Breaking News
Home / ਪੰਜਾਬ / ਸਿਸੋਦੀਆ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਲਕੇ ਦੇ ਸਕੂਲਾਂ ਦਾ ਕੀਤਾ ਦੌਰਾ

ਸਿਸੋਦੀਆ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਲਕੇ ਦੇ ਸਕੂਲਾਂ ਦਾ ਕੀਤਾ ਦੌਰਾ

ਚਮਕੌਰ ਸਾਹਿਬ ਦੇ ਸਕੂਲ ਦੀਆਂ ਫੋਟੋਆਂ ਕੀਤੀਆਂ ਜਾਰੀ
ਕਿਹਾ : ਚੁੱਲ੍ਹੇ ‘ਤੇ ਪੱਕ ਰਿਹਾ ਹੈ ਖਾਣਾ, ਬਾਥਰੂਮਾਂ ਦੀ ਹਾਲਤ ਵੀ ਮਾੜੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਅਤੇ ਦਿੱਲੀ ਸਰਕਾਰ ਵਿਚਾਲੇ ਇਨ੍ਹੀਂ ਦਿਨੀਂ ਸਿੱਖਿਆ ਦੇ ਮਾਮਲੇ ਨੂੰ ਲੈ ਜੰਗ ਛਿੜੀ ਹੋਈ ਹੈ। ਦਰਅਸਲ ਦਿੱਲੀ ਅਤੇ ਪੰਜਾਬ ਸਰਕਾਰ ਵੱਲੋਂ ਆਪੋ-ਆਪਣੇ ਸੂਬਿਆਂ ਵਿਚ ਵਧੀਆ ਸਿੱਖਿਆ ਪ੍ਰਬੰਧ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ। ਜਿਸ ਦੇ ਚਲਦਿਆਂ ਦਿੱਲੀ ਦੇ ਉਪ ਮੁੱਖ ਮੰਤਰੀ ਸਿਸੋਦੀਆ ਵੱਲੋਂ ਬੁੱਧਵਾਰ ਨੂੰ ਚਮਕੌਰ ਸਾਹਿਬ ਦੇ ਸਰਕਾਰੀ ਸਕੂਲ ਵਿਚ ਪਹੁੰਚ ਕੇ ਬੱਚਿਆਂ ਦੀਆਂ ਕਲਾਸਾਂ, ਬਾਥਰੂਮ ਅਤੇ ਹੋਰ ਥਾਵਾਂ ਦਾ ਨਿਰੀਖਣ ਕੀਤਾ ਗਿਆ।
ਇਸ ਤੋਂ ਬਾਅਦ ਉਨ੍ਹਾਂ ਨੇ ਇਕ ਸਰਕਾਰੀ ਸਕੂਲ ਦੀਆਂ ਤਸਵੀਰਾਂ ਜਾਰੀ ਕੀਤੀਆਂ, ਜਿਨ੍ਹਾਂ ‘ਚ ਚੁੱਲ੍ਹੇ ‘ਤੇ ਮਿਡ ਡੇਅ ਮੀਲ ਦਾ ਖਾਣਾ ਪੱਕ ਰਿਹਾ ਹੈ, ਬਿਲਡਿੰਗ ਤੋਂ ਲੈ ਕੇ ਲੜਕੀਆਂ ਲਈ ਬਣੇ ਟੋਆਏਲਟ ਦੀ ਹਾਲਤ ਵੀ ਬਹੁਤ ਖਸਤਾ ਹੈ। ਸਿਸੋਦੀਆ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਦਾ ਕਹਿਣਾ ਹੈ ਕਿ ਪੰਜਾਬ ‘ਚ ਸਿੱਖਿਆ ਕ੍ਰਾਂਤੀ ਹੋ ਰਹੀ ਹੈ ਅਤੇ ਉਨ੍ਹਾਂ ਦੇ ਸਕੂਲ ਸਭ ਨਾਲੋਂ ਵਧੀਆ ਹਨ। ਇਸ ਲਈ ਮੈਂ ਉਨ੍ਹਾਂ ਦੇ ਇਲਾਕੇ ਦੇ ਸਕੂਲਾਂ ਨੂੰ ਦੇਖਣ ਲਈ ਆਇਆ ਸੀ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੇ ਸਾਡੇ ਕੋਲੋਂ 250 ਸਕੂਲਾਂ ਦੀ ਸੂਚੀ ਮੰਗੀ ਸੀ ਜਿਨ੍ਹਾਂ ਨੂੰ ਅਸੀਂ ਸੁਧਾਰਿਆ ਹੈ। ਅਸੀਂ ਉਹ ਸੂਚੀ ਤੁਰੰਤ ਉਨ੍ਹਾਂ ਨੂੰ ਸੌਂਪ ਦਿੱਤੀ ਪ੍ਰੰਤੂ ਪੰਜਾਬ ਦੇ ਸਕੂਲਾਂ ਦੀ ਸੂਚੀ ਹਾਲੇ ਤੱਕ ਸਾਨੂੰ ਪ੍ਰਾਪਤ ਨਹੀਂ ਹੋਈ।
ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਸਰਕਾਰ ਨੇ ਪੂਰੇ ਪੰਜ ਸਾਲ ਕੰਮ ਕੀਤਾ ਅਤੇ ਦਿੱਲੀ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਪੰਜ ਸਾਲ ਕੰਮ ਕੀਤਾ ਹੈ। ਜੇਕਰ ਆਮ ਆਦਮੀ ਪਾਰਟੀ ਦਿੱਲੀ ਦੇ ਸਕੂਲਾਂ ਨੂੰ ਵਧੀਆ ਬਣਾ ਸਕਦੀ ਹੈ ਤਾਂ ਪੰਜਾਬ ਦੀ ਕਾਂਗਰਸ ਸਰਕਾਰ ਪੰਜਾਬ ਦੇ ਸਕੂਲਾਂ ਨੂੰ ਕਿਉਂ ਵਧੀਆ ਨਹੀਂ ਬਣਾ ਸਕੀ।
ਸਿਸੋਦੀਆ ਦੇ ਦੌਰੇ ਦੀ ਭਿਣਕ ਪੈਣ ‘ਤੇ ਸਰਕਾਰੀ ਸਕੂਲਾਂ ਦੇ ਗੇਟ ਕੀਤੇ ਬੰਦ
ਚਮਕੌਰ ਸਾਹਿਬ : ਦਿੱਲੀ ਦੇ ਉੱਪ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਨਕੇ ਪਿੰਡ ਮਕੜੌਨਾਂ ਕਲਾਂ ਸਣੇ ਕੁਝ ਹੋਰਨਾਂ ਸਕੂਲਾਂ ਦਾ ਵੀ ਦੌਰਾ ਕੀਤਾ। ਜਦੋਂ ਸਿਸੋਦੀਆ ਦੇ ਜ਼ਿਲ੍ਹਾ ਰੂਪਨਗਰ ਦੇ ਦੌਰੇ ਦੀ ਭਿਣਕ ਜ਼ਿਲ੍ਹਾ ਪ੍ਰਸ਼ਾਸਨ ਨੂੰ ਪਈ ਤਾਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਤੁਰੰਤ ਸਮੂਹ ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਮੋਬਾਈਲਾਂ ‘ਤੇ ਆਡੀਓ ਮੈਸੇਜ ਭੇਜ ਕੇ ਹਦਾਇਤ ਕੀਤੀ ਕਿ ਕਿਸੇ ਵੀ ਬਾਹਰਲੇ ਬੰਦੇ ਨੂੰ ਸਕੂਲ ਵਿੱਚ ਦਾਖ਼ਲ ਨਾ ਹੋਣ ਦਿੱਤਾ ਜਾਵੇ ਅਤੇ ਸਕੂਲਾਂ ਦੇ ਗੇਟ ਬੰਦ ਰੱਖੇ ਜਾਣ। ਉਨ੍ਹਾਂ ਹਦਾਇਤ ਕੀਤੀ ਕਿ ਜੇਕਰ ਪੰਜਾਬ ਸਰਕਾਰ ਦਾ ਕੋਈ ਅਧਿਕਾਰੀ ਵੀ ਆਉਂਦਾ ਹੈ ਤਾਂ ਉਸ ਦਾ ਸ਼ਨਾਖ਼ਤੀ ਕਾਰਡ ਵੇਖ ਕੇ ਹੀ ਅੰਦਰ ਦਾਖ਼ਲ ਹੋਣ ਦਿੱਤਾ ਜਾਵੇ।
ਪਰਗਟ ਸਿੰਘ ਨੇ ਦਿੱਲੀ ਦੇ ਸਿੱਖਿਆ ਪ੍ਰਬੰਧਾਂ ‘ਤੇ ਚੁੱਕੇ ਸਵਾਲ
ਚੰਡੀਗੜ੍ਹ : ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਵੀ ਦਿੱਲੀ ਦੇ ਸਿੱਖਿਆ ਪ੍ਰਬੰਧਾਂ ਦੀ ਗੱਲ ਕਰਦਿਆਂ ਸਰਕਾਰੀ ਸਕੂਲਾਂ ਵਿੱਚ ਖਾਲੀ ਪਈਆਂ ਅਸਾਮੀਆਂ ਤੇ ਸਿੱਖਿਆ ਰੈਂਕਿੰਗ ਦਾ ਮੁੱਦਾ ਚੁੱਕਿਆ। ਪਰਗਟ ਸਿੰਘ ਨੇ ਸਵਾਲ ਕੀਤਾ ਕਿ ਦਿੱਲੀ ਦੇ 1060 ਵਿੱਚੋਂ 760 ਸਕੂਲਾਂ ਵਿੱਚ ਪ੍ਰਿੰਸੀਪਲ ਅਤੇ 1844 ਵਿੱਚੋਂ 479 ਸਕੂਲਾਂ ਵਿੱਚ ਵਾਈਸ ਪ੍ਰਿੰਸੀਪਲ ਦੀਆਂ ਆਸਾਮੀਆਂ ਖਾਲੀ ਕਿਉਂ ਹਨ? ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਦਿੱਲੀ ਦੇ ਸਕੂਲਾਂ ਵਿੱਚ 41 ਫੀਸਦ ਨਾਨ-ਟੀਚਿੰਗ ਸਟਾਫ਼ ਦੀਆਂ ਅਸਾਮੀਆਂ ਵੀ ਖਾਲੀ ਪਈਆਂ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਸਿੱਖਿਆ ਮੰਤਰੀ ਸਿਸੋਦੀਆ ਨੇ ਪੰਜਾਬ ਦੇ ਇੱਕ ਸਕੂਲ ਦਾ ਸਟੋਰ ਰੂਮ ਦਿਖਾ ਕੇ ਸਿਆਸੀ ਰੋਟੀਆਂ ਸੇਕਣ ਦੀ ਕੋਝੀ ਸਾਜਿਸ਼ ਕੀਤੀ ਹੈ।

 

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼

ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …