ਨਵੀਂ ਦਿੱਲੀ/ਬਿਊਰੋ ਨਿਊਜ਼
ਦੇਸ਼ ‘ਚ ਪਹਿਲੀ ਵਾਰ ਪਲਾਜ਼ਮਾ ਥੈਰੇਪੀ ਨਾਲ ਗੰਭੀਰ ਹਾਲਤ ਵਾਲੇ 49 ਸਾਲਾ ਕੋਰੋਨਾ ਪੀੜਤ ਮਰੀਜ਼ ਦਾ ਸਫ਼ਲ ਇਲਾਜ ਦਿੱਲੀ ਦੇ ਸਾਕੇਤ ਮੈਕਸ ਹਸਪਤਾਲ ‘ਚ ਕੀਤਾ ਗਿਆ। ਪਲਾਜ਼ਮਾ ਥੈਰੇਪੀ ਦੇਣ ਮਗਰੋਂ ਮਰੀਜ਼ ਚੌਥੇ ਦਿਨ ਹੀ ਵੈਂਟੀਲੇਟਰ ਤੋਂ ਬਾਹਰ ਆ ਗਿਆ। ਹੁਣ ਉਸ ਨੂੰ ਆਈਸੀਯੂ ਤੋਂ ਦੂਜੇ ਵਾਰਡ ‘ਚ ਸ਼ਿਫ਼ਟ ਕਰ ਦਿੱਤਾ ਗਿਆ ਹੈ। ਹਸਪਤਾਲ ਦੇ ਡਾਕਟਰ ਇਸ ਨੂੰ ਉਮੀਦ ਦੀ ਨਵੀਂ ਕਿਰਨ ਵਜੋਂ ਵੇਖ ਰਹੇ ਹਨ। ਹਸਪਤਾਲ ਦੇ ਡਾਇਰੈਕਟਰ ਡਾ. ਸੰਦੀਪ ਬੁੱਧੀਰਾਜਾ ਨੇ ਦੱਸਿਆ ਕਿ ਕੋਰੋਨਾ ਤੋਂ ਠੀਕ ਹੋਏ ਇੱਕ ਵਿਅਕਤੀ ਤੋਂ ਪਲਾਜ਼ਮਾ ਲੈ ਕੇ ਆਈਸੀਯੂ ‘ਚ ਦਾਖਲ 49 ਸਾਲਾ ਵਿਅਕਤੀ ਨੂੰ ਚੜ੍ਹਾਇਆ ਗਿਆ ਸੀ। ਇਹ ਮਰੀਜ਼ ਦਿੱਲੀ ਦੇ ਡਿਫੈਂਸ ਕਾਲੋਨੀ ਦਾ ਵਸਨੀਕ ਹੈ। ਇਹ ਇਲਾਜ ਉਸ ਉੱਤੇ ਕਾਰਗਰ ਸਾਬਤ ਹੋਇਆ। ਹੁਣ ਉਸ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ।