Breaking News
Home / ਸੰਪਾਦਕੀ / ਪੰਜਾਬ ਦੇ ਦਰਿਆਵਾਂ ‘ਚ ਉਦਯੋਗਾਂ ਦੇ ਜ਼ਹਿਰੀਲੇ ਪਦਾਰਥਾਂ ਦਾ ਵਹਾਅ ਚਿੰਤਤ ਵਰਤਾਰਾ

ਪੰਜਾਬ ਦੇ ਦਰਿਆਵਾਂ ‘ਚ ਉਦਯੋਗਾਂ ਦੇ ਜ਼ਹਿਰੀਲੇ ਪਦਾਰਥਾਂ ਦਾ ਵਹਾਅ ਚਿੰਤਤ ਵਰਤਾਰਾ

ਪਿਛਲੇ ਦਿਨੀਂ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੀ ਇਕ ਖੰਡ ਮਿੱਲ ਵਲੋਂ ਬਿਆਸ ਦਰਿਆ ਵਿਚ ਜ਼ਹਿਰੀਲਾ ਰਸਾਇਣ ਛੱਡਣ ਦੇ ਮਾਮਲੇ ਨੇ ਪੰਜਾਬ ‘ਚ ਜਲ ਪ੍ਰਦੂਸ਼ਣ ਦੇ ਦੁਖਾਂਤ ਦੀ ਗੰਭੀਰਤਾ ਨੂੰ ਸਾਹਮਣੇ ਲੈ ਆਂਦਾ ਹੈ। ਜਿਸ ਵੇਲੇ ਪੰਜਾਬ ਪਹਿਲਾਂ ਹੀ ਪਾਣੀ ਦੇ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਧਰਤੀ ਹੇਠਲਾ ਪਾਣੀ ਸੁੱਕਦਾ ਜਾ ਰਿਹਾ ਹੈ ਅਤੇ ਰਹਿੰਦਾ ਪਾਣੀ ਜ਼ਹਿਰੀਲਾ ਹੋ ਰਿਹਾ ਹੈ, ਉਸ ਵੇਲੇ ਪੰਜਾਬ ਦੇ ਢਾਈ ਕੁ ਦਰਿਆਵਾਂ ਦੇ ਪਾਣੀ ਨੂੰ ਵੀ ਉਦਯੋਗਿਕ ਘਰਾਣਿਆਂ ਵਲੋਂ ਪ੍ਰਦੂਸ਼ਿਤ ਕਰਨ ਦਾ ਵਰਤਾਰਾ ਬੇਹੱਦ ਗੰਭੀਰ ਅਤੇ ਚਿੰਤਾ ਵਾਲਾ ਹੈ।
ਕਿਸੇ ਵੇਲੇ ਪੰਜ ਦਰਿਆਵਾਂ ਦੀ ਧਰਤੀ ਹੋਣ ਕਾਰਨ ਇਸ ਦਾ ਨਾਂਅ ਪੰਜਾਬ ਪਿਆ ਸੀ। ਹਿੰਦ-ਪਾਕਿ ਵੰਡ ਕਾਰਨ ਪੰਜਾਬ ਕੋਲ ਮਸਾਂ ਢਾਈ ਕੁ ਦਰਿਆ ਬਚੇ ਹਨ। ਦਰਿਆ ਸਤਲੁਜ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕਿਆ ਹੈ। ਸ਼ਹਿਰਾਂ ਅਤੇ ਉਦਯੋਗਿਕ ਖੇਤਰਾਂ ਦੇ ਗੰਦੇ ਨਾਲਿਆਂ ਦਾ ਪਾਣੀ ਬਿਨਾ ਸੋਧੇ ਇਸ ਵਿਚ ਸੁੱਟਿਆ ਜਾ ਰਿਹਾ ਹੈ। ਜਲ ਪ੍ਰਦੂਸ਼ਣ ਪ੍ਰਤੀ ਹੋਏ ਇਕ ਸਰਵੇਖਣ ਅਨੁਸਾਰ ਫ਼ੈਕਟਰੀਆਂ ਸਭ ਤੋਂ ਵੱਧ ਜਲ ਦੂਸ਼ਿਤ ਕਰਦੀਆਂ ਹਨ। ਉਹ ਰਸਾਇਣਾਂ ਵਾਲੇ ਗੰਦੇ ਪਾਣੀ ਨੂੰ ਬਿਨਾ ਸੋਧੇ ਹੀ ਬਾਹਰ ਛੱਡ ਦਿੰਦੀਆਂ ਹਨ।
ਜਿਸ ਵੇਲੇ ਪੰਜਾਬ ਵੱਡੇ ਜਲ ਸੰਕਟ ਵਿਚੋਂ ਗੁਜ਼ਰ ਰਿਹਾ ਹੈ ਤਾਂ ਉਸ ਵੇਲੇ ਪੰਜਾਬ ਦੇ ਬਿਆਸ ਦਰਿਆ ਨੇੜੇ ਜ਼ਿਲ੍ਹਾ ਗੁਰਦਾਸਪੁਰ ਦੀ ਕੀੜੀ ਅਫ਼ਗਾਨਾ ਖੰਡ ਮਿੱਲ ਵਿਚੋਂ ਬਿਆਸ ਦਰਿਆ ‘ਚ ਰਸਾਇਣਾਂ ਦੇ ਵਹਾਅ ਦਾ ਮਾਰੂ ਅਸਰ ਸਿਰਫ਼ ਦਰਿਆ ਬਿਆਸ ਵਿਚ ਜਲ ਜੀਵਾਂ ਅਤੇ ਮੱਛੀਆਂ ਦੇ ਜੀਵਨ ‘ਤੇ ਹੀ ਨਹੀਂ ਪਿਆ, ਸਗੋਂ ਇਸ ਦਾ ਬੁਰਾ ਅਸਰ ਮਾਲਵੇ ਤੋਂ ਹੁੰਦਾ ਹੋਇਆ ਰਾਜਸਥਾਨ ਤੱਕ ਪਹੁੰਚ ਗਿਆ ਹੈ, ਜਿਥੇ ਕਿ ਬਿਆਸ ਦਰਿਆ ਦਾ ਪਾਣੀ ਜਾਂਦਾ ਹੈ। ਰਸਾਇਣਾਂ ਵਾਲੇ ਪਾਣੀ ਦਾ ਵਹਾਅ ਜਿਵੇਂ ਹੀ ਹਰੀਕੇ ਪੱਤਣ ਪੁੱਜਾ, ਇਸ ਨੇ ਪੂਰੀ ਝੀਲ ਦੇ ਪਾਣੀ ਨੂੰ ਗੰਧਲਾ ਕਰ ਦਿੱਤਾ। ਇੱਥੋਂ ਹੀ ਪਾਣੀ ਰਾਜਸਥਾਨ ਤੇ ਮਾਲਵੇ ਨੂੰ ਨਹਿਰਾਂ ਰਾਹੀਂ ਸਪਲਾਈ ਹੁੰਦਾ ਹੈ- ਸਿੰਜਾਈ ਵਾਸਤੇ ਵੀ ਅਤੇ ਪੀਣ ਦੇ ਪਾਣੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਵੀ। ਪਲੀਤ ਪਾਣੀ ਨੇ ਜਲ-ਘਰਾਂ ਦੀਆਂ ਡਿੱਗੀਆਂ ਵੀ ਪਲੀਤ ਕਰ ਦਿੱਤੀਆਂ। ਹੁਣ ਲੋਕਾਂ ਨੂੰ ਹਦਾਇਤਾਂ ਕੀਤੀਆਂ ਜਾ ਰਹੀਆਂ ਹਨ ਕਿ ਉਹ ਜਲ-ਘਰਾਂ ਦਾ ਪਾਣੀ ਵੀ ਨਾ ਪੀਣ। ਭਰ ਗਰਮੀ ਵਿਚ ਲੋਕਾਂ ‘ਤੇ ਇਸ ਤੋਂ ਵੱਧ ਕਹਿਰ ਹੋਰ ਕੀ ਢਾਹਿਆ ਜਾ ਸਕਦਾ ਹੈ?
ਇਸ ਵਰਤਾਰੇ ਤੋਂ ਜ਼ਾਹਰ ਹੁੰਦਾ ਹੈ ਕਿ ਵਾਤਾਵਰਨ ਦੀ ਸੰਭਾਲ ਪ੍ਰਤੀ ਪੰਜਾਬ ਦੇ ਸਰਕਾਰੀ ਵਿਭਾਗ ਨਾ-ਸਿਰਫ਼ ਅਵੇਸਲੇ ਹਨ ਸਗੋਂ ਕਾਨੂੰਨੀ ਉਲੰਘਣਾਵਾਂ ਉੱਪਰ ਬੇਕਿਰਕੀ ਨਾਲ ਪਰਦਾਪੋਸ਼ੀ ਵੀ ਕੀਤੀ ਜਾਂਦੀ ਹੈ ਤੇ ਉਲੰਘਣਾਵਾਂ ਕਰਨ ਵਾਲਿਆਂ ਦਾ ਸਾਥ ਵੀ ਦਿੱਤਾ ਜਾਂਦਾ ਹੈ। ਹਾਲਾਂਕਿ ਪੰਜਾਬ ਵਿਚ ਹਰੇ ਇਨਕਲਾਬ ਨੇ ਵੀ ਜਲ ਪ੍ਰਦੂਸ਼ਣ ਲਈ ਕਹਿਰ ਢਾਹਿਆ ਹੈ। ਫਸਲਾਂ ਅਤੇ ਖੇਤੀਬਾੜੀ ਦੇ ਉਤਪਾਦਨ ਨੂੰ ਵਧਾਉਣ ਲਈ ਅੰਨ੍ਹੇਵਾਹ ਵਰਤੀਆਂ ਜਾ ਰਹੀਆਂ ਕੀਟਨਾਸ਼ਕ ਦਵਾਈਆਂ ਅਤੇ ਰਸਾਇਣਕ ਖਾਦਾਂ ਨੇ ਧਰਤੀ ਹੇਠਲਾ ਪਾਣੀ ਬਰਬਾਦ ਕਰਕੇ ਰੱਖ ਦਿੱਤਾ ਹੈ। ਭਾਰਤ ਦੀ ਮਸਾਂ ਸਵਾ ਕੁ ਫ਼ੀਸਦ ਉਪਜਾਊ ਜ਼ਮੀਨ ਹੋਣ ਦੇ ਬਾਵਜੂਦ ਇਕੱਲੇ ਪੰਜਾਬ ਵਿਚ ਪੂਰੇ ਭਾਰਤ ਦਾ 19 ਫ਼ੀਸਦੀ ਕੀਟਨਾਸ਼ਕ ਅਤੇ ਰਸਾਇਣਿਕ ਖਾਦਾਂ ਦੀ ਵਰਤੋਂ ਹੁੰਦੀ ਹੈ।
ਜੇਕਰ ਗੱਲ ਭਾਰਤ ਦੀ ਕਰੀਏ ਤਾਂ ਹਰ ਭਾਰਤੀ ਪਰਿਵਾਰ ਰੋਜ਼ਾਨਾ ਔਸਤਨ ਅੱਧੀ ਟੋਕਰੀ ਗੰਦਗੀ ਪੈਦਾ ਕਰਦਾ ਹੈ। ਇਸ ਵਿਚ ਮਲ-ਮੂਤਰ ਤੋਂ ਇਲਾਵਾ ਰਹਿੰਦ-ਖੂੰਹਦ, ਘਰਾਂ ਦੀ ਗੰਦਗੀ ਆਦਿ ਸ਼ਾਮਲ ਹਨ। ਕਰੀਬ 20 ਕਰੋੜ ਪਰਿਵਾਰ ਹਰ ਰੋਜ਼ 10 ਕਰੋੜ ਟੋਕਰੀਆਂ ਗੰਦਗੀ ਪੈਦਾ ਕਰ ਰਹੇ ਹਨ। ਇਸ ਗੰਦਗੀ ਕਾਰਨ ਗੰਗਾ ਮਲੀਨ ਹੋ ਚੁੱਕੀ ਹੈ ਅਤੇ ਮੂਸੀ ਨਦੀ (ਹੈਦਰਾਬਾਦ) ਆਖ਼ਰੀ ਸਾਹ ਲੈ ਰਹੀ ਹੈ। ਸ੍ਰੀਨਗਰ ਦੀ ਆਰਥਿਕ ਸਾਹਰਗ ਡੱਲ ਝੀਲ ਵੀ ਮਰਨ ਕਿਨਾਰੇ ਹੈ। ਮਨੀਪੁਰ ਦੀ ਲੋਕਤਾਰ ਝੀਲ ਦਾ ਵੀ ਇਹੋ ਹਸ਼ਰ ਹੋ ਰਿਹਾ ਹੈ। ਇਸ ਵਿਚ ਇੰਨੀ ਬਨਸਪਤੀ ਉੱਗ ਚੁੱਕੀ ਹੈ ਕਿ ਆਸਾਨੀ ਨਾਲ ਝੀਲ ਅੰਦਰ ਤੁਰਿਆ-ਫਿਰਿਆ ਜਾ ਸਕਦਾ ਹੈ।ਪਵਿੱਤਰ ਮੰਨੇ ਜਾਂਦੇ ਗੰਗਾ, ਜਮਨਾ, ਕਾਵੇਰੀ ਤੇ ਗੋਦਾਵਰੀ ਦਰਿਆਵਾਂ ਦਾ ਜਲ ਪ੍ਰਦੂਸ਼ਿਤ ਹੋ ਚੁੱਕਿਆ ਹੈ। ਗੰਗਾ ਦੇ ਕੰਢੇ ਉੱਪਰ 98 ਸ਼ਹਿਰ ਤੇ ਕਸਬੇ ਹਨ। ਇਸ ਦੀ 2,525 ਕਿਲੋਮੀਟਰ ਦੀ ਲੰਬਾਈ ਵਿਚ ਤਕਰੀਬਨ 29 ਅਰਬ ਘਣ ਮੀਟਰ ਗੰਦਾ ਪਾਣੀ ਹਰ ਰੋਜ਼ ਡਿਗਦਾ ਹੈ। ਕੇਵਲ 16 ਸ਼ਹਿਰ ਅਜਿਹੇ ਹਨ ਜਿਨ੍ਹਾਂ ਕੋਲ ਸੀਵਰ ਵਰਗੀ ਵਿਵਸਥਾ ਹੈ, ਬਾਕੀ 82 ਨਗਰਾਂ ਦਾ ਮਲ-ਮੂਤਰ ਤੇ ਕਚਰਾ ਇਸ ਵਿਚ ਸੁੱਟਿਆ ਜਾ ਰਿਹਾ ਹੈ। ਕਿੰਨਾ ਸਿਤਮ ਹੈ, ਜਿਹੜੇ ਲੋਕ ਪਾਣੀਆਂ ਕੰਢੇ ਧੂਫ਼-ਬੱਤੀ ਕਰਦੇ ਹਨ, ਦੀਵੇ ਬਾਲਦੇ ਹਨ, ਉਹ ਵੀ ਜਲ ਸੋਮਿਆਂ ‘ਚ ਗੰਦ ਸੁੱਟੀ ਜਾਂਦੇ ਹਨ।
ਪਾਣੀ ਨੂੰ ਬਹੁਤ ਸਾਰੇ ਪਦਾਰਥ ਦੂਸ਼ਿਤ ਕਰਦੇ ਹਨ ਪਰ ਮੁੱਖ ਰੂਪ ਵਿਚ ਪੈਟਰੋਲੀਅਮ ਪਦਾਰਥ, ਕੀਟਨਾਸ਼ਕ ਤੇ ਨਦੀਨ ਨਾਸ਼ਕ ਦਵਾਈਆਂ, ਪਾਰਾ, ਕੇਮੀਅਮ, ਆਰਸਨਿਕ, ਕਈ ਪ੍ਰਕਾਰ ਦੀਆਂ ਖਾਦਾਂ, ਪਰਮਾਣੂ ਤੇ ਮਨੁੱਖੀ ਰਹਿੰਦ-ਖੂੰਹਦ, ਡਾਈਆਂ, ਸਾਬਣ, ਡਿਟਰਜੈਂਟ, ਮਲ ਤਿਆਗ ਅਤੇ ਕੂੜਾ ਕਚਰਾ ਆਦਿ ਦਾ ਵਰਣਨ ਕੀਤਾ ਜਾ ਸਕਦਾ ਹੈ। ਪਾਰਾ, ਕੇਮੀਅਮ ਅਤੇ ਆਰਸਨਿਕ ਤਾਂ ਬਹੁਤ ਹੀ ਜ਼ਹਿਰੀਲੇ ਅੰਸ਼ ਹਨ ਜੋ ਜਲ ਪ੍ਰਦੂਸ਼ਿਤ ਕਰਦੇ ਹਨ ਅਤੇ ਕਾਰਖਾਨਿਆਂ ਦੀ ਨੁਕਸਾਨਦੇਹ ਰਹਿੰਦ-ਖੂੰਹਦ ਵਜੋਂ ਪਾਣੀ ਵਿਚ ਆ ਰਲਦੇ ਹਨ। ਮੀਂਹ ਪੈਣ ਨਾਲ ਖਾਦਾਂ ਵਿਚਲੇ ਜ਼ਹਿਰੀਲੇ ਅਤੇ ਮਾਰੂ ਤੱਤ ਜਲ ਸੋਮਿਆਂ ਵਿਚ ਰਲ ਜਾਂਦੇ ਹਨ। ਵੱਡੇ ਸ਼ਹਿਰਾਂ ਦਾ ਮਨੁੱਖੀ ਮਲ-ਮੂਤਰ ਤੇ ਕੂੜੇ ਕਰਕਟ ਸਮੇਤ ਸਮੁੱਚੀ ਰਹਿੰਦ-ਖੂੰਹਦ ਜਲ ਪ੍ਰਦੂਸ਼ਣ ਦਾ ਕਾਰਨ ਬਣਦੀ ਹੈ।
ਦਰਿਆਈ ਪਾਣੀਆਂ ਵਿਚ ਰਸਾਇਣਕ ਤਰਲ ਰੋੜ੍ਹਨੇ ਜਾਂ ਰੁੜ੍ਹਨ ਦੇਣੇ ਜਲ ਐਕਟ, 1974 ਦੀ ਉਲੰਘਣਾ ਹੈ ਅਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਫ਼ੌਜਦਾਰੀ ਤੇ ਦੀਵਾਨੀ ਕਾਰਵਾਈ ਹੋਣੀ ਚਾਹੀਦੀ ਹੈ। ਖੰਡ ਮਿੱਲ ਵਾਲਿਆਂ ਨੇ ਦਰਿਆ ਵਿਚ ਸ਼ੀਰਾ ਵਹਿ ਜਾਣ ਨੂੰ ਹਾਦਸਾ ਦੱਸਿਆ ਹੈ। ਕੀ ਉਨ੍ਹਾਂઠਨੇ ਇਹ ਹਾਦਸਾ ਵਾਪਰਨ ‘ਤੇ ਸਬੰਧਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕੀਤਾ? ਕੀ ਉਨ੍ਹਾਂ ਨੇ ਸ਼ੀਰੇ ਦਾ ਵਹਾਅ ਰੋਕਣ ਲਈ ਅਸਰਦਾਰ ਕਦਮ ਫ਼ੌਰੀ ਤੌਰ ‘ਤੇ ਚੁੱਕੇ? ਜੇ ਇਹ ਹਾਦਸਾ ਵੀ ਹੈ ਤਾਂ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਵਾਤਾਵਰਨ ਮੰਤਰੀ ਓ.