ਚੇਨਈ/ਬਿਊਰੋ ਨਿਊਜ਼ : ਤਾਮਿਲਨਾਡੂ ਦੀ ਕ੍ਰਿਸ਼ਮਈ ਮੁੱਖ ਮੰਤਰੀ ਜੇ. ਜੈਲਲਿਤਾ ਨੂੰ ਮੰਗਲਵਾਰ ਇਥੇ ਲੱਖਾਂ ਵਿਲਕਦੇ ਲੋਕਾਂ ਨੇ ਹੰਝੂਆਂ ਭਰੀ ਅੰਤਿਮ ਵਿਦਾਇਗੀ ਦਿੱਤੀ।
ਆਪਣੇ ਗ਼ਰੀਬ-ਪੱਖੀ ਅਕਸ ਸਦਕਾ ਤਿੰਨ ਦਹਾਕਿਆਂ ਤੱਕ ਸੂਬੇ ਦੀ ਸਿਆਸਤ ਉਤੇ ਛਾਈ ਰਹੀ ਅੰਨਾ ਡੀਐਮਕੇ ਮੁਖੀ ਬੀਬੀ ਜੈਲਲਿਤਾ (68 ਸਾਲ) ਨੂੰ ਪੂਰੇ ਸਰਕਾਰੀ ਸਨਮਾਨਾਂ ਨਾਲ ਇਥੇ ਸਪੁਰਦ-ਏ-ਖ਼ਾਕ ਕੀਤਾ ਗਿਆ। ਉਨ੍ਹਾਂ ਕਰੀਬ 75 ਦਿਨ ਮੌਤ ਨਾਲ ਜੂਝਣ ਤੋਂ ਬਾਅਦ ਸੋਮਵਾਰ ਰਾਤ ਕਰੀਬ 11.30 ਵਜੇ ਇਥੇ ਇਕ ਨਿਜੀ ਹਸਪਤਾਲ ਵਿੱਚ ਆਖ਼ਰੀ ਸਾਹ ਲਿਆ। ਰਾਸ਼ਟਰਪਤੀ ਪ੍ਰਣਬ ਮੁਖਰਜੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ, ਕੇਂਦਰੀ ਮੰਤਰੀ ਐਮ. ਵੈਂਕਈਆ ਨਾਇਡੂ, ਨਵੇਂ ਬਣੇ ਮੁੱਖ ਮੰਤਰੀ ਓ. ਪਨੀਰਸੇਲਵਮ, ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀਆਂ, ਰਾਜਪਾਲ ਵਿਦਿਆਸਾਗਰ ਰਾਓ, ਡੀਐਮਕੇ ਆਗੂ ਐਮ.ਕੇ. ਸਟਾਲਿਨ ਅਤੇ ਸੁਪਰਸਟਾਰ ਰਜਨੀਕਾਂਤ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਵਾਲਿਆਂ ਵਿੱਚ ਸ਼ਾਮਲ ਸਨ। ਉਨ੍ਹਾਂ ਦੀ ਦੇਹ ਆਖ਼ਰੀ ਦਰਸ਼ਨਾਂ ਲਈ ਇਥੇ ਰਾਜਾਜੀ ਹਾਲ ਵਿੱਚ ਰੱਖੀ ਗਈ ਸੀ। ਉਨ੍ਹਾਂ ਦੀ ਪੱਕੀ ਸਹੇਲੀ ਸ਼ਸ਼ੀਕਲਾ ਨਟਰਾਜਨ ਸਾਰਾ ਦਿਨ ਮ੍ਰਿਤਕ ਦੇਹ ਕੋਲ ਬੈਠੀ ਰਹੀ ਤੇ ਉਨ੍ਹਾਂ ਨੇ ਹੀ ਬੀਬੀ ਜੈਲਲਿਤਾ ਦੀਆਂ ਸਾਰੀਆਂ ਅੰਤਿਮ ਰਸਮਾਂ ਨਿਭਾਈਆਂ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …