਹ ਸੋਚਣ ਵਾਲੀ ਗੱਲ
ਨਵੀਂ ਦਿੱਲੀ/ਬਿਊਰੋ ਨਿਊਜ਼
ਪੰਜਾਬ ਦੀ ਕਾਂਗਰਸ ਸਰਕਾਰ ਵਿਚ ਚੱਲ ਰਹੇ ਸੰਕਟ ਨੂੰ ਲੈ ਕੇ ਹੁਣ ਸੀਨੀਅਰ ਕਾਂਗਰਸੀ ਆਗੂ ਕਪਿਲ ਸਿੱਬਲ ਨੇ ਨਰਾਜ਼ਗੀ ਜ਼ਾਹਰ ਕੀਤੀ ਹੈ ਅਤੇ ਕੈਪਟਨ ਅਮਰਿੰਦਰ ਦਾ ਸਮਰਥਨ ਕੀਤਾ। ਪਾਰਟੀ ਦੀ ਲੀਡਰਸ਼ਿਪ ’ਤੇ ਸਵਾਲ ਉਠਾ ਚੁੱਕੇ ਸਿੱਬਲ ਨੇ ਕਿਹਾ ਕਿ ਕਾਂਗਰਸ ਦਾ ਕੋਈ ਇਲੈਕਟਿਡ ਪ੍ਰਧਾਨ ਨਹੀਂ ਹੈ, ਪਰ ਫੈਸਲਾ ਕੋਈ ਨਾ ਕੋਈ ਤਾਂ ਲੈ ਹੀ ਰਿਹਾ ਹੈ। ਗਲਤ ਹੋਵੇ, ਜਾਂ ਸਹੀ ਹੋਵੇ ਇਸ ’ਤੇ ਚਰਚਾ ਵਰਕਿੰਗ ਕਮੇਟੀ ਵਿਚ ਹੋਣੀ ਚਾਹੀਦੀ ਹੈ। ਸਿੱਬਲ ਨੇ ਕਿਹਾ ਕਿ ਲੋਕ ਕਾਂਗਰਸ ਪਾਰਟੀ ਛੱਡ ਕੇ ਜਾ ਰਹੇ ਹਨ, ਇਹ ਸੋਚਣ ਵਾਲੀ ਗੱਲ ਹੈ। ਸਿੱਬਲ ਹੋਰਾਂ ਕਿਹਾ ਕਿ ਉਹ ਕਾਂਗਰਸ ਨੂੰ ਕਮਜ਼ੋਰ ਹੁੰਦਿਆਂ ਨਹੀਂ ਦੇਖ ਸਕਦੇ। ਕਪਿਲ ਸਿੱਬਲ ਦਾ ਕਹਿਣਾ ਸੀ ਕਿ ਇਹ ਬਹੁਤ ਸਪਸ਼ਟ ਹੈ ਕਿ ਅਸੀਂ ‘ਜੀ ਹੁਜ਼ੂਰ 23’ ਨਹੀਂ ਹਾਂ। ਉਨ੍ਹਾਂ ਕਿਹਾ ਕਿ ਉਹ ਗੱਲ ਕਰਦੇ ਰਹਿਣਗੇ ਅਤੇ ਆਪਣੀਆਂ ਮੰਗਾਂ ਨੂੰ ਦੁਹਰਾਉਂਦੇ ਰਹਿਣਗੇ। ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਕਪਿਲ ਸਿੱਬਲ, ਪਾਰਟੀ ਦੇ ਉਨ੍ਹਾਂ 23 ਆਗੂਆਂ ਵਿਚੋਂ ਇਕ ਹਨ, ਜਿਨ੍ਹਾਂ ਨੇ ਪਿਛਲੇ ਸਾਲ ਕਾਂਗਰਸ ਪ੍ਰਧਾਨ ਨੂੰ ਇਕ ਪੱਤਰ ਲਿਖਿਆ ਸੀ, ਜਿਸ ਵਿਚ ਮੰਗ ਕੀਤੀ ਗਈ ਸੀ ਕਿ ਪਾਰਟੀ ਦੇ ਢਾਂਚੇ ਵਿਚ ਸੁਧਾਰ ਕੀਤਾ ਜਾਵੇ।