Breaking News
Home / ਘਰ ਪਰਿਵਾਰ / ਇਤਿਹਾਸ ਦੀ ਵਿਲੱਖਣ ਲੜਾਈ

ਇਤਿਹਾਸ ਦੀ ਵਿਲੱਖਣ ਲੜਾਈ

ਸਾਰਾਗੜ੍ਹੀ
ਜੱਗਾ ਸਿੰਘ ਆਦਮਕੇ
ਸਾਰਾਗੜ੍ਹੀ ਦੀ ਲੜਾਈ ਵਿਸ਼ਵ ਦੀਆਂ ਵਿਲੱਖਣ ਲੜਾਈਆਂ ਵਿਚੋਂ ਇਕ ਹੈ। ਇਹ ਲੜਾਈ ਬਰਤਾਨਵੀ ਭਾਰਤੀ ਸੈਨਾ ਵਲੋਂ 36ਵੀਂ ਸਿੱਖ ਰੈਜੀਮੈਂਟ ਦੇ 21 ਬਹਾਦਰ ਸਿੱਖ ਸੈਨਿਕਾਂ ਅਤੇ ਅਫਗਾਨੀ ਪਠਾਣਾ ਦੇ ਹਜ਼ਾਰਾਂ ਉੜਕਜ਼ਈ ਅਤੇ ਅਫਰੀਕੀ ਕਬਾਈਲੀਆਂ ਵਿਚਕਾਰ 12 ਸਤੰਬਰ 1897 ਈਸਵੀ ਨੂੰ ਸਾਰਾਗੜ੍ਹੀ ਵਿਚ ਲੜੀ ਗਈ। ਸਾਰਾਗੜ੍ਹੀ ਬਰਤਾਨਵੀ ਫਰੰਟੀਅਰ ਅਤੇ ਅਫਗਾਨਿਸਤਾਨ ਦੀ ਸਰਹੱਦ ਦੇ ਨੇੜੇ ਅਤੇ ਮੌਜੂਦਾ ਸਮੇਂ ਪਾਕਿਸਤਾਨ ਦੇ ਪ੍ਰਾਂਤ ਖੈਬਰ ਪਖਤੂਨਵਾ ਦੇ ਜ਼ਿਲ੍ਹਾ ਕੋਹਾਟ ਵਿਚ ਸਮਾਨਾ ਦੀ ਘਾਟੀ ਵਿਚ ਸਥਿਤ ਹੈ। ਇਸ ਖੇਤਰ ਨੂੰ ਵਜ਼ੀਰਾਸਤਾਨ ਦਾ ਇਲਾਕਾ ਵੀ ਕਿਹਾ ਜਾਂਦਾ ਹੈ। ਅੰਗਰੇਜ਼ਾਂ ਵਲੋਂ ਲੋਕਹਾਰਟ ਅਤੇ ਗੁਲਿਸਤਾਨ ਕਿਲ੍ਹਿਆਂ ਦੀ ਆਪਸ ਵਿਚ 6 ਕਿਲੋਮੀਟਰ ਦੂਰੀ ਦੇ ਵਿਚਕਾਰ ਨੀਵੀਂ ਥਾਂ ‘ਤੇ ਦੋਹਾਂ ਕਿਲ੍ਹਿਆਂ ਨੂੰ ਝੰਡੇ ਦੁਆਰਾ ਸਿੰਗਨਲ ਦੇਣ ਦੇ ਉਦੇਸ਼ ਨਾਲ ਸਾਰਾਗੜ੍ਹੀ ਦੀ ਚੌਕੀ ਸਥਾਪਿਤ ਕੀਤੀ ਗਈ ਸੀ। ਇਹ ਖੇਤਰ ਮਹਾਰਾਜਾ ਰਣਜੀਤ ਸਿੰਘ ਦੇ ਵਾਰਿਸਾਂ ਕੋਲੋਂ ਅੰਗਰੇਜ਼ਾਂ ਦੇ ਅਧਿਕਾਰ ਵਿਚ ਚਲਿਆ ਗਿਆ ਸੀ। ਪਰ ਇਸ ਖੇਤਰ ਦੇ ਅਫਗਾਨੀ ਕਬਾਇਲੀ ਪਠਾਣ ਬਰਤਾਨਵੀ ਭਾਰਤੀ ਸਰਕਾਰ ਦੀ ਅਧੀਨਗੀ ਮੰਨਣ ਲਈ ਤਿਆਰ ਨਹੀਂ ਸਨ। ਉਨ੍ਹਾਂ ਨੇ 1896 ਈਸਵੀ ਵਿਚ ਬਰਤਾਨਵੀ ਭਾਰਤੀ ਸਰਕਾਰ ਵਿਰੁੱਧ ਬਗਾਵਤ ਦਾ ਝੰਡਾ ਚੁੱਕ ਲਿਆ ਸੀ।
ਅਗਸਤ 1897 ਈਸਵੀ ਵਿਚ ਅੰਗਰੇਜ਼ ਸੈਨਾ ਨੂੰ ਜਾਣਕਾਰੀ ਮਿਲੀ ਕਿ ਅਫਗਾਨੀ ਪਠਾਣਾਂ ਦੇ ਉੜਕਜ਼ਈ ਅਤੇ ਅਫਰੀਕੀ ਕਬਾਇਲੀ ਚਾਂਗਰੂ, ਸਮਪਾਗ ਅਤੇ ਖਟਕੀ ਵਾਦੀਆਂ ਵਿਚ ਇਕੱਠੇ ਹੋ ਗਏ ਹਨ। ਇਨ੍ਹਾਂ ਦੀ ਇਥੋਂ ਲੋਕਹਾਰਟ ਅਤੇ ਗੁਲਿਸਤਾਨ ਕਿਲ੍ਹਿਆਂ ‘ਤੇ ਹਮਲਾ ਕਰਨ ਦੀ ਯੋਜਨਾ ਹੈ। ਕਰਨਲ ਹੈਗਟਨ ਦੀ ਅਗਵਾਈ ਵਿਚ ਬਰਤਾਨਵੀ ਸੈਨਾ ਨੇ ਇਨ੍ਹਾਂ ਕਬਾਇਲੀ ਹਮਲਾਵਰਾਂ ਨੂੰ ਅੱਗੇ ਵਧਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ।
27 ਅਗਸਤ 1897 ਈਸਵੀ ਤੋਂ 11 ਸਤੰਬਰ 1897 ਈਸਵੀ ਤੱਕ ਇਹ ਕਬਾਇਲੀਆਂ ਅਤੇ ਬਰਤਾਨਵੀ ਭਾਰਤੀ ਸੈਨਾ ਵਿਚੋਂ ਕਈ ਝੜਪਾਂ ਹੋਈਆਂ। ਇਸ ਸਮੇਂ ਕਬਾਇਲੀ ਪਠਾਣ ਗੁਲਿਸਤਾਨ ਅਤੇ ਲੋਕਹਾਰਟ ਕਿੱਿਲ੍ਹਆਂ ‘ਤੇ ਕਬਜ਼ਾ ਕਰਨ ਵਿਚ ਬੁਰੀ ਤਰ੍ਹਾਂ ਅਸਫਲ ਰਹੇ।
ਆਪਣੀ ਇਸ ਅਸਫਲਤਾ ਤੋਂ ਬਾਅਦ ਇਨ੍ਹਾਂ ਕਬਾਇਲੀਆਂ ਨੇ ਸਾਰਾਗੜ੍ਹੀ ਦੀ ਚੌਕੀ ‘ਤੇ ਹਮਲਾ ਕਰਨ ਦਾ ਫੈਸਲਾ ਕੀਤਾ। ਉਸ ਸਮੇਂ ਸਾਰਾਗੜ੍ਹੀ ਚੌਕੀ ਵਿਚ ਕੇਵਲ 21 ਸਿੱਖ ਸੈਨਿਕ ਮੌਜੂਦ ਸਨ। ਇਨ੍ਹਾਂ ਸੈਨਿਕਾਂ ਕੋਲ ਗੋਲੀ ਸਿੱਕਾ ਵੀ ਸੀਮਤ ਰਿਹਾ ਸੀ। ਚੌਕੀ ਦੀ ਕਮਾਂਡ ਹਵਾਲਦਾਰ ਈਸ਼ਰ ਸਿੰਘ ਦੇ ਹਵਾਲੇ ਸੀ। 12 ਸਤੰਬਰ 1897 ਈਸਵੀ ਨੂੰ ਸਵੇਰ ਸਮੇਂ ਅਫਗਾਨੀ ਕਬਾਇਲੀਆਂ ਨੇ ਸਾਰਾਗੜ੍ਹੀ ਚੌਕੀ ‘ਤੇ ਹਮਲਾ ਕਰ ਦਿੱਤਾ। ਕਬਾਇਲੀਆਂ ਦੁਆਰਾ ਸਾਰਾਗੜ੍ਹੀ ਦੀ ਚੌਕੀ ਨੂੰ ਘੇਰਨ ਦਾ ਪਤਾ ਲੱਗਣ ‘ਤੇ ਚੌਕੀ ਵਿਚਲੇ ਸਿੱਖ ਸੈਨਿਕਾਂ ਨੇ ਪੁਜੀਸ਼ਨਾਂ ਲੈ ਲਈਆਂ। ਕਬਾਇਲੀਆਂ ਦੁਆਰਾ ਚੌਕੀ ਨੂੰ ਚਾਰੇ ਪਾਸੇ ਤੋਂ ਘੇਰਨ ਕਾਰਨ ਇਸਦਾ ਸੰਪਰਕ ਪੂਰੀ ਤਰ੍ਹਾਂ ਬਰਤਾਨਵੀ ਭਾਰਤੀ ਸੈਨਾ ਨਾਲੋਂ ਟੁੱਟ ਗਿਆ। ਲੋਕਹਾਰਟ ਕਿਲ੍ਹੇ ਵਿਚੋਂ ਇਸ ਚੌਕੀ ਦੀ ਸਹਾਇਤਾ ਲਈ ਸੈਨਾ ਭੇਜਣ ਦੀ ਕੋਸ਼ਿਸ਼ ਕੀਤੀ ਗਈ, ਪਰ ਇਹ ਸੰਭਵ ਨਾ ਹੋ ਸਕੀ। ਲੋਕਹਾਰਟ ਕਿਲ੍ਹੇ ਤੋਂ ਇਸ਼ਾਰਾ ਮਿਲਣ ‘ਤੇ ਇਨ੍ਹਾਂ ਸਿੱਖ ਸੈਨਿਕਾਂ ਨੇ ਲਗਭਗ ਸਾਢੇ ਨੌਂ ਵਜੇ ਗੋਲੀ ਚਲਾਵੁਣੀ ਸ਼ੁਰੂ ਕਰ ਦਿੱਤੀ। ਇਹ ਲੜਾਈ 6 ਘੰਟੇ 45 ਮਿੰਟ ਚੱਲੀ। ਕਬਾਇਲੀਆਂ ਨੇ ਚੌਕੀ ਦੀ ਕੰਧ ਵਿਚ ਪਾੜ ਪਾ ਕੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਪਰ ਸਿੱਖ ਸੈਨਿਕਾਂ ਨੇ ਇਨ੍ਹਾਂ ਨੂੰ ਅੰਦਰ ਨਾ ਆਉਣ ਦਿੱਤਾ। ਅਖੀਰ ਕਬਾਇਲੀਆਂ ਨੇ ਧੂੰਆਂ ਕਰਨ ਲਈ ਚੌਕੀ ਦੇ ਆਸੇ-ਪਾਸੇ ਅੱਗ ਲਗਾ ਦਿੱਤੀ। ਇਸ ਸਮੇਂ ਤੱਕ ਸਿੱਖ ਸੈਨਿਕਾਂ ਕੋਲ ਗੋਲੀ ਸਿੱਕਾ ਵੀ ਖਤਮ ਹੋ ਚੁੱਕਿਆ ਸੀ।
ਇਸ ਤੋਂ ਬਾਅਦ ਇਨ੍ਹਾਂ ਸਿੱਖ ਸੈਨਿਕਾਂ ਨੇ ਬੋਨਟਾਂ ਨਾਲ ਆਹਮਣੇ ਸਾਹਮਣੇ ਦੀ ਲੜਾਈ ਲੜਨੀ ਸ਼ੁਰੂ ਕਰ ਦਿੱਤੀ। ਅਖੀਰ ‘ਤੇ 20 ਸੈਨਿਕ ਸ਼ਹੀਦੀ ਪ੍ਰਾਪਤ ਕਰ ਚੁੱਕੇ ਸਨ। ਸਿਗਨਲ ਮੈਨ ਗੁਰਮੁਖ ਸਿੰਘ ਨੇ ਲੋਕਹਾਰਟ ਨੂੰ ਆਖਰੀ ਸਿਗਨਲ ਦਿੱਤਾ ਅਤੇ ਕਬਾਇਲੀਆਂ ‘ਤੇ ਟੁੱਟ ਪਿਆ। ਉਹ ਵੀ ਲੜਦਾ ਹੋਇਆ ਅਖੀਰ ਸ਼ਹੀਦੀ ਪ੍ਰਾਪਤ ਕਰ ਗਿਆ। ਇਸ ਤੋਂ ਬਾਅਦ ਕਬਾਇਲੀਆਂ ਨੇ ਚੌਕੀ ਉਪਰ ਕਬਜ਼ਾ ਕਰ ਲਿਆ ਅਤੇ ਸਾਰਾਗੜ੍ਹੀ ਚੌਕੀ ਨੂੰ ਅੱਗ ਲਗਾ ਦਿੱਤੀ, ਜਿਸ ਕਾਰਨ ਕਈ ਸਿੱਖ ਸੈਨਿਕਾਂ ਦੀਆਂ ਲਾਸ਼ਾਂ ਬੁਰੀ ਤਰ੍ਹਾਂ ਝੁਲਸੀਆਂ ਗਈਆਂ।
ਇਸ ਲੜਾਈ ਦੀ ਵਿਲੱਖਣਤਾ ਇਹ ਸੀ ਕਿ ਇਹ ਬਰਤਾਨਵੀ ਭਾਰਤੀ ਸੈਨਾ ਦੇ ਕੇਵਲ 21 ਸਿੰਖ ਸੈਨਿਕਾਂ ਅਤੇ 8 ਹਜ਼ਾਰ ਤੋਂ 14 ਹਜ਼ਾਰ ਅਫਗਾਨੀ ਪਠਾਣਾਂ ਕਬਾਇਲੀਆਂ ਦੇ ਵਿਚਕਾਰ ਸੀ। ਅਫਗਾਨੀਆਂ ਅਨੁਸਾਰ ਇਸ ਲੜਾਈ ਵਿਚ ਉਨ੍ਹਾਂ ਦੇ 180 ਤੋਂ 200 ਤੱਕ ਪਠਾਣ ਮਾਰੇ ਗਏ। ਬਰਤਾਨਵੀ ਸਰੋਤਾਂ ਅਨੁਸਾਰ ਇਸ ਲੜਾਈ ਵਿਚ ਮਰਨ ਵਾਲੇ ਕਬਾਇਲੀਆਂ ਦੀ ਗਿਣਤੀ 450 ਸੀ ਅਤੇ ਵੱਡੀ ਗਿਣਤੀ ਵਿਚ ਜ਼ਖ਼ਮੀ ਹੋਏ।
ਅਖਬਾਰਾਂ ਵਿਚ ਸਾਰਾਗੜ੍ਹੀ ਦੀ ਲੜਾਈ ਦੀਆਂ ਖਬਰਾਂ ਪ੍ਰਕਾਸ਼ਿਤ ਹੋਣ ‘ਤੇ ਦੁਨੀਆ ਭਰ ਵਿਚ ਇਨ੍ਹਾਂ 21 ਸਿੱਖ ਸੈਨਿਕਾਂ ਦੀ ਬਹਾਦਰੀ ਦੀ ਪ੍ਰਸੰਸਾ ਕੀਤੀ ਗਈ। ਸਾਰਾਗੜ੍ਹੀ ਦੇ ਇਨ੍ਹਾਂ ਯੋਧਿਆਂ ਨੂੰ ਬਰਤਾਨੀਆ ਦੀ ਸੰਸਦ ਦੇ ਦੋਵਾਂ ਸਦਨਾਂ ਵਿਚ ਸ਼ਰਧਾਂਜਲੀ ਦਿੱਤੀ ਗਈ। ਬਰਤਾਨੀਆ ਸਰਕਾਰ ਨੇ ਇਨ੍ਹਾਂ ਸ਼ਹੀਦ ਸਿੱਖ ਸੈਨਿਕਾਂ ਨੂੰ ਉਸ ਸਮੇਂ ਦੇ ਬਹਾਦਰੀ ਪੁਰਸਕਾਰ ‘ਇੰਡੀਅਨ ਆਰਡਰ ਆਫ ਮੈਰਿਟ’ ਨਾਲ ਸਨਮਾਨਿਤ ਕੀਤਾ ਗਿਆ। ਹਰੇਕ ਸ਼ਹੀਦ ਦੇ ਪਰਿਵਾਰ ਨੂੰ 500 ਰੁਪਏ ਨਕਦ ਇਨਾਮ, ਪੈਨਸ਼ਨ ਅਤੇ ਦੋ ਮਰੱਬੇ ਜ਼ਮੀਨ ਦਿੱਤੀ।
ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ਵਿਚ ਫਿਰੋਜ਼ਪੁਰ ਅਤੇ ਅੰਮ੍ਰਿਤਸਰ ਵਿਚ ਯਾਦਗਾਰਾਂ ਬਣਾਈਆਂ ਗਈਆਂ। ਸਾਰਾਗੜ੍ਹੀ ਦੇ ਸ਼ਹੀਦ ਸਿੱਖ ਸੈਨਿਕਾਂ ਵਿਚੋਂ ਬਹੁਤ ਗਿਣਤੀ ਇਨ੍ਹਾਂ ਜ਼ਿਲ੍ਹਿਆਂ ਨਾਲ ਸਬੰਧਤ ਸਨ। ਹਰ ਸਾਲ ਸਾਕਾ ਸਾਰਾਗੜ੍ਹੀ ਵਾਲੇ ਦਿਨ 12 ਸਤੰਬਰ ਨੂੰ ਇਨ੍ਹਾਂ ਦੀ ਯਾਦਗਾਰ ‘ਤੇ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ ਅਤੇ ਇਹ ਬਹਾਦਰ ਸਿੱਖ ਸੈਨਿਕਾਂ ਦੀ ਮਹਾਨ ਕੁਰਬਾਨੀ ਨੂੰ ਯਾਦ ਕੀਤਾ ਜਾਂਦਾ ਹੈ।

Check Also

ਐਨ ਆਰ ਆਈ ਫੈਮਿਲੀ ਮੈਡੀਕਲ ਕੇਅਰ ਪਲਾਨ

ਅੱਜ ਦੇ ਸਮੇਂ ਵਿਚ ਬਹੁਤ ਸਾਰੇ ਪੰਜਾਬ ਦੇ ਵਸਨੀਕ ਆਪਣੇ ਦੇਸ਼ ਤੋਂ ਬਾਹਰ ਕੰਮ ਕਾਰ …