Breaking News
Home / ਸੰਪਾਦਕੀ / ਕਿਸਾਨ ਅੰਦੋਲਨ ਨੂੰ ਹਿੰਸਕ ਰੂਪ ਅਖ਼ਤਿਆਰ ਕਰਨ ਤੋਂ ਰੋਕਣ ਦੀ ਲੋੜ

ਕਿਸਾਨ ਅੰਦੋਲਨ ਨੂੰ ਹਿੰਸਕ ਰੂਪ ਅਖ਼ਤਿਆਰ ਕਰਨ ਤੋਂ ਰੋਕਣ ਦੀ ਲੋੜ

ਕਿਸਾਨ ਅੰਦੋਲਨ ਦੇ ਪ੍ਰਸੰਗ ਵਿਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਪਿਛਲੇ 9 ਮਹੀਨਿਆਂ ਤੋਂ ਨਿਰੰਤਰ ਕਿਸਾਨ ਅੰਦੋਲਨ ਚੱਲ ਰਿਹਾ ਹੈ। ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਦੋਵਾਂ ਵਲੋਂ ਆਪੋ-ਆਪਣੇ ਸਟੈਂਡ ‘ਤੇ ਅੜੇ ਰਹਿਣ ਕਾਰਨ ਮਸਲੇ ਦਾ ਕੋਈ ਹੱਲ ਨਹੀਂ ਨਿਕਲ ਸਕਿਆ। ਗਰਮੀ, ਸਰਦੀ, ਮੀਂਹ ਅਤੇ ਹਨੇਰੀ ਵਿਚ ਕਿਸਾਨ ਪੰਜਾਬ ਤੇ ਹਰਿਆਣਾ ਵਿਚ ਸੈਂਕੜੇ ਥਾਵਾਂ ‘ਤੇ ਅਤੇ ਦਿੱਲੀ ਦੀਆਂ ਸਰਹੱਦਾਂ ਦੇ ਆਲੇ-ਦੁਆਲੇ ਲਗਾਤਾਰ ਧਰਨੇ ਦੇ ਰਹੇ ਹਨ। ਪੰਜਾਬ ਅਤੇ ਹਰਿਆਣਾ ਵਿਚ ਕਾਰਪੋਰੇਟ ਕੰਪਨੀਆਂ ਦੇ ਕਾਰੋਬਾਰੀ ਅਦਾਰਿਆਂ ਅਤੇ ਟੋਲ ਪਲਾਜ਼ਿਆਂ ‘ਤੇ ਵੀ ਕਿਸਾਨਾਂ ਵਲੋਂ ਧਰਨੇ ਦਿੱਤੇ ਜਾ ਰਹੇ ਹਨ। ਇਸ ਤੋਂ ਇਲਾਵਾ ਦੋਵਾਂ ਰਾਜਾਂ ਵਿਚ ਕਿਸਾਨਾਂ ਵਲੋਂ ਭਾਜਪਾ ਦੇ ਦਫ਼ਤਰਾਂ ਅਤੇ ਸੀਨੀਅਰ ਭਾਜਪਾ ਆਗੂਆਂ ਦੇ ਘਰਾਂ ਦੇ ਸਾਹਮਣੇ ਵੀ ਧਰਨੇ ਦਿੱਤੇ ਜਾ ਰਹੇ ਹਨ ਅਤੇ ਰੋਸ ਪ੍ਰਗਟਾਵੇ ਕੀਤੇ ਜਾ ਰਹੇ ਹਨ। ਪਿਛਲੇ ਕੁਝ ਸਮੇਂ ਤੋਂ ਦੋਵਾਂ ਰਾਜਾਂ ਵਿਚ ਇਕ ਤਰ੍ਹਾਂ ਨਾਲ ਕਿਸਾਨਾਂ ਨੇ ਭਾਰਤੀ ਜਨਤਾ ਪਾਰਟੀ ਦੀਆਂ ਸਾਰੀਆਂ ਹੀ ਰਾਜਨੀਤਕ ਸਰਗਰਮੀਆਂ ਠੱਪ ਕਰਕੇ ਰੱਖ ਦਿੱਤੀਆਂ ਹਨ। ਉਨ੍ਹਾਂ ਨੂੰ ਕਿਸੇ ਵੀ ਥਾਂ ‘ਤੇ ਪਾਰਟੀ ਮੀਟਿੰਗਾਂ ਜਾਂ ਰੈਲੀਆਂ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਰਹੀ। ਹਰਿਆਣਾ ਵਿਚ ਤਾਂ ਅੰਦੋਲਨਕਾਰੀ ਕਿਸਾਨਾਂ ਵਲੋਂ ਭਾਜਪਾ ਤੇ ਜੇ.ਜੇ.ਪੀ. ਗੱਠਜੋੜ ਸਰਕਾਰ ਦੇ ਮੰਤਰੀਆਂ ਦੇ ਸਰਕਾਰੀ ਤੇ ਗ਼ੈਰ-ਸਰਕਾਰੀ ਦੌਰਿਆਂ ਦਾ ਵੀ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਇਕ ਤਰ੍ਹਾਂ ਨਾਲ ਹਰਿਆਣਾ ਵਿਚ ਭਾਜਪਾ ਦੀ ਰਾਜ ਸਰਕਾਰ ਠੱਪ ਹੋ ਕੇ ਰਹਿ ਗਈ ਹੈ।
ਪੰਜਾਬ ਅਤੇ ਹਰਿਆਣਾ ਦੋਵਾਂ ਰਾਜਾਂ ਵਿਚ ਹਰ ਰੋਜ਼ ਭਾਜਪਾ ਆਗੂਆਂ ਅਤੇ ਅੰਦੋਲਨਕਾਰੀ ਕਿਸਾਨਾਂ ਦਰਮਿਆਨ ਟਕਰਾਅ ਅਤੇ ਝੜਪਾਂ ਦੇਖਣ ਨੂੰ ਮਿਲ ਰਹੀਆਂ ਹਨ। ਬਹੁਤਾ ਪਿੱਛੇ ਨਾ ਵੀ ਜਾਈਏ, ਜੇ 11 ਜੁਲਾਈ ਦੇ ਘਟਨਾਕ੍ਰਮ ਨੂੰ ਹੀ ਦੇਖੀਏ ਤਾਂ ਸਥਿਤੀ ਬੇਹੱਦ ਚਿੰਤਾਜਨਕ ਨਜ਼ਰ ਆ ਰਹੀ ਹੈ। ਰਾਜਪੁਰੇ ਵਿਚ ਪੰਜਾਬ ਭਾਜਪਾ ਦੇ ਆਗੂ ਭੁਪੇਸ਼ ਅਗਰਵਾਲ ਨੂੰ ਅਰਜਨ ਨਗਰ ਵਿਚ ਇਕ ਭਾਜਪਾ ਵਰਕਰ ਦੀ ਨਿੱਜੀ ਕੋਠੀ ਵਿਚ ਘੇਰ ਲਿਆ ਅਤੇ ਐਤਵਾਰ ਰਾਤ ਨੂੰ ਸਵੇਰੇ 4 ਵਜੇ ਤੱਕ ਭੁਪੇਸ਼ ਅਗਰਵਾਲ ਸਮੇਤ ਕੁਝ ਹੋਰ ਭਾਜਪਾ ਆਗੂਆਂ ਨੂੰ ਇਸ ਕੋਠੀ ਵਿਚ ਹੀ ਰਹਿਣਾ ਪਿਆ। ਪੁਲਿਸ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਦਖ਼ਲ ਤੋਂ ਬਾਅਦ ਕਿਸਾਨਾਂ ‘ਤੇ ਲਾਠੀਚਾਰਜ ਕਰਕੇ ਕੋਠੀ ਵਿਚ ਘਿਰੇ ਭਾਜਪਾ ਆਗੂਆਂ ਨੂੰ ਛੁਡਵਾਇਆ। ਇਸ ਘਟਨਾ ਦੇ ਪ੍ਰਾਪਤ ਹੋਏ ਵੇਰਵੇ ਅਨੁਸਾਰ, ਰਾਜਪੁਰੇ ਵਿਚ ਭਾਜਪਾ ਆਗੂਆਂ ਨੇ ਪਹਿਲਾਂ ਭਾਰਤੀ ਵਿਕਾਸ ਪ੍ਰੀਸ਼ਦ ਦੇ ਸਥਾਨਕ ਦਫ਼ਤਰ ਵਿਚ ਮੀਟਿੰਗ ਰੱਖੀ ਸੀ। ਪਰ ਉਥੇ ਕਿਸਾਨ ਵੱਡੀ ਗਿਣਤੀ ਵਿਚ ਜਮ੍ਹਾਂ ਹੋ ਗਏ ਅਤੇ ਪੁਲਿਸ ਨੇ ਇਸ ਦਫ਼ਤਰ ਵਿਚੋਂ ਭਾਜਪਾ ਆਗੂਆਂ ਨੂੰ ਬਾਹਰ ਕੱਢ ਲਿਆ ਸੀ। ਇਸ ਤੋਂ ਬਾਅਦ ਕਿਸਾਨਾਂ ਅਤੇ ਇਕ ਭਾਜਪਾ ਕੌਂਸਲਰ ਦਰਮਿਆਨ ਖਿੱਚ ਧੂਹ ਹੋਈ ਅਤੇ ਭਾਜਪਾ ਆਗੂ ਭੁਪੇਸ਼ ਅਗਰਵਾਲ ਨੇ ਰਾਜਪੁਰੇ ਦੇ ਲਾਇਨਜ਼ ਕਲੱਬ ਵਿਚ ਪ੍ਰੈੱਸ ਕਾਨਫ਼ਰੰਸ ਕਰਕੇ ਕਿਸਾਨਾਂ ਨੂੰ ਚੁਣੌਤੀ ਦਿੱਤੀ ਕਿ ਉਹ ਅਰਜਨ ਕਾਲੋਨੀ ਵਿਚ ਇਕ ਹੋਰ ਮੀਟਿੰਗ ਕਰਨ ਜਾ ਰਹੇ ਹਨ ਤੇ ਜੇ ਕਿਸਾਨਾਂ ਵਿਚ ਹਿੰਮਤ ਹੈ ਤਾਂ ਉਨ੍ਹਾਂ ਨੂੰ ਰੋਕ ਲੈਣ। ਇਸ ਤੋਂ ਬਾਅਦ ਅਰਜਨ ਨਗਰ ਵਿਚ ਭੁਪੇਸ਼ ਅਗਰਵਾਲ ਨੂੰ ਕਿਸਾਨਾਂ ਨੇ ਇਕ ਭਾਜਪਾ ਵਰਕਰ ਦੀ ਕੋਠੀ ਵਿਚ ਮੁੜ ਘੇਰ ਲਿਆ ਅਤੇ ਜਿਸ ਕਾਰਨ ਸਥਿਤੀ ਮੁੜ ਤਣਾਅਪੂਰਨ ਬਣ ਗਈ। ਕਿਸਾਨਾਂ ਨੇ ਇਹ ਵੀ ਦੋਸ਼ ਲਾਇਆ ਹੈ ਕਿ ਭੁਪੇਸ਼ ਅਗਰਵਾਲ ਨੇ ਉਨ੍ਹਾਂ ਦੇ ਖਿਲਾਫ਼ ਮੰਦੀ ਸ਼ਬਦਾਵਲੀ ਵਰਤੀ ਸੀ ਅਤੇ ਉਨ੍ਹਾਂ ਨੂੰ ਧਮਕੀਆਂ ਵੀ ਦਿੱਤੀਆਂ ਸਨ। ਇਸ ਮਾਮਲੇ ਵਿਚ ਪੁਲਿਸ ਨੇ 150 ਦੇ ਲਗਭਗ ਕਿਸਾਨਾਂ ‘ਤੇ ਕੇਸ ਵੀ ਦਰਜ ਕੀਤਾ ਹੈ ਅਤੇ ਇਸ ਸਬੰਧੀ ਕੀਤੀ ਗਈ ਕਾਰਵਾਈ ਬਾਰੇ ਹਾਈ ਕੋਰਟ ਵਿਚ ਵੀ ਆਪਣਾ ਜਵਾਬ ਦਾਖ਼ਲ ਕੀਤਾ ਹੈ। ਦੂਜੇ ਪਾਸੇ ਕਿਸਾਨਾਂ ਨੇ ਵੀ ਇਹ ਮੰਗ ਕੀਤੀ ਹੈ ਕਿ ਮੰਦੀ ਸ਼ਬਦਾਵਲੀ ਵਰਤਣ ਵਾਲੇ ਭਾਜਪਾ ਆਗੂਆਂ ਖਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਸੇ ਤਰ੍ਹਾਂ ਹਰਿਆਣਾ ਦੇ ਸ਼ਹਿਰ ਸਿਰਸਾ ਵਿਚ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦੇ ਬਾਹਰ ਅੰਦੋਲਨਕਾਰੀ ਕਿਸਾਨਾਂ ਅਤੇ ਪੁਲਿਸ ਦਰਮਿਆਨ ਤਿੱਖੀਆਂ ਝੜਪਾਂ ਹੋਈਆਂ। ਪੁਲਿਸ ਨੇ ਕਿਸਾਨਾਂ ਉੱਪਰ ਲਾਠੀਚਾਰਜ ਕੀਤਾ, ਅਨੇਕਾਂ ਕਿਸਾਨ ਜ਼ਖ਼ਮੀ ਹੋਏ ਅਤੇ ਕਈਆਂ ਦੇ ਕੱਪੜੇ ਵੀ ਫਟ ਗਏ। ਯੂਨੀਵਰਸਿਟੀ ਵਿਚ ਦਾਖ਼ਲ ਹੋਣ ਵਾਲੇ ਕਿਸਾਨਾਂ ਨੂੰ ਵੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਵਿਚ ਭਾਜਪਾ ਦੀ ਇਕ ਮੀਟਿੰਗ ਰੱਖੀ ਗਈ ਸੀ, ਜਿਸ ਨੂੰ ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਣਵੀਰ ਸਿੰਘ ਗੰਗੂਆ ਅਤੇ ਸੰਸਦ ਮੈਂਬਰ ਸੁਨੀਤਾ ਦੁੱਗਲ ਸੰਬੋਧਨ ਕਰਨ ਪੁੱਜੇ ਸਨ। ਕਿਸਾਨਾਂ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਉਹ ਉਥੇ ਭਾਜਪਾ ਆਗੂਆਂ ਦਾ ਘਿਰਾਓ ਕਰਨ ਲਈ ਪੁੱਜ ਗਏ, ਜਿਸ ਕਾਰਨ ਕਿਸਾਨਾਂ ਅਤੇ ਪੁਲਿਸ ਦਰਮਿਆਨ ਟਕਰਾਓ ਹੋ ਗਿਆ। ਇਸੇ ਤਰ੍ਹਾਂ 11 ਜੁਲਾਈ ਨੂੰ ਹੀ ਫਤਿਆਬਾਦ, ਝੱਜਰ ਤੇ ਅੰਬਾਲਾ ਵਿਚ ਵੀ ਕਿਸਾਨਾਂ ਵਲੋਂ ਪਾਰਟੀ ਮੀਟਿੰਗਾਂ ਕਰਨ ਆਏ ਭਾਜਪਾ ਨੇਤਾਵਾਂ ਦੇ ਘਿਰਾਓ ਕੀਤੇ ਗਏ। ਇਸ ਤੋਂ ਪਹਿਲਾਂ 10 ਜੁਲਾਈ ਨੂੰ ਵੀ ਕਿਸਾਨਾਂ ਵਲੋਂ ਜੀਂਦ, ਹਿਸਾਰ ਤੇ ਯਮੁਨਾਨਗਰ ਵਿਚ ਭਾਜਪਾ ਨੇਤਾਵਾਂ ਦੇ ਘਿਰਾਓ ਕੀਤੇ ਗਏ।
ਇਸੇ ਦੌਰਾਨ ਇਹ ਵੀ ਜਾਣਕਾਰੀ ਮਿਲੀ ਹੈ ਕਿ ਚੰਡੀਗੜ੍ਹ ਵਿਚ ਭਾਜਪਾ ਦੇ ਸੀਨੀਅਰ ਆਗੂਆਂ ਜਿਨ੍ਹਾਂ ਵਿਚ ਅਸ਼ਵਨੀ ਕੁਮਾਰ ਸ਼ਰਮਾ, ਹਰਜੀਤ ਸਿੰਘ ਗਰੇਵਾਲ ਅਤੇ ਸੁਰਜੀਤ ਜਿਆਣੀ ਆਦਿ ਸ਼ਾਮਿਲ ਸਨ, ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਪੰਜਾਬ ਵਿਚ ਕਿਸਾਨਾਂ ਵਲੋਂ ਭਾਜਪਾ ਨੇਤਾਵਾਂ ਦੇ ਥਾਂ-ਥਾਂ ਕੀਤੇ ਜਾ ਰਹੇ ਘਿਰਾਓ ਅਤੇ ਅਨੇਕਾਂ ਥਾਵਾਂ ‘ਤੇ ਭਾਜਪਾ ਆਗੂਆਂ ਅਤੇ ਕਾਰਕੁੰਨਾਂ ‘ਤੇ ਹੋ ਰਹੇ ਹਮਲਿਆਂ (ਉਨ੍ਹਾਂ ਦੇ ਕਹਿਣ ਅਨੁਸਾਰ) ਨੂੰ ਮੁੱਖ ਰੱਖ ਕੇ ਮੁਲਾਕਾਤ ਕੀਤੀ ਹੈ ਅਤੇ ਉਨ੍ਹਾਂ ਦਾ ਰਾਜ ਵਿਚ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਵੱਲ ਧਿਆਨ ਦਿਵਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਜਪਾ ਆਗੂਆਂ ਅਤੇ ਵਰਕਰਾਂ ‘ਤੇ ਹੋ ਰਹੇ ਹਮਲੇ ਉਨ੍ਹਾਂ ਦੇ ਜਮਹੂਰੀ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ, ਇਸ ਲਈ ਉਨ੍ਹਾਂ ਨੂੰ ਪਾਰਟੀ ਸਰਗਰਮੀਆਂ ਲਈ ਸੁਰੱਖਿਆ ਮੁਹੱਈਆ ਕੀਤੀ ਜਾਵੇ। ਇਸ ਮੁਲਾਕਾਤ ਤੋਂ ਪਹਿਲਾਂ ਭਾਜਪਾ ਦੇ ਕੁਝ ਸੀਨੀਅਰ ਆਗੂਆਂ ਨੇ ਮੁੱਖ ਮੰਤਰੀ ਦੇ ਨਿਵਾਸ ਅਸਥਾਨ ਸਾਹਮਣੇ ਧਰਨਾ ਵੀ ਦੇ ਦਿੱਤਾ ਸੀ ਅਤੇ ਇਸ ਧਰਨੇ ਕਾਰਨ ਹੀ ਮੁੱਖ ਮੰਤਰੀ ਵਲੋਂ ਭਾਜਪਾ ਆਗੂਆਂ ਨੂੰ ਅੰਦਰ ਬੁਲਾ ਕੇ ਉਨ੍ਹਾਂ ਨਾਲ ਮੀਟਿੰਗ ਕੀਤੀ ਗਈ। ਮੁੱਖ ਮੰਤਰੀ ਨੂੰ ਮਿਲਣ ਤੋਂ ਬਾਅਦ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਨੇ ਉਨ੍ਹਾਂ ਦੀ ਗੱਲ ਨੂੰ ਧਿਆਨ ਨਾਲ ਸੁਣਿਆ ਹੈ ਪਰ ਇਸ ਗੱਲ ਦਾ ਆਉਣ ਵਾਲੇ ਸਮੇਂ ਵਿਚ ਹੀ ਪਤਾ ਲੱਗੇਗਾ ਕਿ ਕੈਪਟਨ ਸਰਕਾਰ ਦੋਸ਼ੀ ਕਿਸਾਨਾਂ ਵਿਰੁੱਧ ਕੀ ਕਦਮ ਚੁੱਕਦੀ ਹੈ।
