18 C
Toronto
Monday, September 15, 2025
spot_img
Homeਸੰਪਾਦਕੀਪੰਜਾਬ ਦੇ ਕਿਸਾਨੀ ਸੰਕਟਦੇ ਸਮਾਜਿਕ ਸਰੋਕਾਰ

ਪੰਜਾਬ ਦੇ ਕਿਸਾਨੀ ਸੰਕਟ ਦੇ ਸਮਾਜਿਕ ਸਰੋਕਾਰ

ਪੰਜਾਬੀ ਦਾ ਇਕ ਅਖਾਣ ਹੈ, ‘ਉਤਮ ਖੇਤੀ, ਮੱਧਮ ਵਪਾਰ, ਨਖਿੱਧ ਚਾਕਰੀ।’ ਖੇਤੀਬਾੜੀ ਨੂੰ ਸ਼ੁਰੂ ਤੋਂ ਹੀ ਇਕ ਪਵਿੱਤਰ, ਨੇਕ ਅਤੇ ਕਿਰਤੀ ਧੰਦਾ ਮੰਨਿਆ ਗਿਆ ਹੈ। ਇਸੇ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਆਪਣੇ ਜੀਵਨ ਵਿਚ ਹੱਥੀਂ ਖੇਤੀ ਕਰਕੇ ਇਸ ਨੂੰ ਜੀਵਨ ਰਾਹ ਦੀ ਪਵਿੱਤਰ ਕਿਰਤ ਦੱਸਿਆ। ਪਰ ਅੱਜ ਦੇ ਮੰਡੀ ਯੁੱਗ ਅਤੇ ਦੁਨਿਆਵੀ ਚਕਾਚੌਂਧ ਦੇ ਸਮੇਂ ਵਿਚ ਹਾਲਾਤ ਇਸ ਤੋਂ ਬਿਲਕੁਲ ਉਲਟ ਹਨ। ਪੁਰਾਣੇ ਸਮਿਆਂ ਵਿਚ ਜਿਸ ਨੌਕਰੀ-ਚਾਕਰੀ ਨੂੰ ਬਹੁਤ ਹੀ ਘਟੀਆ ਮੰਨਿਆ ਜਾਂਦਾ ਸੀ, ਅੱਜ ਨੌਕਰੀ ਨੂੰ ਬਾਦਸ਼ਾਹੀ ਦੇ ਤੁੱਲ ਸਮਝਿਆ ਜਾਂਦਾ ਹੈ। ਪਾਕ-ਪਵਿੱਤਰ ਧੰਦਾ ਮੰਨੀ ਜਾਂਦੀ ਖੇਤੀਬਾੜੀ ਅੱਜ ਇਕ ਨਖਿੱਧ ਅਤੇ ਘਾਟੇ ਵਾਲਾ ਪੇਸ਼ਾ ਬਣ ਕੇ ਰਹਿ ਗਈ ਹੈ।
ਖੇਤੀਬਾੜੀ ਦੇ ਮੰਦਵਾੜੇ ਨਾਲ ਸਬੰਧਤ ਤਕਨੀਕੀ, ਉਤਪਾਦਨੀ ਅਤੇ ਵਿਗਿਆਨਕ ਸਰੋਕਾਰਾਂ ਬਾਰੇ ਬਹੁਤ ਖੋਜ ਹੋ ਚੁੱਕੀ ਹੈ ਅਤੇ ਲਗਾਤਾਰ ਇਨ੍ਹਾਂ ਸਰੋਕਾਰਾਂ ਸਬੰਧੀ ਪੰਜਾਬ ਦੇ ਖੇਤੀਬਾੜੀ ਵਿਭਾਗ, ਯੂਨੀਵਰਸਿਟੀਆਂ ਅਤੇ ਹੋਰ ਸਰਕਾਰੀ ਗੈਰ-ਸਰਕਾਰੀ ਸੰਸਥਾਵਾਂ ਕੰਮ ਕਰ ਰਹੀਆਂ ਹਨ।