ਪੀ. ਸੋਨੀ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਸਨ। ਬੇਸ਼ੱਕ ਫ਼ਿਲਹਾਲ ਖੰਡ ਮਿੱਲ ਸੀਲ ਵੀ ਹੋ ਗਈ ਹੈ ਪਰ ਸਰਕਾਰ ਵਲੋਂ ਘਟਨਾ ਵਾਪਰਨ ਦੇ ਇਕ ਹਫ਼ਤੇ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਵੀ ਖੰਡ ਮਿੱਲ ਦੇ ਮਾਲਕਾਂ ਖ਼ਿਲਾਫ਼ ਐਫ਼.ਆਈ.ਆਰ. ਦਰਜ ਨਾ ਕਰਨਾ ਵੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ। ਇਸ ਹਾਦਸੇ ਤੋਂ ਸਬਕ ਲਿਆ ਜਾਣਾ ਚਾਹੀਦਾ ਹੈ ਅਤੇ ਦਰਿਆਵਾਂ ਅਤੇ ਨਦੀਆਂ-ਨਾਲਿਆਂ ਦੇ ਨੇੜੇ ਸਥਿਤ ਹੋਰਨਾਂ ਫੈਕਟਰੀਆਂ ਦੇ ਰਸਾਇਣ ਭੰਡਾਰਾਂ ਤੇ ਜਲ-ਸੋਧਕ ਪ੍ਰਕਿਰਿਆਵਾਂ ਦਾ ਮੁਲਾਂਕਣ ਹੋਣਾ ਚਾਹੀਦਾ ਹੈ। ਗੰਭੀਰ ਪ੍ਰਦੂਸ਼ਣ ਫੈਲਾਉਣ ਵਾਲੀਆਂ ਬਹੁਤੀਆਂ ਸਨਅਤੀ ਇਕਾਈਆਂ ਵਲੋਂ ਰਾਤ ਵੇਲੇ ਅਣਸੋਧਿਆ ਪਾਣੀ ਛੱਡਣਾ ਆਮ ਰੁਝਾਨ ਹੈ। ਫੜੇ ਜਾਣ ‘ਤੇ ਉਨ੍ਹਾਂ ਵਲੋਂ ਆਪਣੇ ਕੁਕਰਮ ਨੂੰ ਹਾਦਸਾ ਦੱਸ ਕੇ ਛੁਟ ਜਾਣ ਵਾਲਾ ਸਿਲਸਿਲਾ ਸਖ਼ਤੀ ਨਾਲ ਬੰਦ ਹੋਣਾ ਚਾਹੀਦਾ ਹੈ।

Check Also

ਵਿਸ਼ਵ ਜੰਗ ਦਾ ਵੱਧਦਾ ਖ਼ਦਸ਼ਾ

ਇਜ਼ਰਾਈਲ ਅਤੇ ਹਮਾਸ ਦਰਮਿਆਨ ਛੇ ਮਹੀਨੇ ਪਹਿਲਾਂ ਆਰੰਭ ਹੋਈ ਜੰਗ ਹੁਣ ਪੱਛਮੀ ਏਸ਼ੀਆ ਦੇ ਹੋਰ …