ਪਿਛਲੇ ਲੰਮੇ ਸਮੇਂ ਤੋਂ ਅੰਦੋਲਨਕਾਰੀ ਕਿਸਾਨਾਂ ਅਤੇ ਭਾਜਪਾ ਦਰਮਿਆਨ ਵਧ ਰਹੇ ਟਕਰਾਅ ਨੂੰ ਮੁੱਖ ਰੱਖਦਿਆਂ ਹੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੁਝ ਦਿਨ ਪਹਿਲਾਂ ਇਹ ਬਿਆਨ ਵੀ ਦਿੱਤਾ ਸੀ ਕਿ ਜੇਕਰ ਉਨ੍ਹਾਂ ਦਾ ਧੀਰਜ ਜਵਾਬ ਦੇ ਗਿਆ ਤਾਂ ਇਸ ਦੇ ਗੰਭੀਰ ਸਿੱਟੇ ਨਿਕਲਣਗੇ। ਬਿਨਾਂ ਸ਼ੱਕ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਇਹ ਬਿਆਨ ਧਿਆਨ ਮੰਗਦਾ ਹੈ।
ਜੇਕਰ ਕੇਂਦਰ ਸਰਕਾਰ ਵਲੋਂ ਨਵੇਂ ਸਿਰੇ ਤੋਂ ਕਿਸਾਨਾਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਜਾਂਦਾ ਹੈ ਤਾਂ ਉਨ੍ਹਾਂ ਨੂੰ ਵੀ ਇਸ ਦਾ ਹਾਂ-ਪੱਖੀ ਹੁੰਗਾਰਾ ਭਰਨਾ ਚਾਹੀਦਾ ਹੈ। ਕਿਉਂਕਿ ਕਿਸਾਨ ਅੰਦੋਲਨ ਹੁਣ ਇਕ ਅਜਿਹੇ ਪੜਾਅ ‘ਤੇ ਪਹੁੰਚ ਚੁੱਕਾ ਹੈ, ਜਿਥੋਂ ਅੱਗੇ ਇਹ ਹੋਰ ਲਮਕਦਾ ਹੈ ਤਾਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਸਾਰੇ ਯਤਨਾਂ ਦੇ ਬਾਵਜੂਦ ਇਸ ਦਾ ਅਮਨ ਪੂਰਵਕ ਰਹਿਣਾ ਮੁਸ਼ਕਿਲ ਹੋ ਸਕਦਾ ਹੈ। ਕਿਉਂਕਿ ਪਿਛਲੇ 9 ਮਹੀਨਿਆਂ ਤੋਂ ਬਹੁਤ ਹੀ ਸਖ਼ਤ ਹਾਲਾਤ ਵਿਚ ਕਿਸਾਨ ਧਰਨਿਆਂ ‘ਤੇ ਬੈਠੇ ਹਨ ਅਤੇ 500 ਤੋਂ ਵੱਧ ਕਿਸਾਨ ਇਸ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਵੀ ਵਾਰ ਚੁੱਕੇ ਹਨ। ਬਿਨਾਂ ਸ਼ੱਕ ਕਿਸਾਨਾਂ ਦਾ ਧੀਰਜ ਵੀ ਹੁਣ ਵੱਡੀ ਹੱਦ ਤੱਕ ਟੁੱਟਦਾ ਜਾ ਰਿਹਾ ਹੈ। ਉਨ੍ਹਾਂ ਵਿਚ ਗੁੱਸਾ ਵਧਦਾ ਜਾ ਰਿਹਾ ਹੈ। ਇਸ ਦਾ ਪ੍ਰਗਟਾਵਾ ਇਸ ਗੱਲ ਤੋਂ ਵੀ ਹੋ ਸਕਦਾ ਹੈ ਕਿ ਹੁਣ ਪੰਜਾਬ ਵਿਚ ਅਨੇਕਾਂ ਥਾਵਾਂ ‘ਤੇ ਭਾਜਪਾ ਆਗੂਆਂ ਦੇ ਨਾਲ-ਨਾਲ ਕਾਂਗਰਸ ਅਤੇ ਅਕਾਲੀ ਦਲ ਦੇ ਆਗੂਆਂ ਦਾ ਵੀ ਕਿਸਾਨਾਂ ਨੇ ਘਿਰਾਓ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਇਕ ਤਰ੍ਹਾਂ ਨਾਲ ਸਾਰੇ ਰਾਜਨੀਤਕ ਦਲਾਂ ਨਾਲ ਕਿਸਾਨ ਅੰਦੋਲਨਕਾਰੀ ਟਕਰਾਓ ਵਿਚ ਆ ਸਕਦੇ ਹਨ। ਇਹ ਸਥਿਤੀ ਜਿਥੇ ਅਮਨ-ਕਾਨੂੰਨ ਦੇ ਪੱਖ ਤੋਂ ਰਾਜ ਲਈ ਚਿੰਤਾਜਨਕ ਹੋਵੇਗੀ, ਉਥੇ ਕਿਸਾਨ ਅੰਦੋਲਨ ਲਈ ਵੀ ਇਹ ਹਾਲਾਤ ਸਾਜ਼ਗਾਰ ਨਹੀਂ ਹੋਣਗੇ। ਇਸ ਲਈ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਨੂੰ ਪੈਦਾ ਹੋ ਰਹੀ ਇਸ ਸਥਿਤੀ ਵੱਲ ਖ਼ਾਸ ਤੌਰ ‘ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਅੰਦੋਲਨ ਨੂੰ ਹਰ ਹਾਲਤ ਵਿਚ ਪੁਰਅਮਨ ਅਤੇ ਅਨੁਸ਼ਾਸਨ ਵਿਚ ਰੱਖਣ ਲਈ ਸਪੱਸ਼ਟ ਹਦਾਇਤਾਂ ਦੇਣੀਆਂ ਚਾਹੀਦੀਆਂ ਹਨ। ਉਨ੍ਹਾਂ ਨੂੰ ਭਾਜਪਾ ਜਾਂ ਹੋਰ ਪਾਰਟੀਆਂ ਦੇ ਆਗੂਆਂ ਤੋਂ ਇਕ ਨਿਸਚਿਤ ਦੂਰੀ ‘ਤੇ ਰਹਿ ਕੇ ਹੀ ਅਮਨ ਪੂਰਵਕ ਰੋਸ ਪ੍ਰਗਟ ਕਰਨਾ ਚਾਹੀਦਾ ਹੈ। ਕਾਨੂੰਨ ਹਰਗਿਜ਼ ਆਪਣੇ ਹੱਥ ਵਿਚ ਲੈਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਕਿਸੇ ਵੀ ਰੂਪ ਵਿਚ ਇਸ ਅੰਦੋਲਨ ਦਾ ਹਿੰਸਕ ਹੋਣਾ ਭਾਈਚਾਰਕ ਸਾਂਝ ਨੂੰ ਵੱਡੀ ਢਾਹ ਲਾਏਗਾ ਅਤੇ ਅੰਦੋਲਨ ਦੀ ਵੀ ਇਹ ਅਸਫਲਤਾ ਹੀ ਮੰਨੀ ਜਾਏਗੀ। ਹਰਜੀਤ ਸਿੰਘ ਗਰੇਵਾਲ ਤੇ ਸੁਰਜੀਤ ਜਿਆਣੀ ਵਰਗੇ ਭਾਜਪਾ ਆਗੂਆਂ ਨੂੰ ਵੀ ਭੜਕਾਊ ਬਿਆਨਬਾਜ਼ੀ ਤੋਂ ਸੰਕੋਚ ਕਰਨਾ ਚਾਹੀਦਾ ਹੈ।

Check Also

ਇਕ ਵਾਰ ਮੁੜ ਕਰੋਨਾ ਨੇ ਧਾਰਿਆ ਭਿਆਨਕ ਰੂਪ

ਬੀਤੇ ਇਕ ਸਾਲ ਤੋਂ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰਦੀ ਰਹੀ ਆ ਕੋਰੋਨਾ ਮਹਾਂਮਾਰੀ ਨੇ ਜਿੱਥੇ …