ਮੁਰਾਦਾਬਾਦ/ਬਿਊਰੋ ਨਿਊਜ਼ : ਭਾਰਤ ਨੂੰ ਬੇਈਮਾਨਾਂ ਤੋਂ ਆਜ਼ਾਦੀ ਦਿਵਾਉਣ ਦਾ ਸੰਕਲਪ ਦੁਹਰਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਟਬੰਦੀ ਤੋਂ ਬਾਅਦ ਬੈਂਕਾਂ ਤੇ ਏਟੀਐਮਾਂ ਅੱਗੇ ਲੰਮੀਆਂ ਕਤਾਰਾਂ ਲੱਗਣ ਬਾਰੇ ਕਿਹਾ ਕਿ ਮਿੱਟੀ ਦਾ ਤੇਲ ਤੇ ਚੀਨੀ ਲੈਣ ਲਈ ਵੀ 70 ਸਾਲ ਤੋਂ ਕਤਾਰਾਂ ਲਗਾ ਰਹੀ ਜਨਤਾ ਤੋਂ ਉਹ ਆਖ਼ਰੀ ਵਾਰ ਕਤਾਰ ਲਗਵਾ ਰਹੇ ਹਨ। ਦੇਸ਼ ਨੂੰ ਨਕਦੀ ਲੈਣ-ਦੇਣ ਤੋਂ ਮੁਕਤੀ ਦਾ ਸੱਦਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਮੋਬਾਈਲ ਰਾਹੀਂ ਖਰੀਦੋ-ਫਰੋਖ਼ਤ ਕਰਨ ਦਾ ਸੁਝਾਅ ਦਿੱਤਾ ਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਵਾਸੀਆਂ ਨੂੰ ਮੋਬਾਈਲ ਰਾਹੀਂ ਲੈਣ-ਦੇਣ ਕਰਨਾ ਸਿਖਾਉਣ। ਇਥੇ ਭਾਜਪਾ ਦੀ ਪਰਿਵਰਤਨ ਯਾਤਰਾ ਤਹਿਤ ਕਰਵਾਈ ਜਨ ਸਭਾ ਵਿੱਚ ਉਨ੍ਹਾਂ ਕਿਹਾ ਕਿ ਤੁਸੀਂ ਉਹ ਸਰਕਾਰਾਂ ਵੀ ਦੇਖੀਆਂ ਹਨ ਜੋ ਆਪਣੇ ਲਈ ઠਕੰਮ ਕਰਦੀਆਂ ਹਨ। ਆਪਣਿਆਂ ਲਈ ਕੰਮ ਕਰਨ ਵਾਲੀਆਂ ਸਰਕਾਰਾਂ ਬਹੁਤ ਘੱਟ ਆਈਆਂ। ਦੇਸ਼ ਵਾਸੀਆਂ ਲਈ ਕੰਮ ਕਰਨ ਵਾਲੀ ਸਰਕਾਰ ਭਾਜਪਾ ਦੀ ਹੀ ਹੈ। ਇਸ ਮੁਲਕ ਨੂੰ ਭ੍ਰਿਸ਼ਟਾਚਾਰ ਨੇ ਬਰਬਾਦ ਕਰ ਦਿੱਤਾ ਹੈ। ਗਰੀਬ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਹੈ। ਸਾਰੀਆਂ ਮੁਸੀਬਤਾਂ ਦੀ ਜੜ੍ਹ ਭ੍ਰਿਸ਼ਟਾਚਾਰ ਹੈ। ਉਨ੍ਹਾਂ ਕਿਹਾ ਕਿ ਉਹ ਇਸ ਨੂੰ ਖ਼ਤਮ ਕਰ ਰਹੇ ਹਨ ਤੇ ਇਹੀ ਉਨ੍ਹਾਂ ਦਾ ਗੁਨਾਹ ਹੈ। ਪ੍ਰਧਾਨ ਮੰਤਰੀ ਨੇ ਆਪਣੇ ਆਪ ਨੂੰ ਫਕੀਰ ਕਰਾਰ ਦਿੰਦਿਆਂ ਕਿਹਾ ਕਿ ਇਸੇ ਫਕੀਰੀ ਨੇ ਉਨ੍ਹਾਂ ਨੂੰ ਗਰੀਬਾਂ ਲਈ ਲੜਨ ਦੀ ਤਾਕਤ ਦਿੱਤੀ ਹੈ। ਨੋਟਬੰਦੀ ਬਾਰੇ ਉਨ੍ਹਾਂ ਕਿਹਾ ਕਿ ਗਰੀਬਾਂ ਦਾ ਹੱਕ ਖੋਹਣ ਵਾਲਿਆਂ ਨੂੰ ਹੁਣ ਹਿਸਾਬ ਦੇਣਾ ਹੋਵੇਗਾ। ਉਨ੍ਹਾਂ ਕਿਹਾ ਕਿ ਜਿਸ ਦਾ ਵੀ ਜਨ ਧਨ ਖਾਤਾ ਹੈ ਉਨ੍ਹਾਂ ਦੇ ਖਾਤਿਆਂ ਵਿੱਚ ਜਿਨ੍ਹਾਂ ਨੇ ਪਾਸੇ ਪਾਏ ਹਨ ਉਨ੍ਹਾਂ ਨੂੰ ਪਾਸੇ ਨਾ ਕੱਢਣ ਦਿਓ। ਉਹ ਅਮਰੀਜ਼ਾਦੇ ਗਰੀਬਾਂ ਦੇ ਪੈਰਾਂ ਵਿੱਚ ਪੈ ਜਾਣਗੇ। ਇਸ ਮੁਲਕ ਵਿੱਚ ਅਮੀਰਾਂ ਨੇ ਕਦੇ ਵੀ ਗਰੀਬਾਂ ਦੇ ਪੈਰ ਨਹੀਂ ਫੜੇ ਪਰ ਹੁਣ ਉਹ ਪੈਰਾਂ ਵਿੱਚ ਡਿੱਗਣਗੇ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਰਗੇ ਦੇਸ਼ ਦੇ ਵੱਡੇ ਰਾਜਾਂ ਵਿੱਚੋਂ ਗਰੀਬੀ ਹਟਾਈ ਜਾਵੇ ਤਾਂ ਹੀ ਦੇਸ਼ ਗਰੀਬੀ ਮੁਕਤ ਹੋਵੇਗਾ।
Check Also
ਸੁਪਰੀਮ ਕੋਰਟ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦਿੱਤੀ ਨਸੀਹਤ
ਕਿਹਾ : ਹਾਈਵੇਅ ਨਾ ਰੋਕੇ ਅਤੇ ਲੋਕਾਂ ਦੀਆਂ ਸਹੂਲਤਾਂ ਦਾ ਰੱਖੋ ਧਿਆਨ ਨਵੀਂ ਦਿੱਲੀ/ਬਿਊਰੋ ਨਿਊਜ਼ …