ਨੀਤਿਸ਼ ਕੁਮਾਰ ਭਲਕੇ ਐਤਵਾਰ ਨੂੰ ਸੌਂਪਣਗੇ ਰਾਜਪਾਲ ਨੂੰ ਆਪਣਾ ਅਸਤੀਫ਼ਾ
ਪਟਨਾ/ਬਿਊਰੋ ਨਿਊਜ਼ : ਬਿਹਾਰ ’ਚ ਨੀਤਿਸ਼ ਕੁਮਾਰ ਦੀ ਪਾਰਟੀ ਜਨਤਾ ਦਲ ਯੂਨਾਈਟਿਡ ਅਤੇ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਰਾਸ਼ਟਰੀ ਜਨਤਾ ਦਾ ਗੱਠਜੋੜ ਟੁੱਟ ਗਿਆ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਭਲਕੇ ਐਤਵਾਰ ਨੂੰ ਆਪਣਾ ਅਸਤੀਫ਼ਾ ਰਾਜਪਾਲ ਨੂੰ ਸੌਂਪ ਸਕਦੇ ਹਨ ਅਤੇ ਇਸ ਦੇ ਨਾਲ ਹੀ ਉਹ ਰਾਜਪਾਲ ਕੋਲ ਨਵੀਂ ਸਰਕਾਰ ਬਣਾਉਣ ਲਈ ਦਾਅਵਾ ਵੀ ਪੇਸ਼ ਕਰ ਸਕਦੇ ਹਨ। ਜਨਤਾ ਦਲ ਯੂਨਾਈਟਿਡ ਦੀ ਕੋਰ ਕਮੇਟੀ ਦੀ ਹੋਈ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ। ਨੀਤਿਸ਼ ਕੁਮਾਰ ਰਾਜਪਾਲ ਨੂੰ ਭਲਕੇ ਐਤਵਾਰ ਨੂੰ ਹੀ ਮੁੱਖ ਮੰਤਰੀ ਦੇ ਤੌਰ ’ਤੇ ਸਹੁੰ ਚਕਾਉਣ ਲਈ ਵੀ ਆਖਣਗੇ। ਜੇਕਰ ਨੀਤਿਸ਼ ਕੁਮਾਰ ਫਿਰ ਤੋਂ ਮੁੱਖ ਮੰਤਰੀ ਬਣਦੇ ਹਨ ਤਾਂ ਉਹ 9ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋ ਸਹੁੰ ਚੁੱਕਣਗੇ। ਇਸ ਤੋਂ ਪਹਿਲਾਂ ਨੀਤਿਸ਼ ਕੁਮਾਰ ਨੇ ਰਾਸ਼ਟਰੀ ਜਨਤਾ ਦਲ ਦੇ ਕੋਟੇ ਵਾਲੇ ਮੰਤਰੀਆਂ ਦੇ ਕੰਮਕਾਜ ’ਤੇ ਰੋਕ ਲਗਾ ਦਿੱਤੀ ਸੀ। ਜਿਸ ਤੋਂ ਬਾਅਦ ਸੂਬੇ ਦੇ ਖੇਤੀਬਾੜੀ ਮੰਤਰੀ ਕੁਮਾਰ ਸਰਵਜੀਤ ਨੇ ਆਪਣੀ ਸਰਕਾਰੀ ਗੱਡੀ ਵਾਪਸ ਕਰ ਦਿੱਤੀ। ਉਧਰ ਦਿੱਲੀ ਤੋਂ ਪਟਨਾ ਪਹੁੰਚੇ ਭਾਜਪਾ ਦੇ ਰਾਜ ਸਭਾ ਸਾਂਸਦ ਰਾਕੇਸ਼ ਸਿੰਘ ਨੇ ਕਿਹਾ ਕਿ ਦੁਨੀਆ ਨੇ ਮੋਦੀ ਦਾ ਸ਼ਾਸਨ ਦੇਖਿਆ ਹੈ ਅਤੇ ਹੁਣ ਬਿਹਾਰ ਦੀ ਜਨਤਾ ਮੋਦੀ ਦਾ ਸਾਸ਼ਨ ਦੇਖਣਾ ਚਾਹੁੰਦੀ ਹੈ।