ਨਵੀਂ ਦਿੱਲੀ/ਬਿਊਰੋ ਨਿਊਜ਼
ਆਗਸਤਾ ਵੈਸਟਲੈਂਡ ਹੈਲੀਕਾਪਟਰ ਸੌਦੇ ਵਿਚ ਵੱਢੀ ਦੇ ਮਾਮਲੇ ‘ਚ ਜਾਂਚਕਾਰਾਂ ਨੂੰ ਭਾਰਤੀ ਸੰਪਰਕਾਂ ਬਾਰੇ ਅਹਿਮ ਸੁਰਾਗ ਹੱਥ ਲੱਗੇ ਹਨ। ਉਧਰ ਸੰਸਦ ਦੀ ਲੋਕ ਲੇਖਾ ਕਮੇਟੀ (ਪੀਏਸੀ) ਵੱਲੋਂ ਛੇਤੀ ਹੀ ਇਸ ਮੁੱਦੇ ‘ਤੇ ਵਿਚਾਰਾਂ ਕੀਤੀਆਂ ਜਾਣਗੀਆਂ। ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਰੱਖਿਆ ਦਲਾਲ ਕ੍ਰਿਸਟੀਅਨ ਮਿਸ਼ੇਲ ਦੇ ਡਰਾਈਵਰ ਨਰਾਇਣ ਬਹਾਦੁਰ ਦੀ ਪੁੱਛ-ਗਿੱਛ ਮਗਰੋਂ ਕਈ ਰਾਜ਼ ਖੁੱਲ੍ਹੇ ਹਨ। ਅਧਿਕਾਰੀਆਂ ਨੇ ਕਿਹਾ ਕਿ ਈਡੀ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਡਰਾਈਵਰ ਤੋਂ ਕੀਤੀ ਗਈ ਪੁੱਛ ਪੜਤਾਲ ਤੋਂ ਬ੍ਰਿਟਿਸ਼ ਨਾਗਰਿਕ ਦੇ ਭਾਰਤ ਵਿਚ ਸੰਪਰਕਾਂ ਬਾਰੇ ਅਹਿਮ ਜਾਣਕਾਰੀ ਹਾਸਲ ਹੋਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਡਰਾਈਵਰ ਨੂੰ ਪੈਸਾ ਟਰਾਂਸਫ਼ਰ ਸੇਵਾਵਾਂ ਰਾਹੀਂ ਮਿਲ ਰਿਹਾ ਸੀ ਜਿਸ ਤੋਂ ਮਿਸ਼ੇਲ ਦੀ ਸਰਗਰਮੀ ਬਾਰੇ ਜਾਣਕਾਰੀ ਮਿਲ ਸਕਦੀ ਹੈ। ਈਡੀ ਅਤੇ ਸੀਬੀਆਈ ਨੇ ਮਿਸ਼ੇਲ ਦੀ ਗ੍ਰਿਫ਼ਤਾਰੀ ਲਈ ਇੰਟਰਪੋਰਲ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੋਇਆ ਹੈ।ਸੂਤਰਾਂ ਨੇ ਕਿਹਾ ਕਿ ਡਰਾਈਵਰ ਨੇ ਮਿਸ਼ੇਲ ਨਾਲ ਚਾਰ ਕੁ ਸਾਲਾਂ ਤੱਕ ਕੰਮ ਕੀਤਾ ਅਤੇ ਭਾਰਤ ਦੌਰੇ ‘ਤੇ ਉਹ ਕਈ ਥਾਵਾਂ ‘ਤੇ ਉਸ ਨੂੰ ਲੈ ਕੇ ਜਾਂਦਾ ਸੀ। ਡਰਾਈਵਰ ਉਸ ਨੂੰ ਕੇਂਦਰੀ ਦਿੱਲੀ ਦੇ ਹੋਟਲ ਵਿਚੋਂ ਲੁਟੀਅਨ ਦਿੱਲੀ ਅਤੇ ਹੋਰ ਥਾਵਾਂ ‘ਤੇ ਭਾਰਤੀ ਅਤੇ ਵਿਦੇਸ਼ੀ ਸੰਪਰਕਾਂ ਕੋਲ ਲੈ ਕੇ ਜਾਂਦਾ ਸੀ।ਬਹਾਦੁਰ ਤੋਂ ਪਹਿਲਾਂ ਵੀ ਪੁੱਛ-ਗਿੱਛ ਕੀਤੀ ਗਈ ਸੀ ਪਰ ਉਸ ਦੇ ਟਿਕਾਣੇ ਤੋਂ ਕੁਝ ਦਸਤਾਵੇਜ਼, ਫੋਨ ਅਤੇ ਹੋਰ ਸਾਮਾਨ ਮਿਲਣ ਮਗਰੋਂ ਮਿਸ਼ੇਲ ਦੀ ਘੁਟਾਲੇ ਵਿਚ ਭੂਮਿਕਾ ਬਾਰੇ ਹੋਰ ਸਬੂਤ ਮਿਲੇ ਹਨ। ਉਧਰ ਸੀਨੀਅਰ ਕਾਂਗਰਸ ਆਗੂ ਕੇ ਵੀ ਥੌਮਸ ਦੀ ਅਗਵਾਈ ਹੇਠਲੀ ਸੰਸਦੀ ਲੋਕ ਲੇਖਾ ਕਮੇਟੀ ਵੱਲੋਂ ਆਗਸਤਾ ਵੈਸਟਲੈਂਡ ਮੁੱਦੇ ‘ਤੇ ਚਰਚਾ ਕੀਤੀ ਜਾ ਸਕਦੀ ਹੈ।
ਹੈਲੀਕਾਪਟਰ ਸੌਦੇ ਨਾਲ ਸਬੰਧਿਤ ਵਿਅਕਤੀਆਂ ਨੂੰ ਚੰਗੇ ਅਹੁਦੇ ਮਿਲੇ: ਪਰੀਕਰ
ਨਵੀਂ ਦਿੱਲੀ: ਰੱਖਿਆ ਮੰਤਰੀ ਮਨੋਹਰ ਪਰੀਕਰ ਨੇ ਕਿਹਾ ਹੈ ਕਿ ਵੀਵੀਆਈਪੀ ਹੈਲੀਕਾਪਟਰ ਸੌਦੇ ਨਾਲ ਸਬੰਧਿਤ ਵਿਅਕਤੀਆਂ ਨੂੰ ਸੇਵਾਮੁਕਤੀ ਤੋਂ ਬਾਅਦ ਚੰਗੇ ਅਹੁਦੇ ਮਿਲੇ। ਉਨ੍ਹਾਂ ਕਿਹਾ ਕਿ ਸੱਤਾ ਦੇ ਨੇੜੇ ਹੋਣ ਕਾਰਨ ਅਤੇ ਸੌਦੇ ਦੀ ਮਨਜ਼ੂਰੀ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ ਅਹੁਦੇ ਮਿਲੇ। ਉਨ੍ਹਾਂ ਕਿਹਾ ਕਿ ਕੁਝ ਨੂੰ ਗਵਰਨਰ ਅਤੇ ਕੁਝ ਨੂੰ ਸਫ਼ੀਰ ਤੱਕ ਲਗਾਇਆ ਗਿਆ।
Check Also
ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ
ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …