ਕਿਹਾ : ਮੇਰੇ ਖੂਨ ’ਚ ਸਿੱਖੀ ਅਤੇ ਸੇਵਾ, ਦਿਲ ਤੋਂ ਸਿੱਖਾਂ ਲਈ ਕਰਨਾ ਚਾਹੁੰਦਾ ਹਾਂ ਕੰਮ
ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਲਈ ਪੈਣ ਵਾਲੀਆਂ ਵੋਟਾਂ ਤੋਂ ਮਹਿਜ਼ ਦੋ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਿੱਖ ਹਸਤੀਆਂ ਨਾਲ ਮੁਲਾਕਾਤ ਕੀਤੀ। ਇਨ੍ਹਾਂ ’ਚ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਯਮੁਨਾਨਗਰ ਦੇ ਮਹੰਤ ਕਰਮਜੀਤ ਸਿੰਘ, ਸੰਤ ਬਲਬੀਰ ਸਿੰਘ ਸੀਚੇਵਾਲ ਸਮੇਤ ਕਈ ਸਿੱਖ ਹਸਤੀਆਂ ਦਾ ਨਾਮ ਸ਼ਾਮਲ ਹੈ। ਮਹੰਤ ਕਰਮਜੀਤ ਸਿੰਘ ਅਨੁਸਾਰ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੇ ਖੂਨ ’ਚ ਸਿੱਖੀ ਅਤੇ ਸੇਵਾ ਹੈ। ਉਹ ਸਿੱਖਾਂ ਦੇ ਲਈ ਦਿਲ ਤੋਂ ਕੰਮ ਕਰਨਾ ਚਾਹੁੰਦੇ ਹਨ। ਸਿੱਖ ਹਸਤੀਆਂ ਨੇ ਸਿੱਖ ਸਮਾਜ ਦੇ ਲਈ ਕੀਤੇ ਕੰਮਾਂ ਬਦਲੇ ਪ੍ਰਧਾਨ ਮੰਤਰੀ ਦੀ ਸ਼ਲਾਘਾ ਵੀ ਕੀਤੀ। ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਲਵਾਉਣ ਲਈ ਪ੍ਰਧਾਨ ਮੰਤਰੀ ਨੇ ਹੀ ਐਸਆਈਟੀ ਬਣਵਾਈ ਸੀ ਅਤੇ ਪ੍ਰਧਾਨ ਮੰਤਰੀ ਦੀਆਂ ਕੋਸ਼ਿਸ਼ਾਂ ਸਦਕਾ ਹੀ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲ੍ਹਿਆ। ਮਹੰਤ ਕਰਮਜੀਤ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ’ਚ ਬਾਲ ਦਿਵਸ ਦਾ ਐਲਾਨ ਕੀਤਾ ਅਤੇ ਗੁਰੂ ਦੇ ਲੰਗਰਾਂ ਤੋਂ ਜੀਐਸਟੀ ਵੀ ਪ੍ਰਧਾਨ ਮੰਤਰੀ ਦੀਆਂ ਕੋਸ਼ਿਸ਼ਾਂ ਸਦਕਾ ਹੀ ਹਟੀ ਹੈ।