ਕੱਟੀ ਪੈਨਸ਼ਨ ਲੈਣ ਲਈ ਸਰਕਾਰੀ ਦਫ਼ਤਰ ਪੁੱਜੇ ਰੁਲਦੂ ਸਿੰਘ ਨੂੰ ਵੇਖ ਕੇ ਅਧਿਕਾਰੀ ਹੈਰਾਨ; ਸਰਕਾਰ ਨੇ ਜਿਊਂਦੇ ਬਜ਼ੁਰਗ ਨੂੰ ਮਰਿਆ ਐਲਾਨਿਆ
ਮਾਨਸਾ/ਬਿਊਰੋ ਨਿਊਜ਼ : ਮਾਨਸਾ ਦੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਤੇ ਬਾਲ ਵਿਕਾਸ ਇਸਤਰੀ ਭਲਾਈ ਦਫਤਰ ਵਿੱਚ ਬੁਢਾਪਾ ਪੈਨਸ਼ਨ ਲੈਣ ਲਈ ਪੁੱਜੇ 80 ਸਾਲਾ ਬੁਜ਼ਰਗ ਰੁਲਦੂ ਸਿੰਘ ਨੂੰ ਦੇਖ ਕੇ ਦਫਤਰ ਵਾਲੇ ਹੱਕੇ ਬੱਕੇ ਰਹਿ ਗਏ।
ਇਸ ਦੌਰਾਨ ਬਜ਼ੁਰਗ ਵੀ ਸੋਚਾਂ ਵਿੱਚ ਪੈ ਗਿਆ, ਜਦੋਂ ਉਸ ਨੂੰ ਦਫ਼ਤਰ ਦੇ ਰਿਕਾਰਡ ਅਨੁਸਾਰ ‘ਮ੍ਰਿਤਕ’ ਹੋਣ ਕਾਰਨ ਪੈਨਸ਼ਨ ਕੱਟਣ ਸਬੰਧੀ ਪਤਾ ਲੱਗਿਆ।
ਜ਼ਿਕਰਯੋਗ ਹੈ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਹੀਰੋ ਕਲਾਂ ਦੇ ਬੁਜ਼ਰਗ ਰੁਲਦੂ ਸਿੰਘ (80) ਨੂੰ ਸਾਲ 2000 ਤੋਂ ਬੁਢਾਪਾ ਪੈਨਸ਼ਨ ਮਿਲਣ ਲੱਗੀ ਸੀ ਪਰ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਉਸ ਨੂੰ ਪੈਨਸ਼ਨ ਮਿਲਣੀ ਬੰਦ ਹੋ ਗਈ। ਬਜ਼ੁਰਗ ਰੁਲਦੂ ਸਿੰਘ ਨੇ ਦੱਸਿਆ ਕਿ ਉਹ ਕਈ ਦਿਨ ਬੈਂਕ ਦੇ ਚੱਕਰ ਮਾਰਦਾ ਰਿਹਾ, ਪਰ ਉਸ ਨੂੰ ਪੈਨਸ਼ਨ ਨਾ ਮਿਲੀ।
ਆਖਰ ਉਹ ਮਾਨਸਾ ਦੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਤੇ ਬਾਲ ਵਿਕਾਸ ਇਸਤਰੀ ਭਲਾਈ ਦਫ਼ਤਰ ਆਇਆ। ਉਸ ਨੇ ਦੱਸਿਆ ਕਿ ਵਿਭਾਗ ਵਾਲਿਆਂ ਨੇ ਕਾਗਜ਼ ਪੱਤਰ ਦੇਖ ਕੇ ਦੱਸਿਆ ਕਿ ਬਾਬਾ ਤੂੰ ਤਾਂ ਰਿਕਾਰਡ ਅਨੁਸਾਰ ਕਈ ਮਹੀਨੇ ਪਹਿਲਾਂ ਮਰ ਚੁੱਕਿਆ ਏਂ। ਇਸ ਕਰਕੇ ਤੇਰੀ ਪੈਨਸ਼ਨ ਬੰਦ ਹੋ ਗਈ ਹੈ। ਬਜ਼ੁਰਗ ਨੇ ਆਖਿਆ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਜਵਾਬ ਦਿੱਤਾ ਕਿ ਉਹ ਜਿਊਂਦਾ ਜਾਗਦਾ ਹੈ, ਮਰਿਆ ਹੁੰਦਾ ਤਾਂ ਇੱਥੇ ਕਿਵੇਂ ਆਉਂਦਾ, ਪਰ ਉਸ ਦੀ ਕਿਸੇ ਨਾ ਸੁਣੀ।
ਉਸਦਾ ਕਹਿਣਾ ਹੈ ਕਿ ਪੈਨਸ਼ਨ ਨਾਲ ਉਸ ਦਾ ਥੋੜ੍ਹਾ ਬਹੁਤ ਗੁਜ਼ਾਰਾ ਚੱਲ ਰਿਹਾ ਸੀ, ਹੁਣ ਸਰਕਾਰ ਨੇ ਜਿਉਂਦੇ ਨੂੰ ਹੀ ਮਾਰ ਦਿੱਤਾ ਹੈ। ਸਮਾਜਿਕ ਸੁਰੱਖਿਆ ਵਿਭਾਗ ਦੇ ਕਾਗਜ਼ਾਂ ‘ਚ ਮਰਿਆ ਰੁਲਦੂ ਸਿੰਘ ਹੁਣ ਆਪਣੇ ਜਿਊਂਦੇ ਹੋਣ ਦੇ ਸਬੂਤ ਲੈ ਕੇ ਜਿਊਂਦਾ ਸਾਬਤ ਕਰਨ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ।
ਉਧਰ, ਫਿਜ਼ੀਕਲ ਹੈਂਡੀਕੈਪਡ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਵਿਨਾਸ਼ ਸ਼ਰਮਾ ਨੇ ਕਿਹਾ ਕਿ ਜਿਸ ਅਧਿਕਾਰੀ, ਕਰਮਚਾਰੀ ਨੇ ਪੜਤਾਲ ਕਰਕੇ ਜਿਉਂਦੇ ਰੁਲਦੂ ਸਿੰਘ ਨੂੰ ਕਾਗਜ਼ਾਂ ‘ਚ ਮਾਰ ਦਿੱਤਾ ਤੇ ਉਸ ਦੀ ਪੈਨਸ਼ਨ ‘ਤੇ ਰੋਕ ਲਾ ਦਿੱਤੀ, ਉਸ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ, ਜਿਸ ਕਰਕੇ ਮੁੜ ਕਿਸੇ ਬਜ਼ੁਰਗ ਜਾਂ ਦਿਵਿਆਂਗ ਵਿਅਕਤੀ ਨੂੰ ਪ੍ਰੇਸ਼ਾਨੀ ਨਾ ਹੋਵੇ।
ਇੱਕੋ ਨਾਮ ਦੇ ਜ਼ਿਆਦਾ ਵਿਅਕਤੀ ਹੋਣ ਕਾਰਨ ਅਜਿਹੀ ਗਲਤੀ ਹੋ ਜਾਂਦੀ ਹੈ : ਮੋਹਿਤ ਕੁਮਾਰ
ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀ ਮੋਹਿਤ ਕੁਮਾਰ ਦਾ ਕਹਿਣਾ ਹੈ ਕਿ ਸਰਵੇਖਣ ‘ਚ ਇਹ ਸਭ ਕੁੱਝ ਸਾਹਮਣੇ ਆਇਆ ਹੈ, ਪਰ ਕਈ ਵਾਰ ਇਕ ਨਾਂ ਦੇ ਜ਼ਿਆਦਾ ਵਿਅਕਤੀ ਹੋਣ ਕਰਕੇ ਇਹੋ-ਜਿਹੀ ਗਲਤੀ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਠੀਕ ਕਰ ਦਿੱਤਾ ਜਾਵੇਗਾ।