Breaking News
Home / ਮੁੱਖ ਲੇਖ / ਧਰਮ ਹੈ,ਇਖਲਾਕ ਹੈ,ਕਾਨੂੰਨ ਹੈ ਇਹ ਕੌਣ ਹੈ

ਧਰਮ ਹੈ,ਇਖਲਾਕ ਹੈ,ਕਾਨੂੰਨ ਹੈ ਇਹ ਕੌਣ ਹੈ

ਡਾ: ਬਲਵਿੰਦਰ ਸਿੰਘ
ਕੈਨੇਡਾ ਦੀ ਖੁਸ਼ਹਾਲੀ ਸੰਸਾਰ ਭਰ ਵਿੱਚ ਮਸ਼ਹੂਰ ਹੈ, ਪ੍ਰੰਤੂ ਇਸ ਦੇਸ਼ ਵਿੱਚ ਪੱਕੇ ਤੌਰ ‘ਤੇ ਦਾਖਲ ਹੋਣ ਦਾ ਸੁਪਨਾ ਪਾਲ਼ੀ ਬੈਠੇ ਲੋਕ ਇਸ ਤੱਥ ਤੋਂ ਬੇਖ਼ਬਰ ਹਨ ਕਿ ਮੌਜੂਦਾ ਕੈਨੇਡਾ ਦਾ ਇਤਿਹਾਸਕ ਪਿਛੋਕੜ ਕੀ ਹੈ। ਬਾਹਰਲੇ ਲੋਕਾਂ ਨੂੰ ਤਾਂ ਛੱਡੋ, ਕੈਨੇਡਾ ਵਿੱਚ ਰਹਿ ਰਹੇ ਬਹੁ-ਗਿਣਤੀ ਲੋਕ ਵੀ ਉਹਨਾਂ ਜ਼ੁਲਮਾਂ ਤੋਂ ਅਣਜਾਣ ਹਨ ਜੋ ਇੱਥੋਂ ਦੇ ਮੂਲਵਾਸੀਆਂ ਨੇ ਆਪਣੇ ਪਿੰਡੇ ‘ਤੇ ਹੰਢਾਏ ਹਨ ਅਤੇ ਅੱਜ ਤੱਕ ਉਸ ਸੰਤਾਪ ਨੂੰ ਭੋਗ ਰਹੇ ਹਨ। ਹਾਲ ਹੀ ਵਿੱਚ ਨਾਮਵਰ ਸੰਸਥਾਵਾਂ ਵੱਲੋਂ ਕਰਵਾਏ ਗਏ ਅੰਕੜਿਆਂ ਅਨੁਸਾਰ ਦੋ-ਤਿਹਾਈ ਕੈਨੇਡੀਅਨ ਲੋਕਾਂ ਨੂੰ ਕਈ ਦਹਾਕੇ ਪਹਿਲਾਂ ਸਰਕਾਰਾਂ ਵੱਲੋਂ ਚਲਾਏ ਗਏ ਰੈਜ਼ੀਡੈਂਸ਼ਲ ਸਕੂਲਾਂ ਵਿੱਚ ਮੂਲ-ਵਾਸੀਆਂ ਦੇ ਬੱਚਿਆਂ ਨਾਲ ਕੀਤੇ ਦੁਰਵਿਹਾਰ ਬਾਰੇ ਕੁਝ ਵੀ ਪਤਾ ਨਹੀਂ।
ਹਰ ਸਾਲ ਜੁਲਾਈ ਦੇ ਪਹਿਲੇ ਦਿਨ ਨੂੰ ਕੈਨੇਡਾ ਦਿਵਸ ਵਜੋਂ ਬੜੀ ਸ਼ਾਨੋ ਸ਼ੌਕਤ ਨਾਲ਼ ਮਨਾਇਆ ਜਾਂਦਾ ਹੈ, ਪਰ ਇਸ ਸਾਲ ਜਿੱਥੇ ਕਰੋਨਾ ਦੇ ਪ੍ਰਭਾਵ ਕਰਕੇ ਇਹ ਜਸ਼ਨ ਮੱਠੇ ਰਹੇ, ਉਥੇ ਇਸ ਦਾ ਦੂਜਾ ਵੱਡਾ ਕਾਰਨ ਸੀ ਪਿਛਲੇ ਕੁਝ ਮਹੀਨਿਆਂ ਤੋਂ ਰੈਜ਼ੀਡੈਂਸ਼ਲ ਸਕੂਲਾਂ ਦੇ ਨੇੜਿਓਂ ਮੂਲਵਾਸੀ ਬੱਚਿਆਂ ਦੇ ਪਿੰਜਰ ਮਿਲਣ ਦੀਆਂ ਦਿਲ-ਕੰਬਾਊ ਘਟਨਾਵਾਂ। ਕੈਨੇਡਾ ਦੀ ਹੋਂਦ ਦੀ ਵਰ੍ਹੇਗੰਢ ਵਾਲ਼ੇ ਦਿਨ ਮੂਲਵਾਸੀਆਂ (ਇੰਡੀਜੀਨਸ) ਅਤੇ ਬਹੁਤੇ ਕੈਨੇਡੀਅਨਾਂ ਵੱਲੋਂ ਉਹਨਾਂ ਬੱਚਿਆਂ ਦੀ ਯਾਦ ਵਿੱਚ ਰੋਸ ਮਾਰਚ ਕੱਢੇ ਗਏ ਅਤੇ ਉਹਨਾਂ ਦੇ ਪਰਿਵਾਰਾਂ ਲਈ ਇਨਸਾਫ਼ ਦੀ ਮੰਗ ਕੀਤੀ ਗਈ।
ਕਿਸੇ ਵੀ ਨਜ਼ਰੀਏ ਤੋਂ ਦੇਖਿਆਂ ਕੈਨੇਡਾ ਦੀ ਭੋਂਇ ਦੇ ਅਸਲੀ ਹੱਕਦਾਰ ਤਾਂ ਏਥੇ ਸਦੀਆਂ ਤੋਂ ਰਹਿ ਰਹੇ ਮੂਲ-ਵਾਸੀ ਹੀ ਸਨ, ਜਿਹਨਾਂ ਨੂੰ ਕਿ ਵੱਖ-ਵੱਖ ਨਾਵਾਂ ਨਾਲ਼ ਜਾਣਿਆ ਜਾਂਦਾ ਹੈ। ਪਰ ਕੈਨੇਡਾ ਦੀ ਅਮੀਰ ਧਰਤੀ ਦੀ ਮਲਕੀਅਤ ਨੂੰ ਹਥਿਆਉਣ ਲਈ ਯੂਰਪ ਵਿੱਚੋਂ ਪਹਿਲਾਂ ਫਰਾਂਸੀਸੀਆਂ ਤੇ ਬਾਅਦ ਵਿੱਚ ਅੰਗ੍ਰੇਜ਼ਾਂ ਨੇ ਮੂਲਵਾਸੀਆਂ ਨਾਲ ਬੇਹੱਦ ਵਧੀਕੀਆਂ ਕੀਤੀਆਂ। ਆਪਣੇ ਪੈਰ ਜਮਾਉਣ ਉਪਰੰਤ, ਗੋਰੇ ਲੋਕਾਂ ਨੇ ਇਹਨਾਂ ਲੋਕਾਂ ਨੂੰ ਲਾਂਭੇ ਕਰਨ ਦੇ ਆਪਣੇ ਮਨਸੂਬਿਆਂ ਨੂੰ ਲਗਾਤਾਰ ਜਾਰੀ ਰੱਖਿਆ ਅਤੇ 1867 ਵਿੱਚ ‘ਕਨੇਡਾ’ ਦੀ ਹੋਂਦ ਤੋਂ ਬਾਅਦ ਪਾਰਲੀਮੈਂਟ ਵਿੱਚ ਵੀ ਮੂਲ-ਵਾਸੀਆਂ ਨੂੰ ਉਹਨਾਂ ਦੇ ਹੱਕਾਂ ਤੋਂ ਵਾਂਝੇ ਕਰਨ ਲਈ ਕਾਨੂੰਨ ਵੀ ਘੜੇ ਗਏ।
ਦੁਖਾਂਤ ਇਹ ਹੈ ਕਿ ਇਹ ਸਾਰਾ ਕੁਝ ਧਰਮ ਦੀ ਆੜ ਵਿੱਚ ਕੀਤਾ ਗਿਆ। ਮੌਜੂਦਾ ਚਰਚਿਤ ਘਟਨਾਵਾਂ ਵਿੱਚ ਪਹਿਲਾਂ ਬ੍ਰਿਟਿਸ਼ ਕੋਲੰਬੀਆ (ਬੀ.ਸੀ) ਦੇ ਨੀਮ-ਪਹਾੜੀ ਇਲਾਕੇ ਕੈਮਲੂਪਸ, ਫਿਰ ਸਸਕੈਚਵਨ ਸੂਬੇ ਵਿੱਚ ਅਤੇ ਮੁੜ ਤੋਂ ਬੀ.ਸੀ ਦੇ ਇਲਾਕੇ ਕਰੈਨਬਰੁੱਕ ਦੇ ਸੇਂਟ ਯੂਜੀਨ ਮਿਸ਼ਨ ਸਕੂਲ ਦੇ ਹਾਤਿਆਂ ਵਿੱਚੋਂ ਕਈ ਸੈਂਕੜੇ ਬੱਚਿਆਂ ਦੀਆਂ ਕਬਰਾਂ ਦਾ ਮਿਲਣਾ ਬੇਸ਼ੱਕ ਆਮ ਲੋਕਾਂ ਲਈ ਤਾਂ ਹੈਰਾਨੀਜਨਕ ਹੋਵੇ, ਪਰ ਮੂਲਵਾਸੀਆਂ ਲਈ ਨਹੀਂ; ਉਹ ਲੰਮੇ ਸਮੇਂ ਤੋਂ ਕਹਿੰਦੇ ਆ ਰਹੇ ਹਨ ਕਿ ਇਹਨਾਂ ਸਕੂਲਾਂ ਦੀਆਂ ਕਬਰਾਂ ਵਿੱਚ ਉਹਨਾਂ ਬੱਚਿਆਂ ਨੂੰ ਦਫ਼ਨਾਇਆ ਗਿਆ ਜਿਹਨਾਂ ਦੀ ਮੌਤ ਇਹਨਾਂ ਸਕੂਲਾਂ ਵਿੱਚ ਪੜ੍ਹਦਿਆਂ ਹੋਈ। ਮੈਨੀਟੋਬਾ ਦੇ ਇਕ ਰੈਜ਼ੀਡੈਂਸ਼ਲ ਸਕੂਲ ਦੀਆਂ ਕਬਰਾਂ ਉਪਰ ਤਾਂ ਮਨੋਰੰਜਨ ਵਾਸਤੇ ਇਮਾਰਤਾਂ ਤੱਕ ਬਣਾ ਦਿੱਤੀਆਂ ਗਈਆਂ।
ਦਰਅਸਲ, ਧਰਤੀ ਥੱਲੇ ਦੱਬੀਆਂ ਹੋਈਆਂ ਇਹਨਾਂ ਲਾਸ਼ਾਂ ਦੀ ਭਾਲ ਨਵੀਂ ਤਕਨੀਕ ਨਾਲ਼ ਤਿਆਰ ਕੀਤੀਆਂ ਮਸ਼ੀਨਾਂ ਸਦਕਾ ਸੰਭਵ ਹੋ ਸਕੀ ਹੈ, ਭਾਵੇਂ ਕਿ ਮੂਲਵਾਸੀਆਂ ਦੇ ਸੰਗਠਨਾਂ ਅਤੇ ਖੋਜਕਾਰੀਆਂ ਨੂੰ ਪਹਿਲਾਂ ਹੀ ਇਸ ਗੱਲ ਦਾ ਯਕੀਨ ਸੀ ਕਿ ਪਿਛਲੀ ਸਦੀ ਦੌਰਾਨ ਮੂਲਵਾਸੀ ਬੱਚਿਆਂ ਨੂੰ ਮੌਤ ਉਪਰੰਤ ਸਕੂਲਾਂ ਨੇੜਲੀਆਂ ਕਬਰਾਂ ਵਿੱਚ ਦੱਬ ਦਿੱਤਾ ਗਿਆ ਸੀ; ਇਹਨਾਂ ਬੱਚਿਆਂ ਵਿੱਚ ਇਕ ਤਿੰਨ ਸਾਲ ਦੀ ਉਮਰ ਦਾ ਬੱਚਾ ਵੀ ਸੀ। ਕੈਨੇਡਾ ਵਿੱਚ ਸਭ ਤੋਂ ਪਹਿਲਾ ਰੈਜ਼ੀਡੈਂਸ਼ਲ ਸਕੂਲ ਟੋਰਾਂਟੋ ਤੋਂ ਕਰੀਬ ਡੇਢ ਘੰਟੇ ਦੀ (ਕਾਰ ਰਾਹੀਂ) ਦੂਰੀ ‘ਤੇ ਸ਼ਹਿਰ ਬਰੈਂਟਫੋਰਡ ਵਿੱਚ 1828 ਵਿੱਚ ਸ਼ੁਰੂ ਕੀਤਾ ਗਿਆ ਸੀ। ਬੇਸ਼ੱਕ ਕਿਹਾ ਤਾਂ ਇਹ ਗਿਆ ਸੀ ਕਿ ਜੰਗਲਾਂ ਵਿੱਚ ਰਹਿ ਰਹੇ ਮੂਲਵਾਸੀਆਂ ਦੇ ਕਬੀਲਿਆਂ ਦੇ ਬੱਚਿਆਂ ਨੂੰ ਚੰਗੇਰੀ ਸਿੱਖਿਆ ਦਿੱਤੀ ਜਾਏਗੀ, ਪ੍ਰੰਤੂ ਦਾਖਲੇ ਉਪਰੰਤ ਬੱਚਿਆਂ ਨੂੰ ਜਿਸ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ, ਉਸ ਨੂੰ ਸੁਣ/ਪੜ੍ਹ ਕੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ।
ਸਭ ਤੋਂ ਪਹਿਲੀ ਜ਼ਿਆਦਤੀ ਇਹ ਕੀਤੀ ਗਈ ਕਿ ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ ਨਾਲ਼ੋਂ ਉਹਨਾਂ ਦੀ ਮਰਜ਼ੀ ਦੇ ਵਿਰੁੱਧ, ਜਬਰੀ ਵਿਛੋੜਿਆ ਗਿਆ; ਨੱਕ਼-ਨੱਕ ਭਰੇ ਇਹਨਾਂ ਸਕੂਲਾਂ ਵਿਚ ਬੱਚਿਆਂ ਨੂੰ ਗਲ਼ਿਆ ਹੋਇਆ ਖਾਣਾ ਦਿੱਤਾ ਜਾਂਦਾ ਸੀ; ਲੜਕੀਆਂ ਨੂੰ ਸਰਦੀਆਂ ਵਿੱਚ ਬਾਹਰ ਸੌਣ ਲਈ ਮਜਬੂਰ ਕੀਤਾ ਜਾਂਦਾ ਸੀ; ਬੱਚਿਆਂ ਨੂੰ ਬੰਨ੍ਹ ਦਿੱਤਾ ਜਾਂਦਾ ਸੀ ਤਾਂ ਕਿ ਉਹ ਭੱਜ ਨਾ ਸਕਣ; ਬਿਸਤਰੇ ਵਿੱਚ ਹੀ ਪਿਸ਼ਾਬ ਕਰਨ ‘ਤੇ ਬੱਚਿਆਂ ਨੂੰ ਕੁੱਟਿਆ ਜਾਂਦਾ ਸੀ; ਬੀਮਾਰੀ ਦੀ ਹਾਲਤ ਵਿੱਚ ਉਹਨਾਂ ਦਾ ਇਲਾਜ ਨਹੀਂ ਕੀਤਾ ਜਾਂਦਾ ਸੀ (ਜਿਸ ਕਰਕੇ ਬਹੁਤ ਬੱਚਿਆਂ ਦੀ ਟੀ.ਬੀ. ਨਾਲ਼ ਵੀ ਮੌਤ ਹੋਈ); ਉਹਨਾਂ ਨੂੰ ਆਪਣੇ ਪਰਿਵਾਰ ਨਾਲ਼ ਮਿਲਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਸੀ। ਇੱਥੇ ਹੀ ਬੱਸ ਨਹੀਂ, ਕੁਝ ਬੱਚਿਆਂ ਨਾਲ ਜਿਸਮਾਨੀ ਤੌਰ ‘ਤੇ ਬਦਸਲੂਕੀ ਦੀਆਂ ਘਟਨਾਵਾਂ ਨੂੰ ਵੀ ਅੰਜਾਮ ਦਿੱਤਾ ਜਾਂਦਾ ਸੀ। ਜਿਹਨਾਂ ਬੱਚਿਆਂ ਦੀ ਮੌਤ ਹੋ ਜਾਂਦੀ ਸੀ, ਉਹਨਾਂ ਨੂੰ ਸਕੂਲ ਦੇ ਹਾਤੇ ਵਿੱਚ ਹੀ ਦਫ਼ਨਾ ਦਿੱਤਾ ਜਾਂਦਾ ਸੀ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਖ਼ਬਰ ਤੱਕ ਨਹੀਂ ਦਿੱਤੀ ਜਾਂਦੀ ਸੀ। ਉਨੀਂਵੀਂ ਸਦੀ ਵਿੱਚ ਕੈਨੇਡਾ ਭਰ ਦੇ ਲੱਗਭੱਗ ਸਾਰੇ ਵੱਡੇ ਸੂਬਿਆਂ ਵਿੱਚ ਚੱਲ ਰਹੇ ਇਹਨਾਂ ਸਕੂਲਾਂ ਨੂੰ ਇਸਾਈ ਮੱਤ ਦੇ ਚਰਚਾਂ ਵੱਲੋਂ ਚਲਾਇਆ ਜਾਂਦਾ ਸੀ। ਇੱਥੇ ਇਹ ਕਹਿਣਾ ਵੀ ਵਾਜਿਬ ਹੈ ਕਿ ਇਹ ਸਕੂਲ ਸਮੇਂ ਦੀਆਂ ਸਰਕਾਰਾਂ ਦੀ ਸਹਿਮਤੀ ਨਾਲ਼ ਚਲਾਏ ਜਾ ਰਹੇ ਸਨ। ਇਹੀ ਕਾਰਨ ਹੈ ਕਿ ਕੈਨੇਡਾ ਦੇ ਮੂਲਵਾਸੀਆਂ ਦੀਆਂ ਸੰਸਥਾਵਾਂ ਅਤੇ ਉਹਨਾਂ ਦੇ ਸਮਰਥਕਾਂ ਨੇ ਕੈਨੇਡਾ ਦੇ ਪਹਿਲੇ ਪ੍ਰਧਾਨ ਮੰਤਰੀ ਜੌਹਨ ਐਲਗਜ਼ੈਂਡਰ ਮੈਕਡੌਨਲਡ ਵਿਰੁੱਧ ਰੋਸ ਮੁਜ਼ਾਹਰੇ ਕੀਤੇ ਹਨ ਅਤੇ ਕਈ ਥਾਂਵਾਂ ਤੋਂ ਉਸ ਦੇ ਬੁੱਤਾਂ ਨੂੰ ਉਤਾਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਉਸ ਵੇਲ਼ੇ ਦੇ ਸਿੱਖਿਆ ਦੀ ਉਨਤੀ ਦੇ ਅਲੰਬਰਦਾਰ ਸਮਝੇ ਜਾਂਦੇ ਅਤੇ ਰੈਜ਼ੀਡੈਸ਼ਲ ਸਕੂਲਾਂ ਨੂੰ ਸ਼ੁਰੂ ਕਰਨ ਵਿੱਚ ਆਪਣੀ ਭੂਮਿਕਾ ਨਿਭਾਉਣ ਵਾਲ਼ੇ ਐਗਰਟਨ ਰਾਇਰਸਨ ਵਿਰੁੱਧ ਵੀ ਸਖ਼ਤ ਰੋਸ ਪਾਇਆ ਜਾ ਰਿਹਾ ਹੈ। ਰਾਇਰਸਨ ਦੀਆਂ ਨੀਤੀਆਂ ਖਿਲਾਫ਼ ਲੋਕਾਂ ਦਾ ਰੋਹ ਇਸ ਹੱਦ ਤੱਕ ਵਧ ਗਿਆ ਕਿ ਉਹਨਾਂ ਨੇ ਉਸ ਦੇ ਵੱਖ-ਵੱਖ ਥਾਂਵਾਂ ‘ਤੇ ਦਹਾਕਿਆਂ ਤੋਂ ਲੱਗੇ ਹੋਏ ਬੁੱਤਾਂ ਨੂੰ ਭੰਨ ਤੋੜ ਦਿੱਤਾ।
ਮੂਲਵਾਸੀਆਂ ਨੂੰ ਕਦੀ ਵੀ ਉਹਨਾਂ ਦੇ ਬਣਦੇ ਹੱਕ ਨਹੀਂ ਦਿੱਤੇ ਗਏ। ਸਗੋਂ ਉਹਨਾਂ ਨੂੰ ਬਦਤਰ ਹਾਲਾਤ ਵਿੱਚ ਰੱਖਣ ਦੀਆਂ ਕਾਰਵਾਈਆਂ ਨੂੰ ਜਾਰੀ ਰੱਖਿਆ ਗਿਆ ਹੈ। ਇਸੇ ਲਈ ਉਹਨਾਂ ਵੱਲੋਂ ਨਾ ਕੇਵਲ ਰੈਜ਼ੀਡੈਂਸ਼ਲ ਸਕੂਲਾਂ ਵਿੱਚ ਲਿਆਂਦੇ ਗਏ ਬੱਚਿਆਂ ਦੀਆਂ ਬੇਵਕਤੀ ਅਤੇ ਨਿਰਅਧਾਰ ਮੌਤਾਂ ‘ਤੇ ਹੀ ਸਵਾਲੀਆਂ ਚਿੰਨ੍ਹ ਲਗਾਏ ਗਏ ਹਨ ਬਲਕਿ ਉਹਨਾਂ ਨਾਲ਼ ਕੀਤੇ ਜਾ ਰਹੇ ਗ਼ੈਰ-ਮਨੁੱਖੀ ਵਰਤਾਰੇ ਵਿਰੁੱਧ ਵੀ ਇਨਸਾਫ਼ ਦੀ ਮੰਗ ਕੀਤੀ ਜਾਂਦੀ ਰਹੀ ਹੈ। ਇਸੇ ਕਰਕੇ ਸਰਕਾਰ ਵੱਲੋਂ ਟਰੂਥ ਐਂਡ ਰੀਕਨਸਿਲੀਏਸ਼ਨ ਦੇ ਨਾਮ ਹੇਠ 2008 ਵਿੱਚ ਇਕ ਕਮਿਸ਼ਨ ਬਿਠਾਇਆ ਗਿਆ ਸੀ ਜਿਸ ਨੇ ਕਿ 2015 ਵਿੱਚ ਦਿੱਤੀ ਆਪਣੀ ਰੀਪੋਰਟ ਵਿੱਚ ਕਈ ਸਿਫ਼ਾਰਸ਼ਾਂ ਕੀਤੀਆਂ ਸਨ ਪਰ ਅਜੇ ਤੱਕ ਉਹਨਾਂ ਨੂੰ ਮੁਕੰਮਲ ਤੌਰ ‘ਤੇ ਲਾਗੂ ਨਹੀਂ ਕੀਤਾ ਗਿਆ।
ਕਮਿਸ਼ਨ ਮੁਤਾਬਿਕ ਕੈਨੇਡਾ ਭਰ ਵਿੱਚ ਫੈਲੇ ਇਹਨਾਂ 138 ਸਕੂਲਾਂ ਵਿੱਚ ਫਰਸਟ ਨੇਸ਼ਨਜ਼, ਇਨੂਟ ਅਤੇ ਮੈਟੀਜ਼ ਵਰਗਾਂ ਦੇ ਲੱਗਭੱਗ 1,50,000 ਬੱਚੇ ਪੜ੍ਹੇ ਜਿਹਨਾਂ ਵਿੱਚੋਂ 4,000 ਦੇ ਕਰੀਬ ਬੱਚਿਆਂ ਦੀ ਮੌਤ ਹੋਈ। ਪਰ ਬ੍ਰਿਟਿਸ਼ ਕੁਲੰਬੀਆ ਅਤੇ ਸਸਕੈਚਵਨ, ਦੋਹਾਂ ਸੂਬਿਆਂ ਵਿੱਚ ਹੀ ਦਫਨਾਏ ਗਏ ਇਹਨਾਂ ਬੱਚਿਆਂ ਦੀ ਗਿਣਤੀ 1,000 ਤੋਂ ਟੱਪ ਚੁੱਕੀ ਹੈ। ਅਲਬਰਟਾ ਸੂਬੇ ਦੇ ਬਰੈਂਡਨ ਰੈਜ਼ੀਡੈਸ਼ਲ ਸਕੂਲ ਦੀਆਂ ਕਬਰਾਂ ਵਿੱਚੋਂ ਮਿਲੇ 104 ਪਿੰਜਰਾਂ ਵਿੱਚੋਂ ਕੇਵਲ 78 ਦੀ ਹੀ ਸ਼ਨਾਖ਼ਤ ਕੀਤੀ ਗਈ ਹੈ ਜਦਕਿ ਬਾਕੀ ਬੇ-ਨਾਮੇ ਹੀ ਦੱਬ ਦਿੱਤੇ ਗਏ।
ਇਹਨਾਂ ਸਕੂਲਾਂ ਵਿੱਚ ਬੱਚਿਆਂ ਨਾਲ ਹੋਈਆਂ ਵਧੀਕੀਆਂ ਨੂੰ ਸਵੀਕਾਰ ਕਰਦਿਆਂ ਐਂਗਲੀਕਨ, ਪਰਿਸਬੀਟੇਰੀਅਨ ਅਤੇ ਯੂਨਾਈਟਡ ਚਰਚ ਨੇ ਸਮੇਂ ਦਰ ਸਮੇਂ ਮੁਆਫ਼ੀ ਮੰਗੀ ਹੈ, ਪਰ ਕੈਥੋਲਿਕ ਮੱਤ ਵੱਲੋਂ ਅਜੇ ਤੱਕ ਅਜਿਹਾ ਕੋਈ ਸੰਕੇਤ ਨਹੀਂ ਦਿੱਤਾ ਗਿਆ ਹੈ। ਚੇਤੇ ਰਹੇ ਕਿ ਕੈਨੇਡਾ ਦੇ 70 ਪ੍ਰਤੀਸ਼ਤ ਰੈਜ਼ੀਡੈਂਸ਼ਲ ਸਕੂਲਾਂ ਦਾ ਪ੍ਰਬੰਧ ਕੈਥੋਲਿਕ ਚਰਚ ਵੱਲੋਂ ਕੀਤਾ ਜਾਂਦਾ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖ਼ੁਦ ਪੋਪ ਫਰਾਂਸਿਸ ਨੂੰ ਅਪੀਲ ਕੀਤੀ ਹੈ ਕਿ ਉਹ ਕੈਨੇਡਾ ਆ ਕੇ ਇਸਾਈਆਂ ਵੱਲੋਂ ਮੂਲਵਾਸੀਆਂ ਨਾਲ਼ ਕੀਤੇ ਗਏ ਮਾੜੇ ਸਲੂਕ ਨੂੰ ਕਬੂਲ ਕਰਨ ਅਤੇ ਮੁਆਫ਼ੀ ਮੰਗਣ। ਕੈਨੇਡਾ ਦੇ ਕੈਥੋਲਿਕ ਚਰਚਾਂ ਦੇ ਕੁਝ ਅਹੁਦੇਦਾਰ ਪਾਦਰੀਆਂ ਨੇ ਇਸ ਵਤੀਰੇ ਦੀ ਨਿੰਦਿਆ ਕੀਤੀ ਹੈ ਅਤੇ ਆਪਣੇ ਵਿਚਾਰ ਪੋਪ ਤੱਕ ਪੁੱਜਦੇ ਕੀਤੇ ਹਨ। ਇਹ ਤਾਂ ਪਤਾ ਨਹੀਂ ਕਿ ਪੋਪ ਵੱਲੋਂ ਮੁਆਫ਼ੀਨਾਮਾ ਆਵੇਗਾ ਜਾਂ ਨਹੀਂ ਅਤੇ ਜੇ ਆਵੇਗਾ ਵੀ ਤਾਂ ਕਦੋਂ, ਪਰ ਪਿਛਲੇ ਦੋ ਮਹੀਨਿਆਂ ਤੋਂ ਰੈਜ਼ੀਡੈਂਸ਼ਲ ਸਕੂਲਾਂ ਵਿੱਚੋਂ ਮਿਲੀਆਂ ਕਬਰਾਂ ਦੀ ਰੌਸ਼ਨੀ ਵਿੱਚ ਪੋਪ ਨੇ ਬੀਤੇ ਹਫ਼ਤੇ ਮੂਲਵਾਸੀਆਂ ਦੀਆਂ ਸੰਸਥਾਵਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਉਹਨਾਂ ਨੂੰ ਚਾਲੂ ਸਾਲ ਦੇ ਅਖੀਰ ਵਿੱਚ ਵੈਟੀਕਨ ਸਿਟੀ ਆ ਕੇ ਮਿਲਣ।
ਕੈਨੇਡਾ ਨੂੰ ਪਰਵਾਸੀਆਂ ਦਾ ਦੇਸ਼ ਸਮਝਿਆ ਜਾਂਦਾ ਹੈ ਅਤੇ ਇੱਥੇ ਹਰ ਧਰਮ ਦੇ ਲੋਕ ਰਹਿੰਦੇ ਹਨ। ਬਾਵਜੂਦ ਇਸ ਗੱਲ ਦੇ ਕਿ ਉਹਨਾਂ ਦਾ ਆਪਣਾ ਨਿੱਜੀ ਵਿਸ਼ਵਾਸ ਕਿਸ ਧਰਮ ਵਿੱਚ ਹੈ, ਲੱਗਭੱਗ ਸਭ ਨੇ ਇਕ ਆਵਾਜ਼ ਵਿੱਚ ਬੀਤੇ ਸਮੇਂ ਵਿੱਚ ਮੂਲਵਾਸੀਆਂ ਨਾਲ਼ ਹੋਏ ਵਿਤਕਰੇ ਅਤੇ ਨਫ਼ਰਤ ਵਿਰੁੱਧ ਹਾਅ ਦਾ ਨਾਅਰਾ ਹੀ ਨਹੀਂ ਮਾਰਿਆ ਸਗੋਂ ਕੈਨੇਡਾ ਦੇ ਇਤਿਹਾਸਕ ਪਿਛੋਕੜ ‘ਤੇ ਨਮੋਸ਼ੀ ਦਾ ਪ੍ਰਗਟਾਵਾ ਵੀ ਕੀਤਾ ਹੈ। ਕਈਆਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਇਸ ਹਕੀਕਤ ਨੂੰ ਜਾਨਣ ਤੋਂ ਬਾਅਦ ਉਹਨਾਂ ਨੂੰ ਇਸ ਗੱਲ ਦਾ ਵੀ ਦੁੱਖ ਹੋ ਰਿਹਾ ਹੈ ਕਿ ਉਹ ਜਿਸ ਕੈਨੇਡਾ ਦੀ ਖ਼ੁਸ਼ਹਾਲੀ ਦੀ ਧਾਂਕ ਨੂੰ ਮੁੱਖ ਰੱਖ ਕੇ ਏਥੇ ਆ ਕੇ ਵੱਸੇ ਸਨ, ਉਹ ਸੱਚਾਈ ਪੇਤਲੀ ਪੈ ਗਈ ਹੈ।
