ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ‘ਚ ਕਰੀਬ 2.15 ਲੱਖ ਏਕੜ ਰਕਬੇ ‘ਚ ਰੇਤ ਚੜ੍ਹ ਗਈ ਹੈ ਜਿਸ ਨੂੰ ਹਟਾਉਣ ਲਈ 151.19 ਕਰੋੜ ਰੁਪਏ ਦਾ ਪ੍ਰਾਜੈਕਟ ਤਿਆਰ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਖੇਤਾਂ ‘ਚੋਂ ਰੇਤ ਹਟਾਉਣ ਲਈ ਕੌਮੀ ਕ੍ਰਿਸ਼ੀ ਵਿਕਾਸ ਯੋਜਨਾ ਤਹਿਤ ਕੇਂਦਰ ਸਰਕਾਰ ਤੋਂ 151.19 ਕਰੋੜ ਰੁਪਏ ਦੇ ਫੰਡਾਂ ਦੀ ਮੰਗ ਕੀਤੀ ਹੈ। ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਇਸ ਬਾਰੇ ਵਿਸਥਾਰਤ ਪ੍ਰਾਜੈਕਟ ਰਿਪੋਰਟ ਸੌਂਪੀ ਹੈ। ਪੰਜਾਬ ਸਰਕਾਰ ਨੇ ਗੁਰਦਾਸਪੁਰ, ਅੰਮ੍ਰਿਤਸਰ, ਫਿਰੋਜ਼ਪੁਰ, ਫਾਜ਼ਿਲਕਾ, ਤਰਨਤਾਰਨ ਅਤੇ ਪਠਾਨਕੋਟ ਜ਼ਿਲ੍ਹਿਆਂ ਦੇ ਹੜ੍ਹ ਪ੍ਰਭਾਵਿਤ ਖੇਤਾਂ ‘ਚ ਇੱਕ ਤੋਂ ਤਿੰਨ ਫੁੱਟ ਰੇਤ ਜਮ੍ਹਾਂ ਹੋਣ ਦੀ ਗੱਲ ਕਹੀ ਹੈ।
ਖੇਤੀ ਵਿਭਾਗ ਪੰਜਾਬ ਅਨੁਸਾਰ ਪ੍ਰਤੀ ਏਕੜ ‘ਚੋਂ ਰੇਤ ਹਟਾਉਣ ‘ਤੇ ਔਸਤਨ ਸੱਤ ਹਜ਼ਾਰ ਰੁਪਏ ਦਾ ਖਰਚਾ ਆਵੇਗਾ ਅਤੇ ਹੜ੍ਹਾਂ ਦੇ ਭੰਨੇ ਕਿਸਾਨਾਂ ਲਈ ਇਹ ਲਾਗਤ ਖਰਚਾ ਚੁੱਕਣਾ ਔਖਾ ਹੈ। ਸੂਬਾ ਸਰਕਾਰ ਹਾੜ੍ਹੀ ਦੀ ਫ਼ਸਲ ਦੀ ਬਿਜਾਈ ਲਈ ਖੇਤਾਂ ਨੂੰ ਤਿਆਰ ਕਰਨ ਵਾਸਤੇ ਜੁਟੀ ਹੈ।
ਰਿਪੋਰਟ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ‘ਚ 51,067 ਏਕੜ, ਤਰਨਤਾਰਨ ‘ਚ 23,150 ਏਕੜ, ਗੁਰਦਾਸਪੁਰ ਜ਼ਿਲ੍ਹੇ ‘ਚ 73,424 ਏਕੜ, ਪਠਾਨਕੋਟ ‘ਚ 5939 ਏਕੜ, ਫਾਜ਼ਿਲਕਾ ‘ਚ 31,019 ਏਕੜ ਅਤੇ ਫਿਰੋਜ਼ਪੁਰ ‘ਚ 31,372 ਏਕੜ ਰਕਬੇ ਵਿੱਚ ਰੇਤ ਚੜ੍ਹ ਚੁੱਕੀ ਹੈ। ਖੇਤਾਂ ਨੂੰ ਮੁੜ ਬਿਜਾਈ ਦੇ ਯੋਗ ਬਣਾਉਣ ਲਈ ਕੇਂਦਰੀ ਮਦਦ ਦਾ ਤਰਕ ਦਿੱਤਾ ਗਿਆ ਹੈ। ਖੇਤੀ ਮੰਤਰੀ ਖੁੱਡੀਆਂ ਨੇ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਚੌਹਾਨ ਤੋਂ ਮੰਗ ਕੀਤੀ ਹੈ ਕਿ ਪੰਜਾਬ ‘ਚ ਹੜ੍ਹਾਂ ਦੀ ਮਾਰ ਦੇ ਮੱਦੇਨਜ਼ਰ ਕੌਮੀ ਕ੍ਰਿਸ਼ੀ ਵਿਕਾਸ ਯੋਜਨਾ ਤਹਿਤ ਵਾਧੂ ਫੰਡ ਮੁਹੱਈਆ ਕਰਾਏ ਜਾਣ ਜਿਸ ਨਾਲ ਜਿੱਥੇ ਕਿਸਾਨਾਂ ਦੀ ਮਦਦ ਹੋਵੇਗੀ, ਉੱਥੇ ਪੰਜਾਬ ਦੇ ਖੇਤੀ ਅਰਥਚਾਰੇ ਨੂੰ ਠੁੰਮ੍ਹਣਾ ਮਿਲੇਗਾ। ਪੰਜਾਬ ਸਰਕਾਰ ਨੇ ਦਲੀਲ ਦਿੱਤੀ ਹੈ ਕਿ ਫਸਲਾਂ ਦੀ ਬਿਜਾਂਦ ਹੋਣ ਨਾਲ ਕੌਮਾਂਤਰੀ ਸਰਹੱਦ ‘ਤੇ ਨਜ਼ਰਸਾਨੀ ਵੀ ਰਹਿੰਦੀ ਹੈ ਕਿਉਂਕਿ ਕਿਸਾਨ ਦੇਸ਼ ਦੀ ਰੱਖਿਆ ਲਈ ਸੈਕਿੰਡ ਲਾਈਨ ਦੀ ਕੜੀ ਵਜੋਂ ਕੰਮ ਕਰਦੇ ਹਨ। ਸਰਹੱਦੀ ਜ਼ਿਲ੍ਹਿਆਂ ਦੇ ਬਹੁਤੇ ਖੇਤਾਂ ‘ਚ ਪੰਜ ਫੁੱਟ ਤੱਕ ਰੇਤ ਚੜ੍ਹ ਗਈ ਹੈ। ਇਸੇ ਤਰ੍ਹਾਂ ਪੰਜਾਬ ‘ਚ ਹੜ੍ਹ ਪ੍ਰਭਾਵਿਤ ਖੇਤਾਂ ਵਾਸਤੇ 637 ਕੁਇੰਟਲ ਮਸਟਰਡ ਸੀਡ ਦੀ ਮੰਗ ਰੱਖੀ ਗਈ ਹੈ।
ਕੇਂਦਰ ਨੂੰ ਲਿਖੇ ਪੱਤਰ ‘ਚ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਨੈਸ਼ਨਲ ਫੂਡ ਸਕਿਉਰਿਟੀ ਨਿਊਟ੍ਰੀਸ਼ਨ ਮਿਸ਼ਨ ਸਕੀਮ ਤਹਿਤ ਪੰਜਾਬ ਨੂੰ ਬੀਜ ਵਾਸਤੇ ਸਾਲ 2019 ਤੋਂ ਕੋਈ ਫ਼ੰਡ ਨਹੀਂ ਦਿੱਤਾ ਗਿਆ ਹੈ। ਇਸ ਮਿਸ਼ਨ ਤਹਿਤ ਪੰਜਾਬ ਨੇ 642 ਕੁਇੰਟਲ ਕਣਕ ਦਾ ਅਤੇ 375 ਕੁਇੰਟਲ ਛੋਲਿਆਂ ਦੇ ਬੀਜ ਦੀਆਂ ਕਿੱਟਾਂ ਦਿੱਤੇ ਜਾਣ ਦੀ ਮੰਗ ਰੱਖੀ ਹੈ। ਇਸ ਲਈ 25 ਕਰੋੜ ਰੁਪਏ ਵੱਖਰੇ ਮੰਗੇ ਗਏ ਹਨ।
ਕਣਕ ਦੇ ਬੀਜ ਲਈ 80 ਕਰੋੜ ਰੁਪਏ ਦੀ ਮੰਗ
ਸੂਬਾ ਸਰਕਾਰ ਨੇ ਕੇਂਦਰੀ ਖੇਤੀ ਮੰਤਰੀ ਤੋਂ ਸਰਹੱਦੀ ਜ਼ਿਲ੍ਹਿਆਂ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਕਿਸਾਨਾਂ ਲਈ ਕਣਕ ਦਾ ਮੁਫਤ ਬੀਜ ਦੇਣ ਵਾਸਤੇ 80 ਕਰੋੜ ਦੀ ਵਿੱਤੀ ਮਦਦ ਮੰਗੀ ਹੈ। ਪੰਜਾਬ ਵਿੱਚ ਕਰੀਬ 35 ਲੱਖ ਹੈਕਟੇਅਰ ਰਕਬੇ ਵਿਚ ਕਣਕ ਦੀ ਬਿਜਾਂਦ ਹੁੰਦੀ ਹੈ ਜਿਸ ਵਾਸਤੇ 35 ਲੱਖ ਕੁਇੰਟਲ ਬੀਜ ਦੀ ਸਾਲਾਨਾ ਲੋੜ ਹੈ। ਕੇਂਦਰੀ ਨੇਮਾਂ ਅਨੁਸਾਰ ਹਰ ਵਰ੍ਹੇ ਬਦਲਾਓ ਲਈ 33 ਫ਼ੀਸਦੀ ਸਰਟੀਫਿਕੇਟ ਬੀਜਾਂ ਦੀ ਲੋੜ ਹੁੰਦੀ ਹੈ। ਇਹ ਮੰਗ ਵੀ ਕੀਤੀ ਗਈ ਹੈ ਕਿ ਪੰਜ ਲੱਖ ਏਕੜ ਰਕਬੇ ਲਈ ਦੋ ਲੱਖ ਕੁਇੰਟਲ ਮੁਫ਼ਤ ‘ਚ ਸਰਟੀਫਾਈਡ ਬੀਜ ਦਿੱਤਾ ਜਾਵੇ। ਪ੍ਰਤੀ ਏਕੜ ਚਾਰ ਹਜ਼ਾਰ ਰੁਪਏ ਦਾ ਖਰਚਾ ਬੀਜ ‘ਤੇ ਆਉਣ ਦੀ ਸੰਭਾਵਨਾ ਹੈ।
ਹੜ੍ਹਾਂ ਦੀ ਮਾਰ : ਹਰੇਕ ਛੇਵਾਂ ਮਰੀਜ਼ ਚਮੜੀ ਰੋਗ ਤੋਂ ਪੀੜਤ
ਸਰਕਾਰ ਵਲੋਂ ਲਗਾਏ ਵਿਸ਼ੇਸ਼ ਮੈਡੀਕਲ ਰਾਹਤ ਕੈਂਪਾਂ ‘ਚ ਪਹੁੰਚਣ ਲੱਗੇ ਮਰੀਜ਼
ਚੰਡੀਗੜ੍ਹ : ਪੰਜਾਬ ਦੇ ਹੜ੍ਹਾਂ ਦੀ ਮਾਰ ‘ਚ ਆਏ ਪਿੰਡਾਂ ‘ਚ ਹੁਣ ਹਰ ਛੇਵਾਂ ਮਰੀਜ਼ ਚਮੜੀ ਦੇ ਰੋਗ ਤੋਂ ਪੀੜਤ ਹੈ। ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਖਿੱਤੇ ‘ਚ ਲਗਾਏ ਵਿਸ਼ੇਸ਼ ਮੈਡੀਕਲ ਰਾਹਤ ਕੈਂਪਾਂ ‘ਚ ਪੁੱਜੇ ਮਰੀਜ਼ਾਂ ਦੇ ਪਹਿਲੇ ਤਿੰਨ ਦਿਨਾਂ ਦੇ ਰੁਝਾਨ ਤੋਂ ਇਹ ਤੱਥ ਉੱਭਰੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਰੁਝਾਨ ਦੇ ਮੱਦੇਨਜ਼ਰ ਸਿਹਤ ਵਿਭਾਗ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਉਨ੍ਹਾਂ ਨੇ ਹੜ੍ਹਾਂ ਵਾਲੇ ਖੇਤਰਾਂ ‘ਚ ਬਿਮਾਰੀਆਂ ਨਾਲ ਨਜਿੱਠਣ ਵਾਸਤੇ ਉੱਚ ਅਫ਼ਸਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਵੀ ਜਾਰੀ ਰੱਖਿਆ ਸੀ। ਵੇਰਵਿਆਂ ਅਨੁਸਾਰ ਪੰਜਾਬ ਦੇ 2101 ਪਿੰਡਾਂ ਨੂੰ ਵਿਸ਼ੇਸ਼ ਮੈਡੀਕਲ ਕੈਂਪਾਂ ਨਾਲ ਕਵਰ ਕੀਤਾ ਗਿਆ ਹੈ। ਜਦੋਂ ਹੁਣ ਪਿੰਡਾਂ ਵਿਚ ਹੜ੍ਹਾਂ ਦਾ ਪਾਣੀ ਉੱਤਰਿਆ ਹੈ ਤਾਂ ਲੋਕ ਇਨ੍ਹਾਂ ਕੈਂਪਾਂ ‘ਚ ਜਾਂਚ ਲਈ ਆਉਣ ਲੱਗੇ ਹਨ। ਹੜ੍ਹ ਪ੍ਰਭਾਵਿਤ ਪਿੰਡਾਂ ਦੇ 1,42,395 ਮਰੀਜ਼ਾਂ ਦੀ ਜਾਂਚ ਕੀਤੀ ਗਈ ਹੈ ਜਿਸ ਚੋਂ ਸਭ ਤੋਂ ਵੱਧ ਚਮੜੀ ਰੋਗ ਤੋਂ ਪੀੜਤ ਮਰੀਜ਼ ਸਾਹਮਣੇ ਹਨ। ਅੰਕੜੇ ਅਨੁਸਾਰ ਤਿੰਨ ਦਿਨਾਂ ਦੌਰਾਨ 22,118 ਮਰੀਜ਼ ਚਮੜੀ ਦੇ ਰੋਗ ਤੋਂ ਪੀੜਤ ਪਾਏ ਗਏ। ਸਭ ਤੋਂ ਵੱਧ ਚਮੜੀ ਦੇ ਰੋਗ ਦੇ ਮਰੀਜ਼ ਸਾਹਮਣੇ ਆਏ ਹਨ ਅਤੇ ਇਸ ਰੁਝਾਨ ਨੂੰ ਦੇਖਦਿਆਂ ਸਿਹਤ ਵਿਭਾਗ ਨੇ ਦਵਾਈਆਂ ਦਾ ਸਟਾਕ ਵਧਾ ਦਿੱਤਾ ਹੈ। ਦੂਸਰੇ ਨੰਬਰ ‘ਤੇ ਬੁਖ਼ਾਰ ਦੇ ਕੇਸ ਉੱਭਰੇ ਹਨ। ਤਿੰਨ ਦਿਨਾਂ ‘ਚ ਬੁਖ਼ਾਰ ਵਾਲੇ 19,187 ਮਰੀਜ਼ਾਂ ਦਾ ਪਤਾ ਲੱਗਿਆ ਹੈ। ਇਸੇ ਤਰ੍ਹਾਂ ਦਸਤ ਤੇ ਡਾਇਰੀਆ ਤੋਂ
ਔਖੀ ਘੜੀ ‘ਚ ਹੜ੍ਹ ਪੀੜਤਾਂ ਨਾਲ ਖੜ੍ਹੇ ਪੰਜਾਬੀ
ਲੰਗਰ ਤੇ ਪੈਸਿਆਂ ਦੀ ਮਦਦ ਦੇ ਨਾਲ-ਨਾਲ ਪਾੜ ਪੂਰਨ ਲਈ ਮਾਰਿਆ ਹੰਭਲਾ
ਬੰਗਾ/ਬਿਊਰੋ ਨਿਊਜ਼ : ਪੰਜਾਬੀਆਂ ਨੇ ਹੜ੍ਹ ਪੀੜਤਾਂ ਨਾਲ ਅਪਣੱਤ ਦੇ ਰਿਸ਼ਤੇ ਗੰਢ ਕੇ ਦੁਨੀਆਂ ਦਾ ਧਿਆਨ ਖਿੱਚਿਆ ਹੈ। ਖਾਣ-ਪੀਣ ਤੇ ਹੋਰ ਵਸਤੂਆਂ ਸਣੇ ਪੈਸੇ ਦੀ ਖੁੱਲ੍ਹੇ ਦਿਲ ਨਾਲ ਕੀਤੀ ਮਦਦ ਨੇ ਇਨ੍ਹਾਂ ਦੀ ਦਰਿਆਦਿਲੀ ਦਾ ਸਬੂਤ ਦਿੱਤਾ ਹੈ।
ਸੇਵਾ ਅਤੇ ਰਾਹਤ ਦੇ ਇਹ ਕਾਰਜ ਪੰਜਾਬ ਦੀ ਭਾਈਚਾਰਕ ਸਾਂਝ ਵਾਲੇ ਵਿਰਸੇ ਨੂੰ ਮੁੜ ਤਸਦੀਕ ਕਰ ਗਏ। ਕਿਸਾਨ ਅੰਦੋਲਨ ਵੇਲੇ ਜਿਵੇਂ ਦਿੱਲੀ ਦੀਆਂ ਹੱਦਾਂ ‘ਤੇ ਪੰਜਾਬੀ ਦੇ ਜੋਸ਼ ਦਾ ਵਰਤਾਰਾ ਦੇਖਣ ਨੂੰ ਮਿਲਿਆ ਸੀ ਉਵੇਂ ਹੀ ਇਸ ਸੰਕਟ ਦੇ ਦੌਰ ਵਿੱਚ ਵੀ ਪੰਜਾਬੀਆਂ ਨੇ ਲੋੜਵੰਦਾਂ ਦੀ ਬਾਂਹ ਫੜੀ ਹੈ।
ਰਾਹਾਂ ਵਿੱਚ ਲੰਗਰਾਂ ਦੀ ਸੇਵਾ ਵੀ ਜਾਰੀ ਰਹੀ। ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਪੰਜਾਬੀ ਆਪਣੇ ਟਰੈਕਟਰ-ਟਰਾਲੀਆਂ ਤੇ ਹੋਰ ਸਾਧਨਾਂ ਰਾਹੀਂ ਵਰਤੋਂ ਵਾਲੀਆਂ ਚੀਜ਼ਾਂ ਦੀਆਂ ਪੰਡਾਂ ਬੰਨ੍ਹ ਕੇ ਪੁੱਜੇ। ਪੰਜਾਬੀਆਂ ਦੇ ਇਸ ਉਪਰਾਲੇ ਵਿੱਚ ਸਿਆਸੀ ਧਿਰਾਂ, ਪ੍ਰਸ਼ਾਸਨਿਕ ਅਧਿਕਾਰੀ, ਪੰਜਾਬੀ ਗਾਇਕ, ਸਮਾਜਿਕ ਸੰਸਥਾਵਾਂ ਅਤੇ ਹੋਰ ਸੰਗਠਨ ਬਰਾਬਰ ਦੇ ਹਿੱਸੇਦਾਰ ਬਣੇ।
ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਦੇ ਨੁਮਾਇੰਦਿਆਂ ਲਖਵਿੰਦਰ ਸਿੰਘ ਕਾਹਨੇ ਕੇ, ਕਿਰਪਾਲ ਸਿੰਘ ਬਲਾਕੀਪੁਰ, ਰਾਣੀ ਪ੍ਰੀਤੀ ਸਿੰਘ, ਲਖਵਿੰਦਰ ਸਿੰਘ ਕੱਤਰੀ ਅਤੇ ਦਰਬਾਰ ਸਿੰਘ ਧੌਲ ਨੇ ਦੱਸਿਆ ਕਿ ਉਨ੍ਹਾਂ ਨੇ ਵੀ ਕਰਤਾਰਪੁਰ ਕੋਰੀਡੋਰ ਵਾਲੇ ਸਰਹੱਦੀ ਇਲਾਕੇ ਦੇ ਛੇ ਪਿੰਡ ਗੋਦ ਲਏ ਹਨ। ਇੱਥੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾ ਰਹੀ ਹੈ। ਇਸ ਇਲਾਕੇ ਦੇ ਪਿੰਡ ਧੈਂਗੜਪੁਰ ਵਿੱਚ ਸਤਲੁਜ ਦਰਿਆ ‘ਚ ਪਏ ਪਾੜ ਪੂਰਨ ਲਈ ਸੇਵਾ ਕਰਨ ਵਾਲੇ ਬਖਤਾਬਰ ਸਿੰਘ, ਦਵਿੰਦਰ ਕੌਰ, ਦਲਵੀਰ ਕੌਰ ਤੇ ਬਚਿੰਤ ਸਿੰਘ ਨੇ ਕਿਹਾ ਕਿ ਪੰਜਾਬੀ ਵਿਰਸਾ ਕੁਰਬਾਨੀ ਅਤੇ ਸੇਵਾ ਭਾਵਨਾ ਵਿੱਚ ਲਬਰੇਜ ਹੈ।