Breaking News
Home / ਰੈਗੂਲਰ ਕਾਲਮ / ਕੈਨੇਡੀਅਨ ਕੋਰ ਆਫ਼ ਕਮਿਸ਼ਨੇਅਰਜ਼ ‘ਚ ਜੌਬ

ਕੈਨੇਡੀਅਨ ਕੋਰ ਆਫ਼ ਕਮਿਸ਼ਨੇਅਰਜ਼ ‘ਚ ਜੌਬ

ਜਰਨੈਲ ਸਿੰਘ
(ਕਿਸ਼ਤ 8)
ਫਰਨੀਚਰ ਫੈਕਟਰੀ ‘ਚ ਦੋ ਕੁ ਮਹੀਨੇ ਲਾਉਣ ਬਾਅਦ ਮੈਂ ਕੈਨੇਡਾ ਦੀ ਨਾਮਵਰ ਸਕਿਉਰਟੀ ਕੰਪਨੀ ‘ਕੈਨੇਡੀਅਨ ਕੋਰ ਆਫ ਕਮਿਸ਼ਨੇਅਰਜ਼’ (Canadian Corps Of Commissionaires) ‘ਚ ਅਪਲਾਈ ਕਰ ਦਿੱਤਾ। ਉਨ੍ਹਾਂ ਟਰੇਨਿੰਗ ਲਈ ਸੱਦ ਲਿਆ। 31 ਜਣਿਆਂ ਦੀ ਕਲਾਸ ਵਿਚ ਮੈਂ ਤੇ ਚਰਨਜੀਤ ਸਿੰਘ ਚੀਮਾ (ਏਅਰ ਫੋਰਸ ਦਾ ਸਾਬਕਾ ਫਲਾਈਟ ਲੈਫਟੀਨੈਂਟ) ਭਾਰਤੀ ਸਾਂ ਬਾਕੀ ਸਭ ਗੋਰੇ। ੧੦ ਦਿਨਾਂ ਦੀ ਟਰੇਨਿੰਗ ਬਾਅਦ ਟੈਸਟ ਹੋਏ। ਮੈਂ ਅੱਵਲ ਰਿਹਾ।
ਕੰਪਨੀ ਦਾ ਛੋਟਾ ਨਾਂ ‘ਕਮਿਸ਼ਨੇਅਰਜ਼ ਗਰੇਟ ਲੇਕਸ’ ਹੈ। ਕੈਨੇਡਾ ਦੇ ਸਾਬਕਾ ਫੌਜੀਆਂ ਦੀ ਇਹ ਕੰਪਨੀ ਸਾਰੇ ਕੈਨੇਡਾ ਵਿਚ ਫ਼ੈਲੀ ਹੋਈ ਏ। ਕੈਨੇਡਾ ਪੱਧਰ ਦਾ ਪ੍ਰਬੰਧ ਕੈਨੇਡਾ ਦੇ ਰਿਟਾਇਰਡ ਫੌਜੀ ਤੇ ਬਿਜ਼ਨਿਸ ਮਾਹਿਰਾਂ ਦਾ ‘ਬੋਰਡ ਆਫ ਡਾਇਰੈਕਟਰਜ਼’ ਚਲਾਉਂਦਾ ਹੈ। ਸੂਬਿਆਂ ਵਿਚ ਡਿਮਾਂਡ ਤੇ ਨਫਰੀ ਦੇ ਆਧਾਰ ‘ਤੇ ਡਵੀਜ਼ਨਾਂ ਬਣੀਆਂ ਹੋਈਆਂ ਨੇ। ਹੁਣ ਦਾ ਤਾਂ ਪਤਾ ਨਹੀਂ ਉਦੋਂ ਡਵੀਜਨਾਂ ਦਾ ਢਾਂਚਾ ਫੌਜੀ ਪਲਟਣਾਂ ਵਾਲ਼ਾ ਹੁੰਦਾ ਸੀ। ਡਵੀਜ਼ਨ ਦੇ ਹੈੱਡ ਨੂੰ ‘ਕਮਾਂਡੈਂਟ’ ਆਖਿਆ ਜਾਂਦਾ ਸੀ। ਸਾਡੀ ਡਵੀਜ਼ਨ ਦੇ ਕਮਾਂਡੈਂਟ ਦਾ ਨਾਂ M.E. Rich ਤੇ ਰੈਂਕ ਕਰਨਲ ਸੀ। ਓਪਰੇਸ਼ਨਜ਼ ਅਫਸਰ ਦਾ ਰੈਂਕ ਲੈਫਟੀਨੈਂਟ ਕਰਨਲ ਸੀ। ਉਨ੍ਹਾਂ ਤੋਂ ਹੇਠਲੇ ਪ੍ਰਬੰਧਕੀ ਅਫਸਰਾਂ ਦੇ ਰੈਂਕ ਮੇਜਰ, ਕੈਪਟਨ, ਲੈਫਟੀਨੈਂਟ ਸਨ। ਸੁਪਰਵਾਈਜ਼ਰਾਂ ਦੇ ਰੈਂਕ ਮਾਸਟਰ ਵਾਰੰਟ ਅਫਸਰ, ਵਾਰੰਟ ਅਫਸਰ, ਸਾਰਜੈਂਟ ਤੇ ਕਾਰਪੋਰਲ ਸਨ। ਟਰਾਂਟੋ ਸਥਿਤ ਡਵੀਜ਼ਨ ਦੇ ਦਫ਼ਤਰ ਨੂੰ ‘ਕੋਰ ਹੈਡਕੁਆਟਰ’ ਕਿਹਾ ਜਾਂਦਾ ਸੀ। ਕੰਪਨੀ ਦਾ ਮਾਟੋ ਮੁਨਾਫਾਖੋਰੀ ਨਹੀਂ, ਸਾਬਕਾ ਫੌਜੀਆਂ ਨੂੰ ਰੁਜ਼ਗਾਰ ਮੁਹੱਈਆ ਕਰਾਉਣਾ ਸੀ। ਉਸ ਵਿਚ ਕਾਮਨਵੈਲਥ ਦੇਸ਼ਾਂ ਦੇ ਸਾਬਕਾ ਫੌਜੀ ਇੰਮੀਗਰਾਂਟ ਵੀ ਜੌਬ ਕਰ ਸਕਦੇ ਸਨ। ਕੰਪਨੀ ‘ਚ 85% ਗੋਰੇ ਸਨ ਤੇ 15% ਭਾਰਤ, ਪਾਕਿਸਤਾਨ, ਸ਼੍ਰੀ ਲੰਕਾ ਆਦਿ ਕਾਮਨਵੈਲਥ ਦੇਸ਼ਾਂ ਤੋਂ ਗਏ ਹੋਏ ਸਾਬਕਾ ਫੌਜੀ।
ਕੰਪਨੀ ਦੇ ਉੱਚ ਮਿਆਰੀ ਇਮੇਜ ਸਦਕਾ ਕੈਨੇਡਾ ਦੀਆਂ ਏਅਰਪੋਰਟਾਂ, ਸਰਕਾਰੀ ਮਹਿਕਮਿਆਂ ਜਿਵੇਂ ਪਾਸਪੋਰਟ ਦਫ਼ਤਰਾਂ, ਇੰਮੀਗਰੇਸ਼ਨ ਦਫ਼ਤਰਾਂ, ਰੈਵਿਨਿਊ ਕੈਨੇਡਾ ਆਦਿ ਅਤੇ ਵੱਡੀਆਂ ਕਾਰਪੋਰੇਸ਼ਨਾਂ ਦੇ ਸਕਿਉਰਟੀ ਕਾਂਟਰੈਕਟ, ਇਸੇ ਕੰਪਨੀ ਨੂੰ ਦਿੱਤੇ ਜਾਂਦੇ ਸਨ। ਸਕਿਉਰਟੀ ਤੋਂ ਇਲਾਵਾ ਇਹ ਕੰਪਨੀ ਡਿਜੀਟਲ ‘ਫਿੰਗਰ ਪਰਿੰਟਿੰਗ’ ਦਾ ਕਾਰਜ ਵੀ ਕਰਦੀ ਸੀ।
ਸਾਡੀ ਡਵੀਜ਼ਨ ਦੀਆਂ ਸਾਲ ਵਿਚ ਦੋ ਪਾਰਟੀਆਂ ਹੁੰਦੀਆਂ ਸਨ। ਇਕ ਕਰਿਸਮਸ ਲਾਗੇ, ਵੱਡੇ ਹਾਲ ਵਿਚ ਡਿਨਰ ਪਾਰਟੀ ਅਤੇ ਦੂਜੀ, ਕਿਸੇ ਫੌਜੀ ਯੂਨਿਟ ਦੇ ਲਾਉਂਜ ਵਿਚ, ਦਿਨ ਵੇਲੇ ਦੀ ਗਾਰਡਨ ਪਾਰਟੀ।
ਮੇਰੀ ਪਹਿਲੀ ਪੋਸਟਿੰਗ 3.2.3 ਯਾਅਨੀ ‘ਕੈਨੇਡੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ’ ਦੀ ਇਕ ਲੋਕੇਸ਼ਨ ‘ਤੇ ਸੀ। ਉਦੋਂ (1989 ‘ਚ) ਸੀ.ਬੀ.ਸੀ ਦੀ ਆਪਣੀ ਬਿਲਡਿੰਗ ਨਹੀਂ ਸੀ। ਇਸ ਨੇ ਡਾਊਨਟਾਊਨ ਟਰਾਂਟੋ ਵਿਚ ਚਾਰ ਬਿਲਡਿੰਗਾਂ ਕਿਰਾਏ ‘ਤੇ ਲਈਆਂ ਹੋਈਆਂ ਸਨ। ਚੌਹਾਂ ‘ਤੇ 21 ਕਮਿਸ਼ਨੇਅਰਜ਼ ਤਾਇਨਾਤ ਸਨ। ਫੌਜੀ ਪੈਟਰਨ ਅਨੁਸਾਰ ਸਾਡੀ ਨਫਰੀ ਨੂੰ ‘ਸੀ.ਬੀ.ਸੀ ਡਿਟੈਚਮੈਂਟ’ ਕਿਹਾ ਜਾਂਦਾ ਸੀ। ਡਿਟੈਚਮੈਂਟ ਕਮਾਂਡਰ ਵਾਰੰਟ ਅਫਸਰ ਲੈਰੀ ਹਾਈਨ ਸੀ। ਉਸਦਾ ਟੂ.ਆਈ.ਸੀ ਯਾਅਨੀ ‘ਸੈਕੰਡ ਇਨ ਕਮਾਂਡ’ ਇਕ ਸਾਰਜੈਂਟ ਸੀ।
ਚੌਵੀ ਘੰਟੇ ਦੀਆਂ ਇਨ੍ਹਾਂ ਪੋਸਟਾਂ ‘ਤੇ ਤਿੰਨ ਸ਼ਿਫਟਾਂ ਸਨ ਸਵੇਰੇ 7 ਤੋਂ ਬਾਅਦ ਦੁਪਹਿਰ 3 ਵਜੇ ਤੱਕ, 3 ਤੋਂ ਰਾਤ ਦੇ 11 ਵਜੇ ਤੱਕ ਅਤੇ 11 ਤੋਂ ਸਵੇਰ ਦੇ 7 ਵਜੇ ਤੱਕ। ਹਰ ਪੋਸਟ ਤੇ ਚਾਰ ਕਮਿਸ਼ਨੇਅਰ ‘ਫੁੱਲ ਟਾਈਮਰ’ ਤੇ ਇਕ ‘ਪਾਰਟ ਟਾਈਮਰ’ ਸੀ। ਹਰ ਪੋਸਟ ਦਾ ਇਕ ‘ਇੰਚਾਰਜ ਕਮਿਸ਼ਨੇਅਰ’ ਹੁੰਦਾ ਸੀ। ਉਸਦੀ ਡਿਉਟੀ ਸੋਮਵਾਰ ਤੋਂ ਸ਼ੁਕਰਵਾਰ ਤੱਕ 7 ਤੋਂ 3 ਵਜੇ ਤੱਕ ਹੁੰਦੀ ਸੀ। ਉਸਦੀਆਂ ‘ਵੀਕਐਂਡ ਸ਼ਿਫਟਾਂ’ ਪਾਰਟ-ਟਾਈਮਰ ਕਰਦਾ ਸੀ। ਬਾਕੀ ਦੇ ਤਿੰਨ ਕਮਿਸ਼ਨੇਅਰਜ਼ ਵਾਰੀ ਸਿਰ ਬਾਅਦ ਦੁਪਹਿਰ ਤੇ ਰਾਤ ਦੀਆਂ ਸ਼ਿਫਟਾਂ ਕਰਦੇ ਸਨ। ਪੰਜ ਦਿਨ ਕੰਮ ਤੇ ਦੋ ਦਿਨ ਆਫ।
ਮੈਂ, 100 ਕਾਰਲਟਨ ਸਟਰੀਟ ਵਾਲ਼ੀ ਲੋਕੇਸ਼ਨ ‘ਤੇ ਇੰਚਾਰਜ ਸਾਂ। ਤਿੰਨ ਮੰਜਲੀ ਬਿਲਡਿੰਗ ਸੀ ਉਹ। ਮੇਰੇ ਨਾਲ਼ ਤਿੰਨ ਗੋਰੇ ਸਨ ਤੇ ਇਕ ਪਾਕਿਸਤਾਨੀ ਰਿਟਾਇਰਡ ਸੂਬੇਦਾਰ ਅਨਾਇਤ ਉਲਾ। ਬਿਲਡਿੰਗ ਦੇ ਪ੍ਰਵੇਸ਼-ਲਾਂਘੇ ਵਿਚ ਸਾਡਾ ਟੇਬਲ ਸੀ। ਕਰਮਚਾਰੀਆਂ ਦੇ ਟੇਬਲ ‘ਤੇ ਪਹੁੰਚਣ ‘ਤੇ ਕਮਿਸ਼ਨੇਅਰ ਉਨ੍ਹਾਂ ਨੂੰ ਹਾਇ, ਹੈਲੋ ਜਾਂ ਗੁੱਡ ਮਾਰਨਿੰਗ ਆਖਦਾ। ‘ਹਾਇ-ਹੈਲੋ’ ਦਾ ਜਵਾਬ ਦੇ ਕੇ ਕਰਮਚਾਰੀ ਆਪਣਾ ਪਾਸ ਕਮਿਸ਼ਨੇਅਰ ਵੱਲ ਵਧਾ ਦੇਂਦਾ। ਪਾਸ ‘ਤੇ ਚਾਰ ਚੀਜ਼ਾਂ ਗਹੁ ਨਾਲ਼ ਵੇਖਣੀਆਂ ਹੁੰਦੀਆਂ ਸਨ ਸੀ.ਬੀ.ਸੀ ਦਾ ਲਾਗੋ, ਕਰਮਚਾਰੀ ਦਾ ਨਾਂ, ਉਸਦੀ ਫੋਟੋ ਅਤੇ ਪਾਸ ਦੀ ਮਿਆਦ-ਤਾਰੀਖ਼। ਜਿਸ ਪਾਸ ਦੀ ਮਿਆਦ ਖ਼ਤਮ ਹੋ ਚੁੱਕੀ ਹੁੰਦੀ ਉਹ ਵਾਪਸ ਲੈ ਕੇ ਕਰਮਚਾਰੀ ਨੂੰ ਟੈਂਪਰੇਰੀ ਪਾਸ ਦਿੱਤਾ ਜਾਂਦਾ ਸੀ।
ਕਰਮਚਾਰੀਆਂ ਤੋਂ ਬਿਨਾਂ ਰੇਡੀਓ ਟੀ.ਵੀ ‘ਤੇ ਮੁਲਾਕਾਤਾਂ ਜਾਂ ਹੋਰ ਪ੍ਰੋਗਰਾਮ ਰਿਕਾਰਡ ਕਰਵਾਉਣ ਵਾਲ਼ੇ ਅਤੇ ਡਾਕ ਲਿਆਉਣ-ਲਿਜਾਣ ਵਾਲ਼ੇ ਕੋਰੀਅਰ ਵੀ ਆਇਆ ਕਰਦੇ ਸਨ। ਉਨ੍ਹਾਂ ਨੂੰ ‘ਵਿਜ਼ਿਟਰ ਪਾਸ’ ਦੇਣੇ ਹੁੰਦੇ ਸਨ। ਉਸ ਪਾਸ ‘ਤੇ ਵਿਜ਼ਿਟਰ ਦਾ ਸੰਖੇਪ ਬਿਉਰਾ ਲਿਖਿਆ ਜਾਂਦਾ ਸੀ। ਰਿਕਾਰਡ ਵਜੋਂ ਪਾਸ ਦੇ ਹੇਠਲੇ ਕਾਗਜ਼ ‘ਤੇ ਬਿਉਰੇ ਦੀ ਡੁਪਲੀਕੇਸ਼ਨ (ਨਕਲ) ਵੀ ਬਣ ਜਾਂਦੀ ਸੀ। ਵਿਜ਼ਿਟਰ ਨੇ ਸੱਟਿਕਰ-ਰੂਪੀ ਪਾਸ ਆਪਣੀ ਛਾਤੀ ‘ਤੇ ਚਿਪਕਾਉਣਾ ਹੁੰਦਾ ਸੀ। ਕਮੀਜ਼, ਕੋਟ ਆਦਿ ਤੇ ਚਿਪਕਾਇਆ ਉਹ ਪਾਸ ਸਭ ਨੂੰ ਦਿਸਣਾ ਚਾਹੀਦਾ ਸੀ। ਵਿਜ਼ਿਟਰ ਬਿਲਡਿੰਗ ਛੱਡਣ ਤੋਂ ਪਹਿਲਾਂ ਪਾਸ ਕਮਿਸ਼ਨੇਅਰ ਨੂੰ ਮੋੜ ਦੇਂਦਾ।
ਸਾਡਾ ਅਪਾਰਟਮੈਂਟ ‘ਕਿਪਲਿੰਗ ਫਿੰਚ’ ਚੁਰਸਤੇ ਲਾਗੇ ਸੀ। ਮੈਂ ਕੰਮ ‘ਤੇ ਪਹੁੰਚਣ ਲਈ ਬੱਸ ਰਾਹੀਂ ਕਿਪਲਿੰਗ ਸਟੇਸ਼ਨ ‘ਤੇ ਪਹੁੰਚ ਕੇ ਓਥੋਂ ਸਬਵੇਅ (ਜ਼ਮੀਨਦੋਜ਼ ਰੇਲ) ‘ਚ ਬੈਠ ਕੁਈਨ ਸਟੇਸ਼ਨ ‘ਤੇ ਜਾ ਉੱਤਰਦਾ। ਸਵਾ ਘੰਟਾ ਲੱਗ ਜਾਂਦਾ ਸੀ। ਸਫਰ ਸੀ ਤਾਂ ਲੰਮਾ ਪਰ ਕੰਮ ਸੌਖਾ ਸੀ। ਤਨਖਾਹ ਵੀ ਫੈਕਟਰੀਆਂ ਨਾਲ਼ੋਂ ਜ਼ਿਆਦਾ ਸੀ।
ਬਿਲਡਿੰਗ ਦੇ ਕਰਮਚਾਰੀ ਚੰਗੇ ਸਨ। ਮਰਦਾਂ ਨਾਲੋਂ ਔਰਤਾਂ ਜ਼ਿਆਦਾ ਸਨ। ਕਈਆਂ ਦੇ ਨਾਂ ਮੈਨੂੰ ਯਾਦ ਹੋ ਗਏ ਸਨ। ਗੋਰੇ-ਗੋਰੀਆਂ ਨੂੰ ਜੇਕਰ ਉਨ੍ਹਾਂ ਦਾ ਪਹਿਲਾ ਨਾਂ ਲੈ ਕੇ ਬੁਲਾਈਏ ਤਾਂ ਉਹ ਖੁਸ਼ ਹੁੰਦੇ ਹਨ। (ਜਿਮ ਕਾਰਟਰ ਨਾਂ ਵਾਲ਼ੇ ਬੰਦੇ ਦਾ ਪਹਿਲਾ ਨਾਂ ਜਿਮ ਤੇ ਅਖੀਰਲਾ ਨਾਂ ਕਾਰਟਰ ਹੈ) ਸੋ ਜਦੋਂ ਮੈਂ ਹਾਇ/ ਹੈਲੋ ‘ਗੁੱਡ ਮਾਰਨਿੰਗ’ ਨਾਲ਼ ਉਨ੍ਹਾਂ ਦਾ ਪਹਿਲਾਂ ਨਾਂ ਬੋਲਦਾ ਉਹ ਖੁਸ਼ ਹੋ ਜਾਂਦੇ। ਉਹ ਵੀ ਮੈਨੂੰ ‘ਹਾਇ ਜਰਨੈਲ’ ਆਖਦੇ। ਕੁਝ ਹਾਲ ਚਾਲ ਵੀ ਪੁੱਛ ਲੈਂਦੇ।
ਆਪਣੇ ਰੰਗ ਰੂਪ ਤੇ ਪਹਿਰਾਵੇ ਦੀ ਪ੍ਰਸ਼ੰਸਾ ਸੁਣਨ ਦੀ ਭੁੱਖ ਔਰਤਾਂ ਵਿਚ ਮਰਦਾਂ ਨਾਲ਼ੋਂ ਜ਼ਿਆਦਾ ਹੁੰਦੀ ਹੈ। ਸ਼ਿਸ਼ਟਾਚਾਰ ਵਜੋਂ ਮੈਂ ਗੋਰੀਆਂ ਦੇ ਰੰਗ ਰੂਪ ਦੀ ਤਾਂ ਨਹੀਂ, ਉਨ੍ਹਾਂ ਦੇ ਪਹਿਰਾਵੇ ਦੀ ਪ੍ਰਸ਼ੰਸਾ ਕਰ ਦੇਂਦਾ ਸਾਂ। ਜਦੋਂ ਮੈਂ ਕਿਸੇ ਦੀ ਟੋਪੀ ਨੂੰ ‘ਨਾਈਸ ਹੈਟ’ ਕਹਿੰਦਾ, ਕਿਸੇ ਦੇ ਬਹੁ-ਸ਼ੇਡਾਂ ਵਾਲੇ ਸਕਾਰਫ ਨੂੰ ‘ਕੁਆਈਟ ਡਿਫਰੈਂਟ’ (ਅਸਲੋਂ ਵੱਖਰਾ) ਆਖਦਾ, ਕਿਸੇ ਦੇ ਪਰਸ ਦੇ ਡਿਜ਼ਾਇਨ ਦੀ ਸਿਫਤ ਕਰਦਾ, ਕਿਸੇ ਦੀ ਡਰੈੱਸ ਦੇ ਰੰਗ ਨੂੰ ‘ਇਮਪਰੈੱਸਿਵ’ (ਪ੍ਰਭਾਵਸ਼ਾਲੀ) ਆਖਦਾ ਤਾਂ ਉਹ ਖੁਸ਼ ਹੋ ਕੇ ‘ਥੈਂਕ ਯੂ’ ਆਖਦੀਆਂ। ਫਬਦੇ ਮਰਦ ਕਰਮਚਾਰੀਆਂ ‘ਤੇ ‘ਲੁਕਿੰਗ ਗਰੇਟ’ ਅਤੇ ਚੁਸਤ ਕਰਮਚਾਰੀਆਂ ‘ਲੁਕਿੰਗ ਸਮਾਰਟ’ ਵਰਗੀਆਂ ਟਿੱਪਣੀਆਂ ਕਰਦਾ ਤਾਂ ਉਹ ਵੀ ਖੁਸ਼ ਹੋ ਕੇ ‘ਥੈਂਕ ਯੂ’ ਆਖਦੇ।