ਖੇਤੀ ਖੋਜਾਂ ਦੀਆਂ ਤਾਜ਼ਾ ਰਿਪੋਰਟਾਂ ਇਹ ਤੱਥ ਸਾਹਮਣੇ ਲੈ ਕੇ ਆ ਰਹੀਆਂ ਹਨ ਕਿ ਕਿਸਾਨੀ ਕਰਜ਼ੇ ਦਾ ਵੱਡਾ ਕਾਰਨ ਕਿਸਾਨਾਂ ਦਾ ਗ਼ੈਰ-ਉਤਪਾਦਕੀ ਅਤੇ ਸਮਾਜਿਕ ਰਸਮਾਂ ‘ਤੇ ਜ਼ਿਆਦਾ ਖ਼ਰਚ ਕਰਨਾ ਹੈ। ਕਿਸਾਨੀ ਦੀ ਮੰਦਹਾਲੀ ‘ਤੇ ਹੋਏ ਸਰਵੇਖਣਾਂ ‘ਚ ਇਹ ਸਾਹਮਣੇ ਆਇਆ ਹੈ ਕਿ ਕਿਸਾਨ ਵਲੋਂ ਕਰਜ਼ੇ ਦਾ 59 ਪ੍ਰਤੀਸ਼ਤ ਤੋਂ ਵੱਧ ਹਿੱਸਾ ਅਣਉਤਪਾਦਕੀ ਕੰਮਾਂ ਲਈ ਵਰਤਿਆ ਜਾਂਦਾ ਹੈ। ਉਹ ਕਰਜ਼ਾ ਤਾਂ ਉਤਪਾਦਕੀ ਕੰਮਾਂ ਲਈ ਲੈਂਦਾ ਹੈ, ਪਰ ਉਸ ਨਾਲ ਆਪਣੇ ਧੀਆਂ-ਪੁੱਤਾਂ ਦੇ ਵਿਆਹ ਕਰਦਾ ਹੈ, ਕੋਠੀ ਉਸਾਰਦਾ ਹੈ, ਟਰੈਕਟਰ ਖਰੀਦਦਾ ਹੈ ਅਤੇ ਸਮਾਜ ‘ਚ ਆਪਣੀ ਪੈਂਠ ਬਣਾਉਣ ਲਈ ਹੋਰ ਸਮਾਜਿਕ ਕਾਰ-ਵਿਹਾਰ ਕਰਦਾ ਹੈ। ਜੱਟ ਕਰਜ਼ਾ ਚੁੱਕ ਕੇ ਫ਼ਸਲ ਬੀਜਦਾ ਹੈ, ਕਰਜ਼ਾ ਚੁੱਕ ਕੇ ਮਕਾਨ ਬਣਾਉਂਦਾ ਹੈ, ਟਰੈਕਟਰ ਖਰੀਦਦਾ ਹੈ, ਕਰਜ਼ਾ ਚੁੱਕ ਕੇ ਹੀ ਧੀ-ਪੁੱਤ ਦਾ ਵਿਆਹ ਕਰਦਾ ਹੈ। ਜੱਟ ਦੀ ਸਵੈਮਾਣ ਦੀ ਫ਼ਿਤਰਤ ਕਿਸ ਤਰ੍ਹਾਂ ਉਸਨੂੰ ਖੁਦਕੁਸ਼ੀਆਂ ਦੇ ਰਾਹ ਤੋਰ ਦਿੰਦੀ ਹੈ, ਇਸਦਾ ਸ਼ਾਇਦ ਕਦੇ ਕੋਈ ਅੰਦਾਜ਼ਾ ਨਹੀਂ ਲਗਾਉਂਦਾ। ਅੱਜ ਪੰਜਾਬ ਵਿਚ ਇਮਾਰਤਸਾਜ਼ੀ ਦਾ ਜ਼ੋਰ ਹੈ। ਜਿੱਧਰ ਦੇਖੋ ਕੋਠੀਆਂ ਉਸਰ ਰਹੀਆਂ ਹਨ। ਸ਼ਹਿਰ, ਪਿੰਡ, ਕਸਬੇ ਸਭ ਕੁਝ ਤੇਜ਼ੀ ਨਾਲ ਬਦਲ ਰਿਹਾ ਹੈ। ਹਰੇ-ਭਰੇ ਖੇਤਾਂ ਵਿਚ ਆਲੀਸ਼ਾਨ ਬੰਗਲੇ ਉਸਰ ਰਹੇ ਹਨ। ਜਿਸ ਜੱਟ ਕੋਲ ਢਾਈ ਕਿੱਲੇ ਜ਼ਮੀਨ ਮਸਾਂ ਹੀ ਟੱਬਰ ਦਾ ਰੋਟੀ-ਰਗ ਤੋਰਨ ਜੋਗੀ ਹੈ, ਉਹ ਵੀ ਆਪਣੇ ਖੇਤਾਂ ‘ਚ ਵਿਲ੍ਹੇ ਉਸਾਰਨੇ ਲੋਚਦਾ ਹੈ। ਗੁਆਂਢੀ ਨੇ ਦੋ ਮੰਜ਼ਲਾ ਕੋਠੀ ਪਾਈ ਤਾਂ ਢਾਈ ਕਿੱਲਿਆਂ ਵਾਲੇ ਨੂੰ ਵੀ ਉਦੋਂ ਤੱਕ ਚੈਨ ਦੀ ਨੀਂਦ ਨਹੀਂ ਆਉਂਦੀ ਜਦੋਂ ਤੱਕ ਉਹ ਤਿੰਨ ਮੰਜ਼ਲਾ ਕੋਠੀ ਨਾ ਪਾ ਲਵੇ। ਕਰਜ਼ੇ ਦੀ ਨੀਂਹ ‘ਤੇ ਪਾਈ ਕੋਠੀ ਹੀ ਉਸਦੀ ਮੌਤ ਦਾ ਬੰਗਲਾ ਬਣ ਜਾਂਦੀ ਹੈ।
ਅੱਜ ਦੋ ਕਿੱਲੇ ਜ਼ਮੀਨ ਵਾਲਾ ਜੱਟ ਵੀ ਟਰੈਕਟਰ ਤੋਂ ਬਿਨ੍ਹਾਂ ਖੇਤੀ ਨਹੀਂ ਕਰ ਸਕਦਾ। ਰੀਸ ਕਰਨ ਦੀ ਫ਼ਿਤਰਤ ਜੱਟ ‘ਤੇ ਹਰ ਪਾਸੇ ਭਾਰੂ ਹੈ।
ਮਾਲਵੇ ਦੇ ਸ਼ਹਿਰਾਂ ‘ਚ ਲੱਗਦੀਆਂ ਟਰੈਕਟਰ ਮੰਡੀਆਂ ਇਸ ਵਿਥਿਆ ਨੂੰ ਬਿਆਨਣ ਲਈ ਕਾਫ਼ੀ ਹਨ, ਜਿਥੇ ਛੇ-ਛੇ ਮਹੀਨੇ ਪੁਰਾਣੇ ਟਰੈਕਟਰ ਕਿਸ਼ਤਾਂ ਨਾ ਮੋੜ ਸਕਣ ਕਰਕੇ ਜੱਟਾਂ ਨੂੰ ਅੱਧੀ ਕੀਮਤ ‘ਤੇ ਵੇਚਣੇ ਪੈਂਦੇ ਹਨ। ਸਰਕਾਰੀ ਅੰਕੜਿਆਂ ਅਨੁਸਾਰ ਇਸ ਸਮੇਂ ਪੰਜਾਬ ਵਿਚ 4 ਲੱਖ ਤੋਂ ਵਧੇਰੇ ਟਰੈਕਟਰ ਹਨ, ਜਦੋਂਕਿ ਲੋੜ ਅਨੁਸਾਰ ਪੰਜਾਬ ਦੀ ਖੇਤੀਯੋਗ ਜ਼ਮੀਨ ਲਈ ਕੇਵਲ 50 ਹਜ਼ਾਰ ਟਰੈਕਟਰਾਂ ਦੀ ਹੀ ਲੋੜ ਹੈ। ਕਰਜ਼ੇ ‘ਚ ਵਿੰਨ੍ਹੇ ਪਏ ਕਿਸਾਨਾਂ ਨੇ 10 ਹਜ਼ਾਰ ਕਰੋੜ ਰੁਪਏ ਸਰਮਾਇਆ ਤਾਂ ਟਰੈਕਟਰਾਂ ‘ਤੇ ਹੀ ਉਜਾੜਿਆ ਹੈ।
ਇਹੋ ਹਾਲ ਜੱਟ ਦੇ ਧੀਆਂ ਪੁੱਤਰਾਂ ਦੇ ਵਿਆਹ ਦੇ ਮਾਮਲੇ ਵਿਚ ਹੈ। ਲੋਕ ਲਾਜ ਅੱਜ ਸਾਡੇ ਸਮਾਜ ਨੂੰ ਬੁਰੀ ਤਰ੍ਹਾਂ ਨਪੀੜ ਰਹੀ ਹੈ। ਅੱਜਕੱਲ੍ਹ ਵਿਆਹਾਂ ਵਿਚ ਲਾਵਾਂ ਕਰਵਾਉਣ ਲਈ ਗ੍ਰੰਥੀ ਬੇਸ਼ੱਕ ਨਾ ਹੋਵੇ ਪਰ ਗਾਉਣ ਵਾਲੀ ਪਾਰਟੀ ਨੂੰ ਬੁਲਾਉਣ ਦਾ ਪ੍ਰਬੰਧ ਹਰ ਹਾਲਤ ਵਿਚ ਕੀਤਾ ਜਾਂਦਾ ਹੈ।
ਅਜੋਕੇ ਕਿਸਾਨ ਨੂੰ ਸ਼ਰਾਬ ਦਾ ਨਸ਼ਾ ਲੈ ਬੈਠਦਾ ਹੈ। ਵਿਆਹਾਂ, ਸ਼ਾਦੀਆਂ ਵਿਚ ਬਰਾਤੀਆਂ ਦੀ ਸੇਵਾ ਮੀਟ, ਸ਼ਰਾਬ ਬਿਨ੍ਹਾਂ ਅਧੂਰੀ ਜਾਪਦੀ ਹੈ। ਮੁਰੱਬਿਆਂ ਵਾਲੇ ਜੱਟ ਨੂੰ ਤਾਂ ਭਾਵੇਂ ਅਜਿਹੇ ਖ਼ਰਚੇ ਪ੍ਰਭਾਵਿਤ ਨਾ ਕਰਦੇ ਹੋਣ ਪਰ ਛੋਟੇ ਕਿਸਾਨ ਦਾ ਕਚੂੰਮਰ ਹੀ ਇਨ੍ਹਾਂ ਰਾਹੀਂ ਨਿਕਲਦਾ ਹੈ।
ਅਜੋਕਾ ਕਿਸਾਨ ਹੱਥੀਂ ਕਾਰ ਕਰਕੇ ਖੁਸ਼ ਨਹੀਂ ਇਹ ਖੇਤੀ ਲਾਗਤ ਵਿਚ ਵਾਧੇ ਦਾ ਮੁੱਖ ਕਾਰਨ ਹੈ। ਭਾਵੇਂ ਹਰੀ ਕ੍ਰਾਂਤੀ ਤੋਂ ਬਾਅਦ ਖੇਤੀ ਵਿਚ ਵਧੇਰੇ ਵਰਤੋਂ ਮਸ਼ੀਨੀ ਸੰਦਾਂ ਦੀ ਹੋਣ ਲੱਗੀ, ਪਰ ਫ਼ਿਰ ਵੀ ਕਿਸਾਨ ਨੂੰ ਫ਼ਸਲਾਂ ਦੀ ਬਿਜਾਈ-ਕਟਾਈ, ਸਿੰਜਾਈ, ਗੋਡੀ ਅਤੇ ਦਵਾਈਆਂ ਦਾ ਛਿੜਕਾਅ ਤਾਂ ਹੱਥੀਂ ਕਰਨਾ ਹੀ ਪੈਂਦਾ ਹੈ। ਅੱਜ ਦੇ ਕਿਸਾਨ ਦੀ ਔਲਾਦ ਤਾਂ ਕੰਮ ਕਰਨ ਪੱਖੋਂ ਹੱਦੋਂ ਵੱਧ ਨਿਕੰਮੀ ਹੋ ਚੁੱਕੀ ਹੈ। ਜਿਸ ਕਰਕੇ ਉਸ ਨੂੰ ਨਾ ਚਾਹੁੰਦੇ ਹੋਏ ਵੀ ਮਜ਼ਦੂਰਾਂ ‘ਤੇ ਨਿਰਭਰ ਕਰਨਾ ਪੈਂਦਾ ਹੈ। ਛੋਟੇ ਕਿਸਾਨ ਲਈ ਲੇਬਰ ਦਾ ਖ਼ਰਚਾ ਸਮਰੱਥਾ ਤੋਂ ਵੱਧ ਭਾਰ ਚੁੱਕਣ ਵਰਗਾ ਹੈ। ਇਸੇ ਕਰਕੇ ਛੋਟਾ ਕਿਸਾਨ ਖੇਤੀ ‘ਚੋਂ ਘਾਟਾ ਖਾ ਕੇ ਮਜ਼ਦੂਰੀ ਕਰਨ ਲਈ ਮਜਬੂਰ ਹੈ। ਅਜੋਕੇ ਕਿਸਾਨ ਦੀ ਮੰਦਹਾਲੀ ਦਾ ਇਕ ਹੋਰ ਅਹਿਮ ਕਾਰਨ ਹੈ ਕਿਸਾਨ ਦੀ ਪਿੱਛਲੱਗ ਮਾਨਸਿਕਤਾ। ਜੇਕਰ ਇਕ ਸੀਜ਼ਨ ਵਿਚ ਗੰਨੇ ਦਾ ਭਾਅ ਚੰਗਾ ਮਿਲ ਜਾਂਦਾ ਹੈ ਤਾਂ ਅਗਲੀ ਵਾਰ ਪੰਜਾਬ ਦੇ ਕਿਸਾਨਾਂ ਦਾ ਮੂੰਹ ਗੰਨੇ ਵੱਲ ਹੀ ਹੋ ਜਾਂਦਾ ਹੈ। ਮਣਾਂਮੂੰਹੀ ਗੰਨਾ ਮਿੱਲਾਂ ਅੱਗੇ ਸੜਕਾਂ ‘ਤੇ ਰੁਲਣ ਲਈ ਮਜ਼ਬੂਰ ਹੋ ਜਾਂਦਾ ਹੈ। ਜੇਕਰ ਮਿੱਲ ਗੰਨਾ ਖਰੀਦ ਵੀ ਲੈਂਦਾ ਹੈ ਤਾਂ ਪਹਿਲਾਂ ਤਾਂ ਭਾਅ ਹੀ ਘੱਟ ਦਿੱਤਾ ਜਾਂਦਾ ਹੈ ਅਤੇ ਫ਼ਿਰ ਅਦਾਇਗੀ ਲਈ ਵੀ ਕਿਸਾਨ ਨੂੰ ਲੰਬਾ ਸਮਾਂ ਉਡੀਕ ਕਰਨੀ ਪੈਂਦੀ ਹੈ। ਇਹੀ ਹਾਲ ਹੋਰ ਫ਼ਸਲਾਂ ਵਿਚ ਵੀ ਹੈ। ਕਿਸਾਨ ਦੀ ਅਜਿਹੀ ਮਾਨਸਿਕਤਾ ਉਸਨੂੰ ਬਹੁਤ ਪਿੱਛੇ ਲਿਜਾ ਰਹੀ ਹੈ। ਸਰਕਾਰ ਖੇਤੀ ਵਿਭਿੰਨਤਾ ‘ਤੇ ਜ਼ੋਰ ਦੇ ਰਹੀ ਹੈ, ਕਿਸਾਨ ਸਰਕਾਰ ਦੀ ਅਜਿਹੀ ਸਲਾਹ ਨੂੰ ਸਜ਼ਾ ਦੇ ਹੁਕਮ ਵਾਂਗ ਸਮਝਦਾ ਹੈ।
ਸੋ, ਸਰਕਾਰ ਨੂੰ ਵੀ ਕਿਸਾਨੀ ਨਾਲ ਸਬੰਧਤ ਖੇਤੀ ਖੋਜਾਂ ਕਰਵਾਉਣ ਤੱਕ ਹੀ ਆਪਣੀ ਜ਼ਿੰਮੇਵਾਰੀ ਸੀਮਤ ਨਹੀਂ ਰੱਖਣੀ ਚਾਹੀਦੀ, ਸਗੋਂ ਖੋਜ ਰਿਪੋਰਟਾਂ ਦੇ ਸਿੱਟਿਆਂ ਤੇ ਸਿਫਾਰਿਸ਼ਾਂ ‘ਤੇ ਤੁਰੰਤ ਅਮਲ ਕਰਕੇ ਪੰਜਾਬ ਦੀ ਕਿਸਾਨੀ ਨੂੰ ਡੁੱਬਣ ਤੋਂ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਖੇਤੀ ਯੂਨੀਵਰਸਿਟੀਆਂ, ਸਰਕਾਰੀ, ਗੈਰ ਸਰਕਾਰੀ ਸੰਸਥਾਵਾਂ ਨੂੰ ਕਿਸਾਨ ਲਈ ਮਾਰੂ ਸਾਬਤ ਹੋ ਰਹੇ ਸਮਾਜਿਕ ਸਰੋਕਾਰਾਂ ਦੀ ਪਛਾਣ ਕਰਕੇ ਜਾਗ੍ਰਿਤੀ ਲਹਿਰ ਵਰਗੇ ਪ੍ਰੋਗਰਾਮ ਉਲੀਕਣੇ ਚਾਹੀਦੇ ਹਨ। ਜੇਕਰ ਅਜੋਕਾ ਕਿਸਾਨ ਆਪਣੀ ਮੰਦਹਾਲੀ ਲਈ ਜ਼ਿੰਮੇਵਾਰ ਉਪਰੋਕਤ ਸਾਰੇ ਸਰੋਕਾਰਾਂ ਦੀ ਰੌਸ਼ਨੀ ਵਿਚ ਆਪਣੇ ਜੀਵਨ ਦੀਆਂ ਲੋੜਾਂ ਅਤੇ ਤ੍ਰਿਸ਼ਨਾਵਾਂ ਨੂੰ ਸੀਮਤ ਰੱਖ ਕੇ ਬੇਲੋੜੇ ਖਰਚੇ ਛੱਡ ਕੇ ਹੱਥੀਂ ਕਿਰਤ ਕਰੇ ਤਾਂ ਖੇਤੀਬਾੜੀ ਨੂੰ ਲਾਹੇ ਵਾਲਾ ਧੰਦਾ ਬਣਾਇਆ ਜਾ ਸਕਦਾ ਹੈ। ਸਾਦਾ ਜੀਵਨ ਵਿਚ ਅਤੇ ਹੱਥੀਂ ਕਿਰਤ ਵਿਚ ਹੀ ਬਰਕਤ, ਅਨੰਦ ਅਤੇ ਸੁਖੀ ਜੀਵਨ ਦੀ ਤ੍ਰਿਪਤੀ ਹੈ। ਖਰਚਿਆਂ ਦਾ ਲੇਖਾ-ਜੋਖਾ ਰੱਖਣਾ ਚਾਹੀਦਾ ਹੈ। ਆਮਦਨ ਨੂੰ ਦੇਖਦਿਆਂ ਹੀ ਆਪਣੇ ਸਮਾਜਿਕ ਕਾਰ-ਵਿਹਾਰ ਅਤੇ ਹੋਰ ਖਰਚੇ ਤੈਅ ਕਰਨੇ ਚਾਹੀਦੇ ਹਨ। ਕਰਜ਼ਿਆਂ ‘ਤੇ ਟੇਕ ਰੱਖਣੀ ਛੱਡਣੀ ਪਵੇਗੀ।

RELATED ARTICLES
POPULAR POSTS