Breaking News
Home / ਭਾਰਤ / ਵਿਜੈ ਮਾਲਿਆ ਖਿਲਾਫ ਵਾਰੰਟ ਜਾਰੀ

ਵਿਜੈ ਮਾਲਿਆ ਖਿਲਾਫ ਵਾਰੰਟ ਜਾਰੀ

Vijay Malya copy copyਚੈੱਕ ਬਾਊਂਸ ਦੇ ਮਾਮਲੇ ਵਿਚ ਨਿਕਲੇ ਗ਼ੈਰ ਜ਼ਮਾਨਤੀ ਵਾਰੰਟ, 13 ਅਪਰੈਲ ਤੱਕ ਅਦਾਲਤ ‘ਚ ਹੋਣਾ ਪਏਗਾ ਪੇਸ਼
ਨਵੀਂ ਦਿੱਲੀ/ਬਿਊਰੋ ਨਿਊਜ਼
ਵਿਵਾਦਾਂ ਵਿਚ ਘਿਰੇ ਕਾਰੋਬਾਰੀ ਵਿਜੈ ਮਾਲਿਆ (60) ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਹੈਦਰਾਬਾਦ ਦੀ ਅਦਾਲਤ ਨੇ ਚੈੱਕ ਬਾਊਂਸ ਦੇ ਇਕ ਮਾਮਲੇ ਵਿਚ ਪੇਸ਼ ਨਾ ਹੋਣ ‘ਤੇ ਮਾਲਿਆ ਖ਼ਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਹਨ। ਉਂਜ ਈਡੀ ਨੇ ਮਾਲਿਆ ਨੂੰ 18 ਮਾਰਚ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਉਧਰ ਮਾਲਿਆ ਨੇ ਕਿਹਾ ਹੈ ਕਿ ਭਾਰਤ ਪਰਤਣ ਦਾ ਮਾਕੂਲ ਸਮਾਂ ਨਹੀਂ ਹੈ। ઠਜੀਐਮਆਰ ਹੈਦਰਾਬਾਦ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਨੂੰ ਦਿੱਤੇ ਗਏ 50 ਲੱਖ ਰੁਪਏ ਦਾ ਚੈੱਕ ਬਾਊਂਸ ਹੋਣ ਤੋਂ ਬਾਅਦ ਅਦਾਲਤ ਵੱਲੋਂ ਮਾਲਿਆ ਖ਼ਿਲਾਫ਼ ਇਹ ਹੁਕਮ ਜਾਰੀ ਕੀਤੇ ਗਏ ਹਨ। ਇਸ ਦੌਰਾਨ ਕੇਂਦਰੀ ਕਿਰਤ ਮੰਤਰੀ ਬੰਡਾਰੂ ਦੱਤਾਤ੍ਰੇਅ ਨੇ ਕਿਹਾ ਹੈ ਕਿ ਮਾਲਿਆ ਦੀ ਕਿੰਗਫ਼ਿਸ਼ਰ ਏਅਰਲਾਈਨਜ਼ ਵਿਚ ਮੁਲਾਜ਼ਮਾਂ ਦੇ ਪ੍ਰਾਵੀਡੈਂਟ ਫੰਡ ਨਾਲ ਛੇੜਖਾਨੀ ਦੀ ਜਾਂਚ ਵੀ ਕੀਤੀ ਜਾਏਗੀ। ਮਾਲਿਆ ਖ਼ਿਲਾਫ਼ ਵੱਖ-ਵੱਖ ਬੈਂਕਾਂ ਤੋਂ ਲਏ ਗਏ 9 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਨਾ ਮੋੜਨ ‘ਤੇ ਕਾਰਵਾਈ ਆਰੰਭੀ ਗਈ ਹੈ। ਹੈਦਰਾਬਾਦ ਵਿਚ ਵਧੀਕ ਚੀਫ਼ ਮੈਟਰੋਪਾਲਿਟਨ ਮੈਜਿਸਟਰੇਟ ਨੇ 10 ਮਾਰਚ ਨੂੰ ਏਅਰਲਾਈਨ ਕੰਪਨੀ, ਮਾਲਿਆ ਅਤੇ ਕੰਪਨੀ ਦੇ ਹੋਰ ਸੀਨੀਅਰ ਅਧਿਕਾਰੀਆਂ ਖ਼ਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ। ਅਦਾਲਤ ਨੇ ਮਾਮਲੇ ਦੀ ਸੁਣਵਾਈ 13 ਅਪਰੈਲ ਲਈ ਮੁਲਤਵੀ ਕਰ ਦਿੱਤੀ ਹੈ। ਮਾਲਿਆ ਦੇ ਵਕੀਲ ਐਚ ਸੁਧਾਕਰ ਰਾਓ ਨੇ ਕਿਹਾ ਹੈ ਕਿ ਉਹ ਗ਼ੈਰ ਜ਼ਮਾਨਤੀ ਵਾਰੰਟ ਰੱਦ ਕਰਾਉਣ ਲਈ ਹਾਈ ਕੋਰਟ ਦਾ ਰੁਖ਼ ਕਰਨਗੇ। ਜੀਐਮਆਰ ਦੇ ਵਕੀਲ ਜੀ ਅਸ਼ੋਕ ਰੈੱਡੀ ਨੇ ਕਿਹਾ ਕਿ ਮਾਲਿਆ ਅਤੇ ਹੋਰਾਂ ਨੇ 10 ਮਾਰਚ ਨੂੰ ਅਦਾਲਤ ਵਿਚ ਪੇਸ਼ ਹੋਣਾ ਸੀ ਪਰ ਉਨ੍ਹਾਂ ਦੀ ਗ਼ੈਰ-ਹਾਜ਼ਰੀ ਕਾਰਨ ਗ਼ੈਰ ਜ਼ਮਾਨਤੀ ਵਾਰੰਟ ਕੱਢੇ ਗਏ ਹਨ ਜਿਨ੍ਹਾਂ ‘ਤੇ 13 ਅਪਰੈਲ ਤੱਕ ਤਾਮੀਲ ਕਰਨੀ ਹੈ। ਉਸ ਨੇ ਕਿਹਾ ਕਿ 8 ਕਰੋੜ ਰੁਪਏ ਦੀ ਅਦਾਇਗੀ ਨਾਲ ਸਬੰਧਤ ਕੁੱਲ 11 ਕੇਸ ਹਨ ਅਤੇ ਇਹ ਗ਼ੈਰ ਜ਼ਮਾਨਤੀ ਵਾਰੰਟ 50 ਲੱਖ ਰੁਪਏ ਦਾ ਚੈੱਕ ਬਾਊਂਸ ਹੋਣ ‘ਤੇ ਜਾਰੀ ਕੀਤੇ ਗਏ ਹਨ। ‘ਦਿ ਸੰਡੇ ਗਾਰਜੀਅਨ’ ਨੂੰ ਈ-ਮੇਲ ਇੰਟਰਵਿਊ ਰਾਹੀਂ ਭੇਜੇ ਇੰਟਰਵਿਊ ਵਿਚ ਮਾਲਿਆ ਨੇ ਕਿਹਾ ਹੈ, ”ਮੈਂ ਦਿਲੋਂ ਭਾਰਤੀ ਹਾਂ ਅਤੇ ਦੇਸ਼ ਪਰਤਣਾ ਚਾਹੁੰਦਾ ਹਾਂ ਪਰ ਮੈਨੂੰ ਯਕੀਨ ਨਹੀਂ ਕਿ ਮੈਨੂੰ ਆਪਣਾ ਪੱਖ ਰੱਖਣ ਦਾ ਮੌਕਾ ਮਿਲੇਗਾ। ਇਸ ਲਈ ਭਾਰਤ ਪਰਤਣ ਦਾ ਇਹ ਸਹੀ ਮਾਹੌਲ ਨਹੀਂ ਹੈ।”
ਇਕ ਹੋਰ ਵੱਖਰੇ ਟਵੀਟ ਵਿਚ ਉਸ ਨੇ ਕਿਹਾ ਕਿ ਮੀਡੀਆ ਵੱਲੋਂ ਇੰਗਲੈਂਡ ‘ਚ ਉਸ ਦਾ ‘ਸ਼ਿਕਾਰ’ ਯਾਨੀ ਪਿੱਛਾ ਕੀਤਾ ਜਾ ਰਿਹਾ ਹੈ। ਮਾਲਿਆ ਦੇ ਵਿਵਾਦਾਂ ਵਿਚ ਫਸਣ ਤੋਂ ਬਾਅਦ ਕੇਂਦਰੀ ਵਿੱਤ ਰਾਜ ਮੰਤਰੀ ਜਯੰਤ ਸਿਨਹਾ ਨੇ ਕਿਹਾ ਕਿ ਜਾਣਬੁੱਝ ਕੇ ਕਰਜ਼ੇ ਨਾ ਮੋੜਨ ਵਾਲਿਆਂ ਨੂੰ ਅਦਾਲਤ ਦੇ ਕਟਹਿਰੇ ਵਿਚ ਖੜ੍ਹਾ ਕਰਨ ਲਈ ਪੂਰੀ ਵਾਹ ਲਾਈ ਜਾ ਰਹੀ ਹੈ। ਉਂਜ ਉਨ੍ਹਾਂ ਮਾਲਿਆ ਦਾ ਸਿੱਧਾ ਕੋਈ ਜ਼ਿਕਰ ਨਹੀਂ ਕੀਤਾ ਜੋ 2 ਮਾਰਚ ਨੂੰ ਭਾਰਤ ਛੱਡ ਕੇ ਲੰਡਨ ਚਲਾ ਗਿਆ ਹੈ।
ਮਾਲਿਆ ਪਹਿਲੀ ਮਾਰਚ ਨੂੰ ਰਾਜ ਸਭਾ ‘ਚ ਸੀ ਹਾਜ਼ਰ
ਨਵੀਂ ਦਿੱਲੀ: ਯੂਬੀ ਗਰੁੱਪ ਦੇ ਚੇਅਰਮੈਨ ਵਿਜੈ ਮਾਲਿਆ ਨੇ ਦੇਸ਼ ਛੱਡਣ ਤੋਂ ਇਕ ਦਿਨ ਪਹਿਲਾਂ ਰਾਜ ਸਭਾ ਵਿਚ ਆਪਣੀ ਹਾਜ਼ਰੀ ਵੀ ਲਵਾਈ ਸੀ। ਰਾਜ ਸਭਾ ਦੇ ਹਾਜ਼ਰੀ ਰਜਿਸਟਰ ਮੁਤਾਬਕ ਸ਼ਰਾਬ ਕਾਰੋਬਾਰੀ ਮੌਜੂਦਾ ਬਜਟ ਇਜਲਾਸ ਦੌਰਾਨ ਪਹਿਲੀ ਮਾਰਚ ਨੂੰ ਰਾਜ ਸਭਾ ਵਿਚ ਮੌਜੂਦ ਸੀ। ਉਂਜ ਰਾਜ ਸਭਾ ਮੈਂਬਰ ਵਜੋਂ ਉਹ ਕੁਲ 424 ਬੈਠਕਾਂ ਵਿਚੋਂ 121 ਦਿਨ ਸਦਨ ਅੰਦਰ ਮੌਜੂਦ ਰਿਹਾ। ਮਾਲਿਆ ਆਜ਼ਾਦ ਤੌਰ ‘ਤੇ ਰਾਜ ਸਭਾ ਦਾ ਪਹਿਲੀ ਜੁਲਾਈ 2010 ਨੂੰ ਮੈਂਬਰ ਬਣਿਆ ਸੀ ਅਤੇ ਉਸ ਦੀ ਮਿਆਦ 30 ਜੂਨ ਨੂੰ ਖ਼ਤਮ ਹੋ ਰਹੀ ਹੈ। ਉਹ ਪਹਿਲਾਂ 10 ਅਪਰੈਲ 2002 ਤੋਂ ਅਪਰੈਲ 2008 ਤੱਕ ਰਾਜ ਸਭਾ ਮੈਂਬਰ ਰਿਹਾ।

Check Also

ਈਡੀ ਨੇ ਸ਼ਿਲਪਾ ਸ਼ੈਟੀ ਅਤੇ ਰਾਜਕੁੰਦਰਾ ਦੀ 97.79 ਕਰੋੜ ਰੁਪਏ ਦੀ ਪ੍ਰਾਪਰਟੀ ਕੀਤੀ ਕੁਰਕ

ਮਨੀ ਲਾਂਡਰਿੰਗ ਦੇ ਮਾਮਲੇ ’ਚ ਈਡੀ ਵੱਲੋਂ ਕੀਤੀ ਗਈ ਕਾਰਵਾਈ ਮੁੰਬਈ/ਬਿਊਰੋ ਨਿਊਜ਼ : ਇਨਫੋਰਸਮੈਂਟ ਡਾਇਰੈਕਟੋਰੇਟ …