ਮੈਂ ਇਸ ਤਰ੍ਹਾਂ ਦੀਆਂ ਟਿੱਪਣੀਆਂ ਵਾਜਬੀਅਤ ਦੇਖ ਕੇ ਹੀ ਕਰਦਾ ਸਾਂ। ਤਿੰਨ ਕਰਮਚਾਰੀ ਨਸਲਵਾਦੀ ਸਨ। ਨਸਲਵਾਦ ਦਾ ਪ੍ਰਗਟਾਅ ਉਹ ਬੋਲ ਕੇ ਨਹੀਂ ਸਰੀਰਕ ਭਾਸ਼ਾ ਰਾਹੀਂ ਕਰਦੇ ਸਨ ਜਿਵੇਂ ਪਾਸ ਦਿਖਾਉਣ ਲੱਗਿਆਂ ਮੂਹ ਕੱਸ ਲੈਣਾ, ਹਾਇ ਹੈਲੋ ਦਾ ਜਵਾਬ ਬੁੱਲ੍ਹ ਮੀਚ ਕੇ ਮਾੜਾ ਜਿਹਾ ਸਿਰ ਹਿਲਾ ਕੇ ਦੇਣਾ।
ਕੈਨੇਡਾ ਦੇ ਰਾਜਨੀਤਕਾਂ ਦੀ ਸਾਦਗੀ : ਇਕ ਦਿਨ ਮੈਨੂੰ ਦੂਜੀ ਮੰਜ਼ਲ ਤੋਂ ‘ਨਿਊਜ਼ ਡਿਪਾਰਟਮੈਂਟ’ ਦੇ ਇਕ ਪ੍ਰੋਡਿਊਸਰ ਦਾ ਫੋਨ ਆਇਆ, “ਗਿਆਰਾਂ ਵਜੇ ਆਪਣੇ ਪਰੋਵਿੰਸ ਦਾ ਪ੍ਰੀਮੀਅਰ ਆਏਗਾ। ਉਸਦੇ ਆਉਣ ‘ਤੇ ਮੈਨੂੰ ਫੋਨ ਕਰ ਦੇਣਾ। ਮੈਂ ਉਸਨੂੰ ਲੈਣ ਲਈ ਹੇਠਾਂ ਆ ਜਾਵਾਂਗਾ।” ਸਾਡੇ ਉਨਟੇਰੀਓ ਸੂਬੇ ‘ਚ ਉਦੋਂ ਸਰਕਾਰ ਲਿਬਰਲ ਪਾਰਟੀ ਦੀ ਸੀ। ਪ੍ਰੀਮੀਅਰ (ਮੁੱਖ ਮੰਤਰੀ) ਪੀਟਰ ਰੌਬਰਟਸਨ ਨੂੰ ਮੈਂ ਟੀ.ਵੀ ‘ਤੇ ਦੇਖਿਆ ਹੋਇਆ ਸੀ। ਮੇਰੇ ਦਿਮਾਗ ਵਿਚ ਭਾਰਤ ਦੇ ਰਾਜਨੀਤਕਾਂ ਦੀ ਤਸਵੀਰ ਸੀ। ਮੈਂ ਅੰਦਾਜ਼ਾ ਲਾਇਆ ਕਿ ਪ੍ਰੀਮੀਅਰ ਨਾਲ਼ ਪੰਜ-ਸੱਤ ਬੰਦਿਆਂ ਦਾ ਅਮਲਾ ਤਾਂ ਹੋਵੇਗਾ ਹੀ। ਏਨੇ ਪਾਸ ਬਣਾਉਣ ਨੂੰ ਟਾਈਮ ਲੱਗ ਜਾਣਾ ਸੀ। ਟਾਈਮ ਘੱਟ ਕਰਨ ਦੇ ਖਿਆਲ ਨਾਲ਼ ਮੈਂ ਛੇ ਪਾਸਾਂ ਦੇ ਕੁਝ ਖਾਨੇ ਜਿਵੇਂ ਉਸ ਦਿਨ ਦੀ ਤਾਰੀਖ਼, ਟਾਈਮ, ਉਨ੍ਹਾਂ ਦੇ ਬਿਲਡਿੰਗ ‘ਚ ਆਉਣ ਦਾ ਮਕਸਦ ਪਹਿਲਾਂ ਹੀ ਭਰ ਲਏ।
ਪੂਰੇ ਗਿਆਰਾਂ ਵਜੇ ਪ੍ਰੀਮੀਅਰ ਨੂੰ ਮੁੱਖ ਦਰਵਾਜ਼ੇ ‘ਤੇ ਦੇਖ ਕੇ ਮੈਂ ਹੈਰਾਨ ਰਹਿ ਗਿਆ। ਹੈਰਾਨ ਇਸ ਕਰਕੇ ਨਹੀਂ ਕਿ ਉਹ ਵਕਤ ਸਿਰ ਆਇਆ ਸੀ। ਕੈਨੇਡਾ ‘ਚ ਸਮੇਂ ਦੀ ਪਾਬੰਦੀ ਬਾਰੇ ਮੈਂ ਜਾਣੂ ਸਾਂ। ਹੈਰਾਨ ਇਸ ਕਰਕੇ ਸਾਂ ਕਿ ਉਸ ਨਾਲ਼ ਸਿਰਫ਼ ਇਕ ਬੰਦਾ ਸੀ, (ਸ਼ਾਇਦ ਉਸਦਾ ਸੈਕਟਰੀ)। ਨਾ ਪੁਲਸੀਏ ਤੇ ਨਾ ਹੀ ਹੋਰ ਅਧਿਕਾਰੀ।
