ਕੈਂਸਰ ਕਾਰਨ ਪੰਜਾਬ ‘ਚ ਹੁੰਦੀਆਂ ਹਰ ਰੋਜ਼ 43 ਮੌਤਾਂ
ਇਸ ਬਿਮਾਰੀ ਨੂੰ ਰੋਕਣਾ ਪੰਜਾਬ ਸਰਕਾਰ ਲਈ ਵੱਡੀ ਚੁਣੌਤੀ ਇਸ ਬਿਮਾਰੀ ਨੂੰ ਰੋਕਣਾ ਪੰਜਾਬ ਸਰਕਾਰ ਲਈ ਵੱਡੀ ਚੁਣੌਤੀ
ਬਠਿੰਡਾ/ਬਿਊਰੋ ਨਿਊਜ਼ : ਪੰਜਾਬ ਵਿੱਚ ਕੈਂਸਰ ਕਾਰਨ ਰੋਜ਼ਾਨਾ ਔਸਤਨ 43 ਮੌਤਾਂ ਹੁੰਦੀਆਂ ਹਨ ਅਤੇ ਇਹ ਬਿਮਾਰੀ ਔਸਤਨ 85 ਮਨੁੱਖਾਂ ਨੂੰ ਲਪੇਟ ਵਿੱਚ ਲੈ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਲਈ ਇਸ ਬਿਮਾਰੀ ਨੂੰ ਰੋਕਣਾ ਵੱਡੀ ਚੁਣੌਤੀ ਹੈ। ਖਾਸ ਕਰਕੇ ਮਾਲਵੇ ਨੂੰ ਤਾਂ ਕੈਂਸਰ ਨੇ ਮੰਜੇ ਵਿੱਚ ਪਾ ਦਿੱਤਾ ਹੈ। ਮਹਿੰਗੇ ਇਲਾਜ ਕਾਰਨ ਗ਼ਰੀਬ ਮਰੀਜ਼ਾਂ ਕੋਲ ਸਿਵਾਏ ਅਰਦਾਸ ਦੇ ਹੋਰ ਕੋਈ ਚਾਰਾ ਨਹੀਂ ਬਚਦਾ। ਕੇਂਦਰੀ ਸਿਹਤ ਮੰਤਰਾਲੇ ਦੇ ਤੱਥ ਪੰਜਾਬ ਨੂੰ ਫਿਕਰਮੰਦ ਕਰਨ ਵਾਲੇ ਅਤੇ ਨਵੀਂ ਸਰਕਾਰ ਨੂੰ ਹਲੂਣਾ ਦੇਣ ਵਾਲੇ ਹਨ। ਪੰਜਾਬ ਵਿਚੋਂ ਬਠਿੰਡਾ, ਮਾਨਸਾ ਤੇ ਮੁਕਤਸਰ ਜ਼ਿਲ੍ਹੇ ਵਿਚ ਇਸ ਬਿਮਾਰੀ ਨੇ ਸੱਥਰ ਵਿਛਾ ਦਿੱਤੇ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਤਾਜ਼ਾ ਵੇਰਵਿਆਂ ਅਨੁਸਾਰ ਪੰਜਾਬ ਵਿੱਚ ਕੈਂਸਰ ਨਾਲ ਪਹਿਲੀ ਜਨਵਰੀ, 2014 ਤੋਂ 31 ਦਸੰਬਰ, 2016 ਤਕ 47,378 ਮੌਤਾਂ ਹੋਈਆਂ ਹਨ ਅਤੇ ਹਰ ਵਰ੍ਹੇ ਇਹ ਦਰ ਵੱਧ ਰਹੀ ਹੈ। ਸਾਲ 2014 ਵਿੱਚ 15171, 2015 ਵਿਚ 15784 ਅਤੇ ਸਾਲ 2016 ਵਿਚ 16423 ਮੌਤਾਂ ਕੈਂਸਰ ਕਾਰਨ ਹੋਈਆਂ ਹਨ। ਇਨ੍ਹਾਂ ਤਿੰਨ ਵਰ੍ਹਿਆਂ ਵਿੱਚ ਕੈਂਸਰ ਨੇ 93690 ਵਿਅਕਤੀਆਂ ਨੂੰ ਆਪਣੀ ਜਕੜ ਵਿੱਚ ਲਿਆ ਹੈ।
ਕੇਂਦਰ ਸਰਕਾਰ ਨੇ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਸਟੇਟ ਕੈਂਸਰ ਇੰਸਟੀਚਿਊਟ ਖੋਲ੍ਹਿਆ ਹੈ ਜਦੋਂ ਕਿ ਜ਼ਿਲ੍ਹਾ ਹੁਸ਼ਿਆਰਪੁਰ ਤੇ ਫਾਜ਼ਿਲਕਾ ਦੇ ਜ਼ਿਲ੍ਹਾ ਹਸਪਤਾਲਾਂ ਵਿੱਚ ਕੈਂਸਰ ਕੇਅਰ ਸੈਂਟਰ ਖੋਲ੍ਹੇ ਹਨ। ਜਾਣਕਾਰੀ ਅਨੁਸਾਰ ਪੰਜਾਬ ਵਿੱਚ 3814 ਔਰਤਾਂ ਦੀ ਛਾਤੀ ਦੇ ਕੈਂਸਰ ਕਾਰਨ ਮੌਤ ਹੋਈ ਹੈ।
ਇਨ੍ਹਾਂ ਤਿੰਨ ਵਰ੍ਹਿਆਂ ਵਿੱਚ 9453 ਔਰਤਾਂ ਨੂੰ ਛਾਤੀ ਦਾ ਕੈਂਸਰ ਹੋਇਆ ਹੈ। ਪੰਜਾਬ ਵਿੱਚ ਹਰ ਵਰ੍ਹੇ ਔਸਤਨ 31 ਹਜ਼ਾਰ ਲੋਕ ਕੈਂਸਰ ਦੀ ਲਪੇਟ ਵਿੱਚ ਆ ਰਹੇ ਹਨ। ਸਰਵਾਈਕਲ ਕੈਂਸਰ ਨੇ ਵੀ ਤਿੰਨ ਵਰ੍ਹਿਆਂ ਵਿੱਚ 6425 ਲੋਕਾਂ ਉਤੇ ਹੱਲਾ ਬੋਲਿਆ ਹੈ ਅਤੇ ਇਸ ਨਾਲ 4191 ਲੋਕ ਮੌਤ ਦੇ ਮੂੰਹ ਜਾ ਪਏ ઠਹਨ। ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਂਸਰ ਰਾਹਤ ਫੰਡ ਵੀ ਕਾਇਮ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਬਠਿੰਡਾ ਵਿੱਚ ਐਡਵਾਂਸਡ ਕੈਂਸਰ ਡਾਇਗਨੌਸਟਿਕ ਟਰੀਟਮੈਂਟ ਤੇ ਰਿਸਰਚ ਇੰਸਟੀਚਿਊਟ ਖੋਲ੍ਹਿਆ ਹੈ ਅਤੇ ਮੈਡੀਕਲ ਕਾਲਜ ਫ਼ਰੀਦਕੋਟ ਵਿੱਚ ਕੈਂਸਰ ਵਿਭਾਗ ਬਣਾਇਆ ਹੈ।
ਕੈਂਸਰ ਮਾਹਿਰ ਡਾ. ਮਨਜੀਤ ਜੌੜਾ ਨੇ ਕਿਹਾ ਕਿ ਅਸਲ ਵਿੱਚ ਪੰਜਾਬ ਵਿੱਚ ਕੈਂਸਰ ਬਾਰੇ ਚੇਤਨਾ ਦੀ ਘਾਟ ਹੈ। ਖਾਸ ਕਰਕੇ ਮਾਲਵੇ ਵਿੱਚ ਕੈਂਸਰ ਕੇਸ ਉਦੋਂ ਡਿਟੈਕਟ ਹੁੰਦੇ ਹਨ ਜਦੋਂ ਮਰੀਜ਼ ਤੀਜੇ ਜਾਂ ਆਖਰੀ ਪੜਾਅ ਉਤੇ ਹੁੰਦਾ ਹੈ। ਪ੍ਰਤੀ ਲੱਖ ਆਬਾਦੀ ਪਿੱਛੇ ਕੈਂਸਰ ਮਰੀਜ਼ਾਂ ਦੀ ਕੌਮੀ ਔਸਤ 80 ਮਰੀਜ਼ ਹੈ ਜਦੋਂ ਕਿ ਪੰਜਾਬ ਵਿੱਚ ਇਹ ਔਸਤ 90 ਮਰੀਜ਼ ਹੈ। ਉਨ੍ਹਾਂ ਦੱਸਿਆ ਕਿ ਮਾਲਵੇ ਵਿੱਚ ਇਹ ਔਸਤ 135 ਮਰੀਜ਼ਾਂ ਦੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਵੀ ਕੈਂਸਰ ਪੀੜਤਾਂ ਦੀ ਇਲਾਜ ਵਿਚ ਮਦਦ ਕੀਤੀ ਜਾਂਦੀ ਹੈ। ਨਾਗਰਿਕ ਚੇਤਨਾ ਸੰਸਥਾ ਦੇ ਪ੍ਰਧਾਨ ਐਡਵੋਕੇਟ ਮਨੋਹਰ ਬਾਂਸਲ ਨੇ ਕੈਪਟਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਾਲਵਾ ਖ਼ਿੱਤੇ ਵਿੱਚ ਕੈਂਸਰ ਦੀ ਜੜ੍ਹ ਲੱਭੀ ਜਾਵੇ ਤਾਂ ਜੋ ਲੋਕ ਇਸ ਬਿਮਾਰੀ ਤੋਂ ਬਚ ਸਕਣ। ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਨੂੰ ਕੈਂਸਰ ਦੇ ਕਾਰਨ ਲੱਭਣ ਲਈ ਖੋਜ ਕਰਾਉਣ ਬਾਰੇ ਬੇਨਤੀ ਕੀਤੀ ਹੈ।
ਸਰਕਾਰੀ ਖਜ਼ਾਨੇ ‘ਚੋਂ ਕੇਸ ਫੀਸ ਦੇਣ ਦੇ ਮਾਮਲੇ ‘ਚ ਘਿਰੇ ਕੇਜਰੀਵਾਲ
ਨਵੀਂ ਦਿੱਲੀ : ਅਰੁਣ ਜੇਤਲੀ ਦੇ ਮਾਨਹਾਨੀ ਮੁਕੱਦਮੇ ‘ਚ ਘਿਰੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਕ ਹੋਰ ਮੁਸੀਬਤ ‘ਚ ਫਸ ਗਏ ਹਨ। ਇਸ ਮਾਮਲੇ ‘ਚ ਆਪਣੇ ਵਕੀਲ ਜੇਠ ਮਲਾਨੀ ਨੂੰ ਸਰਕਾਰੀ ਖਜ਼ਾਨੇ ‘ਚੋਂ ਫੀਸ ਚੁਕਾਉਣ ਦੀ ਤਿਆਰੀ ਕਰ ਰਹੇ ਕੇਜਰੀਵਾਲ ਰਾਜਨੀਤਿਕ ਦਲਾਂ ਦੇ ਨਿਸ਼ਾਨੇ ‘ਤੇ ਹਨ। ਭਾਜਪਾ ਤੇ ਕਾਂਗਰਸ ਇਸ ਨੂੰ ਨਿੱਜੀ ਮਾਨਹਾਨੀ ਦਾ ਮਾਮਲਾ ਦੱਸਦਿਆਂ ਸਰਕਾਰੀ ਪੈਸੇ ਦੀ ਦੁਰਵਰਤੋਂ ਅਤੇ ਭ੍ਰਿਸ਼ਟਾਚਾਰ ਕਰਾਰ ਦੇ ਰਹੀ ਹੈ। ਜਦੋਂਕਿ ਕੇਜਰੀਵਾਲ ਦੇ ਵਕੀਲ ਜੇਠਮਲਾਨੀ ਨੇ ਕੇਜਰੀਵਾਲ ਨੂੰ ਗਰੀਬ ਕਲਾਂਇੰਟ ਦੱਸਦਿਆਂ ਮੁਕੱਦਮਾ ਮੁਫ਼ਤ ‘ਚ ਲੜਨ ਦਾ ਐਲਾਨ ਕਰ ਦਿੱਤਾ ਹੈ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …