Breaking News
Home / ਪੰਜਾਬ / ਲੁਧਿਆਣਾ ਦੇ 25 ਸਰਕਾਰੀ ਸਕੂਲਾਂ ’ਚ ਪਾਣੀ ਪੀਣ ਯੋਗ ਨਹੀਂ

ਲੁਧਿਆਣਾ ਦੇ 25 ਸਰਕਾਰੀ ਸਕੂਲਾਂ ’ਚ ਪਾਣੀ ਪੀਣ ਯੋਗ ਨਹੀਂ

ਡਿਪਟੀ ਕਮਿਸ਼ਨਰ ਨੇ ਕਿਹਾ : ਸਰਕਾਰੀ ਸਕੂਲਾਂ ਵਿੱਚ ਮੁੜ ਤੋਂ ਕਲੋਰੀਨੇਸ਼ਨ ਮੁਹਿੰਮ ਸ਼ੁਰੂ ਕਰਾਂਗੇ
ਲੁਧਿਆਣਾ/ਬਿੳੂਰੋ ਨਿੳੂਜ਼
ਪੰਜਾਬ ਦੇ ਕਈ ਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ਨੂੰ ਪੀਣ ਵਾਲਾ ਸਾਫ ਪਾਣੀ ਨਹੀਂ ਮਿਲ ਰਿਹਾ। ਸਿਹਤ ਵਿਭਾਗ ਦੀ ਜਾਂਚ ਨੇ ਇੱਕ ਵਾਰ ਫਿਰ ਸਰਕਾਰੀ ਸਕੂਲਾਂ ਵਿੱਚ ਪੀਣ ਵਾਲੇ ਪਾਣੀ ਦੀ ਵਿਵਸਥਾ ਦੀ ਅਸਲੀਅਤ ਸਾਹਮਣੇ ਲਿਆਂਦੀ ਹੈ। ਵਿਭਾਗ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਲੁਧਿਆਣਾ ਜ਼ਿਲ੍ਹੇ ਦੇ ਦੋ ਦਰਜਨ ਤੋਂ ਵੱਧ ਸਰਕਾਰੀ ਸਕੂਲਾਂ ਦਾ ਪਾਣੀ ਪੀਣ ਯੋਗ ਨਹੀਂ ਹੈ। ਪਾਣੀ ਵਿੱਚ ਸਿਹਤ ਲਈ ਖ਼ਤਰਨਾਕ ਬੈਕਟੀਰੀਆ ਪਾਏ ਗਏ ਹਨ। ਹਰ ਵਾਰ ਦੀ ਤਰ੍ਹਾਂ ਪੰਜਾਬ ਦੇ ਸਿਹਤ ਵਿਭਾਗ ਨੇ ਪਾਣੀ ਦੇ ਸੈਂਪਲ ਫੇਲ੍ਹ ਹੋਣ ਦੀ ਸੂਚਨਾ ਡੀਸੀ, ਡੀਈਓ ਨੂੰ ਭੇਜ ਦਿੱਤੀ ਹੈ। ਰਿਪੋਰਟ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਵਾਲੀਆਂ ਟੈਂਕੀਆਂ ਦੀ ਸਫਾਈ ਨਾ ਹੋਣ ਅਤੇ ਸਰਕਾਰੀ ਸਕੂਲਾਂ ਵਿੱਚ ਕਲੋਰੀਨੇਸ਼ਨ ਦੀ ਘਾਟ ਦਾ ਜ਼ਿਕਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਕੂਲਾਂ ਵਿੱਚ ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਦੀ ਸਫ਼ਾਈ ਅਤੇ ਕਲੋਰੀਨੇਸ਼ਨ ਕਰਨ ਬਾਰੇ ਵੀ ਕਿਹਾ ਗਿਆ ਹੈ। ਲੁਧਿਆਣਾ ਦੇ ਜਿਨ੍ਹਾਂ ਸਰਕਾਰੀ ਸਕੂਲਾਂ ਦਾ ਪਾਣੀ ਪੀਣ ਯੋਗ ਨਹੀਂ ਹੈ, ਉਨ੍ਹਾਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਕਬਾ ਸੁਧਾਰ, ਸਰਕਾਰੀ ਮਿਡਲ ਸਕੂਲ ਹਠੂਰਗੁਰੂ ਅਤੇ ਸਰਕਾਰੀ ਹਾਈ ਸਕੂਲ ਰੁੜਕਾ ਪੱਖੋਵਾਲ ਵੀ ਸ਼ਾਮਲ ਹੈ। ਇਸਦੇ ਚੱਲਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ ਨੇ ਦੱਸਿਆ ਕਿ ਜਦੋਂ ਪਾਣੀ ਦੇ ਸੈਂਪਲ ਫੇਲ੍ਹ ਹੋਣ ਦੀ ਸੂਚਨਾ ਮਿਲੀ ਸੀ ਤਾਂ ਅਸੀਂ ਨਗਰ ਨਿਗਮ, ਜਲ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਸੀ ਅਤੇ ਉਨ੍ਹਾਂ ਨੂੰ ਕਿਹਾ ਸੀ ਕਿ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾਵੇ। ਡੀਸੀ ਹੋਰਾਂ ਨੇ ਕਿਹਾ ਕਿ ਅਸੀਂ ਮੁੜ ਤੋਂ ਕਲੋਰੀਨੇਸ਼ਨ ਡਰਾਈਵ ਚਲਾਵਾਂਗੇ ਅਤੇ ਸਕੂਲਾਂ ਵਿੱਚ ਪੀਣ ਵਾਲੇ ਸਾਫ਼ ਪਾਣੀ ਦੇ ਪ੍ਰੋਜੈਕਟ ਸਬੰਧੀ ਸੂਬਾ ਸਰਕਾਰ ਨੂੰ ਯਾਦ ਪੱਤਰ ਵੀ ਭੇਜਾਂਗੇ।

Check Also

ਪੰਜਾਬ ’ਚੋਂ ਨਸ਼ੇ ਨੂੰ ਸਿਰਫ ਭਾਜਪਾ ਹੀ ਖਤਮ ਕਰ ਸਕਦੀ ਹੈ : ਡਾ ਸੁਭਾਸ਼ ਸ਼ਰਮਾ

ਬੰਗਾ : ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਡਾ: ਸੁਭਾਸ਼ ਸ਼ਰਮਾ …