ਪਾਰਕਿੰਗ ਲੌਟ ਬਿਲਡਿੰਗ ਤੋਂ 300 ਮੀਟਰ ਦੀ ਵਿੱਥ ‘ਤੇ ਸੀ। ਓਥੇ ਕਾਰਾਂ ਪਾਰਕ ਕਰਕੇ ਉਹ ਟੁਰ ਕੇ ਆਏ ਸਨ। ਕੁਰਸੀ ਤੋਂ ਉੱਠ ਕੇ ਮੈਂ ਉਨ੍ਹਾਂ ਨੂੰ ‘ਗੁੱਡ ਮਾਰਨਿੰਗ’ ਆਖੀ। ਜਵਾਬ ‘ਚ ‘ਗੁੱਡ ਮਾਰਨਿੰਗ’ ਆਖਦਿਆਂ ਉਨ੍ਹਾਂ ਆਪਣੇ ਡਰਾਈਵਿੰਗ ਲਾਇਸੈਂਸ ਮੈਨੂੰ ਫੜਾ ਦਿੱਤੇ। ਉਨ੍ਹਾਂ ਮੇਰਾ ਪਾਸ ਬਣਾਉਣ ਦਾ ਕੰਮ ਸੌਖਾ ਕਰ ਦਿੱਤਾ। ਡਰਾਈਵਿੰਗ ਲਾਈਸੈਂਸ ‘ਤੇ ਨਾਂ ਅਤੇ ਕੁਝ ਹੋਰ ਜਾਣਕਾਰੀ ਹੁੰਦੀ ਹੈ। ਮੈਂ ਪ੍ਰੋਡਿਊਸਰ ਨੂੰ ਫੋਨ ਕਰ ਦਿੱਤਾ। ਉਸਨੇ ਆ ਕੇ ਉਨ੍ਹਾਂ ਨੂੰ ‘ਵੈਲਕਮ’ ਆਖੀ। ਮੈਂ ਪਾਸ ਅਤੇ ਡਰਾਈਵਿੰਗ ਲਾਇਸੈਂਸ ਉਨ੍ਹਾਂ ਨੂੰ ਫੜਾ ਦਿੱਤੇ ਨਾਲ਼ ‘ਥੈਂਕ ਯੂ’ ਵੀ ਕਿਹਾ। ਪ੍ਰੋਡਿਊਸਰ ਉਨ੍ਹਾਂ ਨੂੰ ਆਪਣੇ ਕਮਰੇ ‘ਚ ਲੈ ਗਿਆ।
ਵਾਪਸੀ ਤੇ ਉਨ੍ਹਾਂ ਪਾਸ ਮੋੜ ਦਿੱਤੇ ਅਤੇ ‘ਥੈਂਕ ਯੂ’ ਆਖ ਕੇ ਚਲੇ ਗਏ।
ਕਿੰਨਾ ਅੰਤਰ ਹੈ ਭਾਰਤ ਅਤੇ ਕੈਨੇਡਾ ਦੇ ਰਾਜਨੀਤਕਾਂ ਦੇ ਵਿਵਹਾਰ ਵਿਚ। ਕੈਨੇਡਾ ਦੇ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀਆਂ ਸਮੇਤ ਸਾਰੇ ਰਾਜਨੀਤਕ ਲੋਕਾਂ ਵਿਚ ਸਾਧਾਰਨ ਬੰਦਿਆਂ ਵਾਂਗ ਮੂਵ ਕਰਦੇ ਹਨ। ਗੱਲ ਸਿਰਫ਼ ਸਾਦਗੀ ਸਾਧਾਰਨਤਾ ਨਾਲ਼ ਮੂਵ ਕਰਨ ਦੀ ਹੀ ਨਹੀਂ, ਇਹ ਲੋਕਾਂ ਦਾ ਖਿਆਲ ਵੀ ਰੱਖਦੇ ਹਨ। ਲੋਕਾਂ ਪ੍ਰਤੀ ਆਪਣੇ ਫਰਜ ਨਿਭਾਉਣ ਲਈ ਯਤਨਸ਼ੀਲ ਰਹਿੰਦੇ ਹਨ। ਇਸਦੇ ਮੁਕਾਬਲੇ ਇੰਡੀਆ ਦੇ ਪ੍ਰਧਾਨ ਮੰਤਰੀ, ਮੁੱਖ ਮੰਤਰੀ, ਉਨ੍ਹਾਂ ਦੇ ਕੈਬਨਿਟ ਮੰਤਰੀ ਅਤੇ ਵਿਰੋਧੀ ਪਾਰਟੀਆਂ ਦੇ ਲੀਡਰਾਂ ਦੇ ਲਾਮ ਲਸ਼ਕਰ ਤੇ ਸਕਿਉਰਟੀ ਅਮਲਾ, ਰੈਲੀਆਂ ਵਾਲ਼ੀਆਂ ਥਾਵਾਂ ਨਾਲ਼ ਜੁੜਦੀਆਂ ਦੂਰ-ਨੇੜੇ ਦੀਆਂ ਸੜਕਾਂ ਦੀ ਨਾਕਾਬੰਦੀ ਅਤੇ ਕਈ-ਕਈ ਕਿਲੋਮੀਟਰ ਤੱਕ ਤਾਇਨਾਤ ਕੀਤੀ ਪੁਲਿਸ ਬਾਰੇ ਮੈਨੂੰ ਵਿਸਥਾਰ ‘ਚ ਜਾਣ ਦੀ ਲੋੜ ਨਹੀਂ। ਸਭ ਜਾਣਦੇ ਹਨ। ਇਸ ਘਟਨਾ ਦਾ ਇਕ ਪੱਖ ਹੋਰ ਵੀ ਹੈ। ਕੈਨੇਡਾ ਵਿਚ ਨਿਯਮਾਂ (ਜਿਵੇਂ ਪਾਸ ਲੈਣ ਜਾਂ ਦਿਖਾਉਣ) ਦੇ ਮਾਮਲੇ ਵਿਚ ਕੋਈ ਵੱਡਾ, ਛੋਟਾ ਨਹੀਂ। ਨਿਯਮਾਂ ਕਾਨੂੰਨਾਂ ਦੀ ਪਾਲਣਾ ਸਿਰਫ਼ ਆਮ ਲੋਕਾਂ ਲਈ ਹੀ ਨਹੀਂ, ਰਾਜਨੀਤਕ ਲੀਡਰ ਤੇ ਉੱਚ ਅਧਿਕਾਰੀ ਵੀ ਇਨ੍ਹਾਂ ਦੀ ਪਾਲਣਾ ਕਰਦੇ ਹਨ। ਪਰ ਭਾਰਤ ਵਿਚ ਰਾਜਨੀਤਕਾਂ, ਉੱਚ ਅਧਿਕਾਰੀਆਂ ਸਾਹਵੇਂ ਨਿਯਮ ਕਾਨੂੰਨ ਬੇਮਾਅਨਾ ਹੋ ਜਾਂਦੇ ਹਨ।
ਕੰਮ ਤੋਂ ਮੁੜਦਿਆਂ ਸ਼ਾਮ ਪੈ ਜਾਂਦੀ ਸੀ। ਕੁਝ ਦੇਰ ਟੀ.ਵੀ ਦੇਖਣ ਬਾਅਦ ਮੈਂ ਖਾਣਾ ਖਾ ਕੇ ਸੌਂ ਜਾਂਦਾ। ਸਵੇਰੇ ਸਾਢੇ ਚਾਰ ਉੱਠਣਾ ਹੁੰਦਾ ਸੀ। ਨਹਾਉਣ ਧੋਣ, ਨਾਸ਼ਤਾ ਕਰਨ ਤੇ ਲੰਚ ਵਾਸਤੇ ਸੈਂਡਵਿਚ ਬਣਾਉਣ ਦਾ ਰੁਟੀਨ ਨਿਪਟਾ ਕੇ, ਕੰਮ ‘ਤੇ ਜਾਣ ਲਈ ਸਾਢੇ ਪੰਜ ਵਜੇ ਬੱਸ ਫੜਦਾ ਸਾਂ।
ਪੰਜ ਦਿਨਾਂ ਦੀ ਦੌੜ-ਭੱਜ ਬਾਅਦ ਵੀਕਐਂਡਾਂ ‘ਤੇ ਰੈਸਟ ਮਿਲ ਜਾਂਦੀ ਸੀ ਪਰ ਕੁਝ ਕੰਮ ਵੀ ਹੁੰਦੇ ਸਨ ਅਪਾਰਟਮੈਂਟ ਦੀ ਸਫਾਈ, ਲਾਂਡਰੀ ਮਸ਼ੀਨ ‘ਚ ਕੱਪੜੇ ਧੋਣ ਤੇ ਪਰੈੱਸ ਕਰਨ ਦੇ ਕੰਮ।
(ਚਲਦਾ)

Check Also

ਕਹਾਣੀ ਸੰਗ੍ਰਹਿ ‘ਦੋ ਟਾਪੂ’ ਦੀਆਂ ਰਚਨਾਤਮਿਕ ਛੱਲਾਂ

ਜਰਨੈਲ ਸਿੰਘ (ਕਿਸ਼ਤ 17ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) 20ਵੀਂ ਸਦੀ ਦੇ ਆਖਰੀ ਦਹਾਕੇ …