ਕੈਨੇਡਾ ਵਿੱਚ ਵੱਸ ਰਹੇ ਉਹ ਲੋਕ ਜਿਹਨਾਂ ਦਾ ਆਪਣਾ ਸਬੰਧ ਕਿਸੇ ਘੱਟ ਗਿਣਤੀ ਦੇ ਵਰਗ ਨਾਲ਼ ਹੈ ਅਤੇ ਜਿਹਨਾਂ ਨੂੰ ਆਪਣੇ ਜੰਮਣ-ਮੁਲਕਾਂ ਵਿੱਚ ਕਿਸੇ ਸਿਆਸੀ ਤਾਕਤ ਦੀ ਧੌਂਸ ਦਾ ਸ਼ਿਕਾਰ ਹੋਣਾ ਪਿਆ ਹੈ, ਉਹ ਮੂਲਵਾਸੀਆਂ ਦੀਆਂ ਸਮੱਸਿਆਵਾਂ ਨੂੰ ਸੌਖਿਆਂ ਹੀ ਸਮਝ ਸਕਦੇ ਹਨ। ਇਹੀ ਕਾਰਨ ਹੈ ਕਿ ਉਹਨਾਂ ਵੱਲੋਂ ਅਤੀਤ ਵਿੱਚ ਮੂਲਵਾਸੀਆਂ ਦੀ ਕੀਤੀ ਗਈ ਦੁਰਦਸ਼ਾ ਅਤੇ ਉਹਨਾਂ ਦੇ ਮੌਜੂਦਾ ਹਾਲਾਤ ਨੂੰ ਸੁਧਾਰਨ ਲਈ ਸਰਕਾਰਾਂ ਵੱਲੋਂ ਨਿਰੋਏ ਕਦਮ ਚੁੱਕਣ ਦੀ ਮੰਗ ਦੀਆਂ ਆਵਾਜ਼ਾਂ ਸੁਣੀਆਂ ਜਾ ਸਕਦੀਆਂ ਹਨ। ਇਕ ਹੋਰ ਤੱਥ ਜਿਸ ਵੱਲ ਕਿ ਧਿਆਨ ਦੇਣ ਦੀ ਲੋੜ ਹੈ, ਉਹ ਹੈ ਮੂਲਵਾਸੀ ਔਰਤਾਂ ਅਤੇ ਲੜਕੀਆਂ ਦਾ ਗੁੰਮ ਹੋਣਾ ਅਤੇ ਕਤਲ ਹੋਣਾ। ਇਸ ਸਬੰਧ ਵਿੱਚ ਕੈਨੇਡੀਅਨ ਸਰਕਾਰ ਨੇ 2016 ਵਿੱਚ ਇਕ ਕੌਮੀ ਜਾਂਚ ਦਾ ਐਲਾਨ ਕੀਤਾ ਸੀ। ਇਸ ਦਾ ਵੱਡਾ ਕਾਰਨ ਉਹ ਅੱਖਾਂ ਖੋਲ੍ਹਣ ਵਾਲ਼ਾ ਅੰਕੜਾ ਸੀ ਜਿਸ ਅਨੁਸਾਰ 1980 ਅਤੇ 2012 ਵਿਚਕਾਰ ਔਰਤਾਂ ਦੇ ਕੁੱਲ ਕਤਲਾਂ ਵਿੱਚ ਮੂਲਵਾਸੀ ਔਰਤਾਂ ਦੀ ਗਿਣਤੀ 16 ਪ੍ਰਤੀਸ਼ਤ ਸੀ ਜਦਕਿ ਉਹ ਕੈਨੇਡਾ ਦੀਆਂ ਕੁੱਲ ਔਰਤਾਂ ਦਾ ਕੇਵਲ 4 ਪ੍ਰਤੀਸ਼ਤ ਹਿੱਸਾ ਬਣਦੀਆਂ ਹਨ। ਸਾਲ 2014 ਵਿੱਚ ਕੌਮੀ ਪੁਲਿਸ (ਆਰ.ਸੀ.ਐਮ.ਪੀ) ਵੱਲੋਂ ਤਿਆਰ ਕੀਤੀ ਗਈ ਰੀਪੋਰਟ ਵਿੱਚ ਦੱਸਿਆ ਗਿਆ ਸੀ ਕਿ ਬੀਤੇ 30 ਸਾਲਾਂ ਵਿੱਚ 1,000 ਤੋਂ ਵੱਧ ਮੂਲਵਾਸੀ ਔਰਤਾਂ ਦੇ ਕਤਲ ਹੋਏ ਜਦ ਕਿ 175 ਲਾਪਤਾ ਸਨ।
ਬੇਸ਼ੱਕ ਫੈਡਰਲ ਸਰਕਾਰ ਵੱਲੋਂ ਇਸ ਸਾਲ ਦੇ ਬੱਜਟ ਵਿੱਚ ਮੂਲਵਾਸੀਆਂ ਦੀ ਇਸ ਗੰਭੀਰ ਸਮੱਸਿਆ ਦੇ ਸਾਰਥਿਕ ਹੱਲ ਲਈ 2.2 ਬਿਲੀਅਨ ਡਾਲਰ ਦੀ ਰਾਸ਼ੀ ਰੱਖੀ ਗਈ ਹੈ ਅਤੇ ਗੁੰਮਸ਼ੁਦਾ ਔਰਤਾਂ ਨੂੰ ਲੱਭਣ ਅਤੇ ਉਹਨਾਂ ਦੇ ਮੁੜ ਵਸੇਬੇ ਲਈ ਕਦਮ ਪੁੱਟ ਜਾ ਰਹੇ ਹਨ, ਪਰ ਮੂਲਵਾਸੀਆਂ ਨਾਲ ਹੋਏ/ਹੋ ਰਹੇ ਜ਼ੁਲਮ ਨੂੰ ਰੋਕਣ/ਖ਼ਤਮ ਕਰਨ ਲਈ ਖਾਸਾ ਵਕਤ ਲੱਗੇਗਾ।
ਮੂਲਵਾਸੀਆਂ ਅਤੇ ਮਨੁੱਖੀ-ਅਧਿਕਾਰ ਸੰਸਥਾਵਾਂ ਦੀ ਮੰਗ ਹੈ ਕਿ ਮੂਲਵਾਸੀਆਂ ਦੇ ਨੇਸਤੋ ਨਾਬੂਦ ਨੂੰ ਜੈਨੋਸਾਈਡ (ਨਸਲਕੁਸ਼ੀ) ਗਰਦਾਨਿਆ ਜਾਵੇ ਪ੍ਰੰਤੂ ਅਜੇ ਤੱਕ ਇਸ ਮੰਗ ਦੀ ਪੂਰਤੀ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਓਧਰ, ਰੈਜ਼ੀਡੈਸ਼ਲ ਸਕੂਲਾਂ ‘ਚੋਂ ਮਿਲੀਆਂ ਕਬਰਾਂ (ਅਤੇ ਕਬਰਾਂ ‘ਚੋਂ ਮਿਲੇ ਮਾਸੂਮ ਬੱਚਿਆਂ ਦੇ ਪਿੰਜਰਾਂ) ਤੋਂ ਭੈਭੀਤ ਹੋ ਕੇ ਸੂਬਾਈ ਸਰਕਾਰਾਂ ਵੱਲੋਂ ਬਾਕੀ ਦੇ ਰੈਜ਼ੀਡੈਂਸ਼ਲ ਸਕੂਲਾਂ ਨੇੜਲੀਆਂ ਕਬਰਾਂ ਨੂੰ ਵੀ ਪੁੱਟਣ ਲਈ ਕਈ ਮਿਲੀਅਨ ਡਾਲਰਾਂ ਦਾ ਐਲਾਨ ਕੀਤਾ ਗਿਆ ਹੈ।
ਨਿਰਸੰਦੇਹ, ਇਸ ਕਾਰਵਾਈ ਨਾਲ਼ ਨੇੜਲੇ ਭਵਿੱਖ ਵਿੱਚ ਕੈਨੇਡਾ ਦੇ ਬਾਕੀ ਰੈਜ਼ੀਡੈਂਸ਼ਲ ਸਕੂਲਾਂ ਵਿੱਚੋਂ ਵੀ ਮੂਲਵਾਸੀ ਬੱਚਿਆਂ ਦੇ ਪਿੰਜਰਾਂ ਦਾ ਮਿਲਣਾ ਲੱਗਭੱਗ ਯਕੀਨੀ ਹੈ। ਇਹਨਾਂ ਸਕੂਲਾਂ ਦੇ ਘਿਨਾਉਣੇ, ਗ਼ੈਰ-ਮਨੁੱਖੀ, ਗ਼ੈਰ-ਇਖ਼ਲਾਕੀ ਅਤੇ ਗ਼ੈਰ-ਕਾਨੂੰਨੀ ਵਾਤਾਵਰਣ ਦੇ ਸ਼ਿਕਾਰ ਹੋਏ ਲੱਗਭੱਗ 80,000 ਮੂਲਵਾਸੀ ਹਾਲੇ ਵੀ ਜ਼ਿੰਦਾ ਹਨ ਜੋ ਕਿ ਉਸ ਵੇਲ਼ੇ ਦੇ ਜਿਸਮਾਨੀ ਤੇ ਮਾਨਸਿਕ ਤਸ਼ੱਦਦ ਦੀ ਜਿਉਂਦੀ ਜਾਗਦੀ ਮਿਸਾਲ ਹਨ। ਇਹਨਾਂ ਘਟਨਾਵਾਂ ਤੋਂ ਪਰਦਾ ਉਠਣ ਨਾਲ਼ ਕੈਨੇਡਾ ਦੇ ਅਕਸ ਨੂੰ ਡਾਢੀ ਢਾਹ ਲੱਗੀ ਹੈ। ਇਸ ਅਕਸ ਨੂੰ ਸਾਫ ਕਰਨ ਲਈ ਖਾਸਾ ਵਕਤ ਲੱਗੇਗਾ।
ਮੂਲਵਾਸੀਆਂ ਵੱਲੋਂ ਸਰਕਾਰਾਂ ਕੋਲ਼ੋਂ ਲਗਾਤਾਰ ਕੀਤੀ ਜਾ ਰਹੀ ਇਨਸਾਫ਼ ਦੀ ਜਾਇਜ਼ ਮੰਗ ਨੂੰ ਸੁਰਜੀਤ ਪਾਤਰ ਦਾ ਇਹ ਸ਼ਿਅਰ ਬਾਖ਼ੂਬੀ ਬਿਆਨ ਕਰਦਾ ਹੈ:
ਧਰਮ ਹੈ, ਇਖ਼ਲਾਕ ਹੈ, ਕਾਨੂੰਨ ਹੈ ਇਹ ਕੌਣ ਹੈ
ਮੇਰਿਆਂ ਬਿਰਖਾਂ ਤੇਰੀ ਬਰਸਾਤ ਵਿਚਲਾ ਫ਼ਾਸਿਲਾ

Check Also

Iknoor World – Toy Review India

Iknoor World is one of the top channels with Indian toy review, gameplay, travel vlogs, …