ਮੁੱਖ ਮੰਤਰੀ ਭਗਵੰਤ ਮਾਨ ਨੇ 6 ਦੇਸ਼ਾਂ ਦੇ ਪ੍ਰਤੀਨਿਧੀਆਂ ਨਾਲ ਨਵੀਂ ਦਿੱਲੀ ’ਚ ਕੀਤੀ ਮੀਟਿੰਗ
ਚੰਡੀਗੜ੍ਹ/ਬਿਊਰੋ ਨਿਊਜ਼ : ਆਉਣ ਵਾਲੇ ਕੁੱਝ ਮਹੀਨਿਆਂ ’ਚ 6 ਦੇਸ਼ਾਂ ਦੀਆਂ ਕੰਪਨੀਆਂ ਪੰਜਾਬ ਵਿਚ ਕਰੋੜਾਂ ਰੁਪਏ ਦਾ ਨਿਵੇਸ਼ ਕਰਨਗੀਆਂ। ਇਸ ਸਬੰਧੀ ਜਲਦੀ ਹੀ ਸਬੰਧਤ ਦੇਸ਼ਾਂ ਦੇ ਪ੍ਰਤੀਨਿਧੀ ਅਤੇ ਕੰਪਨੀਆਂ ਦੇ ਪ੍ਰਬੰਧਕ ਸੂਬੇ ਦਾ ਦੌਰਾ ਕਰਨਗੇ। ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਉਮੀਦ ਹੈ ਕਿ ਇਨ੍ਹਾਂ ਕੰਪਨੀਆਂ ਦੇ ਆਉਣ ਨਾਲ ਪੰਜਾਬ ਸਰਕਾਰ ਨੂੰ ਹਰ ਮਹੀਨੇ ਕਰੋੜਾਂ ਰੁਪਏ ਦਾ ਫਾਇਦਾ ਹੋਵੇਗਾ। ਉਥੇ ਸੂਬੇ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਅਵਸਰ ਵੀ ਪੈਦਾ ਹੋਣਗੇ। ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਸਾਡੀ ਕੋਸ਼ਿਸ਼ ਸੂਬੇ ’ਚ ਨਿਵੇਸ਼ ਲਿਆਉਣ ਦੀ ਹੈ ਅਤੇ ਇਸ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। 6 ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਮੋਹਾਲੀ, ਰਾਜਪੁਰਾ, ਜਲੰਧਰ ਸਮੇਤ ਕਈ ਥਾਵਾਂ ’ਤੇ ਨਿਵੇਸ਼ ਕਰਨ ਲਈ ਦਿਚਸਪੀ ਦਿਖਾਈ ਹੈ। ਇਹ ਦੇਸ਼ ਰਾਜ ’ਚ ਆਈਟੀ, ਐਗਰੀ ਫੂਡ ਪ੍ਰੋਸੈਸਿੰਗ, ਆਟੋ ਮੋਬਾਇਲ ਆਦਿ ’ਚ ਨਿਵੇਸ਼ ਕਰਨਗੇ। ਇਸ ਦੇ ਪਹਿਲੇ ਗੇੜ ਦੀ ਮੀਟਿੰਗ ਚੁੱਕੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ’ਚ ਇਨ੍ਹਾਂ ਦੇਸ਼ਾਂ ਦੇ ਰਾਜਦੂਤਾਂ ਨਾਲ ਮੀਟਿੰਗ ਕੀਤੀ। ਇਨ੍ਹਾਂ ਦੇਸ਼ਾਂ ’ਚ ਆਸਟਰੇਲੀਆ, ਬ੍ਰਾਜੀਲ, ਯੂਕੇ, ਮਲੇਸ਼ੀਆ ਅਤੇ ਤੁਰਕੀ ਸਮੇਤ ਕਈ ਹੋਰ ਦੇਸ਼ ਸ਼ਾਮਲ ਹਨ।