ਰੂਸੀ ਹਮਲਿਆਂ ਕਾਰਨ ਯੂਕਰੇਨ ਦੇ ਕਈ ਪਿੰਡ ਤੇ ਕਸਬੇ ਹਨੇਰੇ ’ਚ
ਨਵੀਂ ਦਿੱਲੀ/ਬਿੳੂਰੋ ਨਿੳੂਜ਼
ਯੂਕਰੇਨ ਵਿਚਲੇ ਭਾਰਤੀ ਦੂਤਘਰ ਨੇ ਰੂਸੀ ਹਮਲੇ ਤੇਜ਼ ਹੋਣ ਦੇ ਮੱਦੇਨਜ਼ਰ ਭਾਰਤੀ ਨਾਗਰਿਕਾਂ ਨੂੰ ਦੇਸ਼ ਛੱਡਣ ਦੀ ਸਲਾਹ ਦਿੱਤੀ ਹੈ। ਦੂਤਘਰ ਨੇ ਬਿਆਨ ਜਾਰੀ ਕਰਕੇ ਭਾਰਤੀ ਨਾਗਰਿਕਾਂ ਨੂੰ ਯੂਕਰੇਨ ਦੀ ਯਾਤਰਾ ਨਾ ਕਰਨ ਲਈ ਕਿਹਾ ਹੈ। ਦੂਤਘਰ ਨੇ ਕਿਹਾ ਹੈ ਕਿ ਵਿਗੜਦੀ ਸੁਰੱਖਿਆ ਸਥਿਤੀ ਅਤੇ ਹਾਲਾਤ ਖ਼ਰਾਬ ਹੋਣ ਦੇ ਮੱਦੇਨਜ਼ਰ ਭਾਰਤੀ ਨਾਗਰਿਕਾਂ ਨੂੰ ਯੂਕਰੇਨ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਸਮੇਂ ਯੂਕਰੇਨ ਵਿੱਚ ਰਹਿ ਰਹੇ ਵਿਦਿਆਰਥੀਆਂ ਸਮੇਤ ਭਾਰਤੀ ਨਾਗਰਿਕਾਂ ਨੂੰ ਵੀ ਜਲਦੀ ਤੋਂ ਜਲਦੀ ਯੂਕਰੇਨ ਛੱਡਣ ਦੀ ਸਲਾਹ ਦਿੱਤੀ ਗਈ ਹੈ। ਉਧਰ ਦੂਜੇ ਪਾਸੇ ਰੂਸ ਵੱਲੋਂ ਯੂਕਰੇਨ ਦੇ ਪਾਵਰ ਸਟੇਸ਼ਨਾਂ ’ਤੇ ਕੀਤੇ ਮਿਜ਼ਾਈਲ ਹਮਲਿਆਂ ਕਰਕੇ ਕਈ ਯੂਕਰੇਨੀ ਪਿੰਡ ਤੇ ਕਸਬੇ ਹਨੇ੍ਹਰੇ ਵਿਚ ਹਨ। ਬਿਜਲੀ ਬਿਨਾਂ ਸਰਦੀ ਦੇ ਮੌਸਮ ਕਰਕੇ ਲੱਖਾਂ ਲੋਕਾਂ ਲਈ ਵੱਡਾ ਸੰਕਟ ਖੜ੍ਹਾ ਹੋ ਸਕਦਾ ਹੈ। ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਨੇ ਦੇਸ਼ ਵਾਸੀਆਂ ਨੂੰ ਬਿਜਲੀ ਸਪਲਾਈ ਦੀ ਸੰਜਮ ਨਾਲ ਵਰਤੋਂ ਕਰਨ ਦੀ ਅਪੀਲ ਕੀਤੀ ਹੈ।