ਸੂਬਾ ਸਰਕਾਰ ਵੱਲੋਂ ਸੈਰ ਸਪਾਟਾ ਖੇਤਰ ’ਚ ਨਵੀਂ ਪਹਿਲਕਦਮੀ ਦੀ ਸ਼ੁਰੂਆਤ
ਚੰਡੀਗੜ੍ਹ/ਬਿਊਰੋ ਨਿਊਜ਼
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਬਾਰੇ ਦੇਸ਼- ਦੁਨੀਆ ਨੂੰ ਜਾਣੂੰ ਕਰਵਾਉਣ, ਸੂਬੇ ਵਿਚ ਸੈਰ ਸਪਾਟਾ ਖੇਤਰ ਨੂੰ ਹੋਰ ਪ੍ਰਫੁੱਲਤ ਕਰਨ ਅਤੇ ਪੰਜਾਬ ਨੂੰ ‘ਰੰਗਲਾ ਪੰਜਾਬ’ ਬਨਾਉਣ ਲਈ ਲਗਾਤਾਰ ਯਤਨਸ਼ੀਲ ਹੈ। ਇਸ ਉਦੇਸ਼ ਦੀ ਪ੍ਰਾਪਤੀ ਲਈ ਹੁਣ ਪੰਜਾਬ ਸਰਕਾਰ ਇੱਥੋਂ ਦੀ ਅਮੀਰ ਵਿਰਾਸਤ ਅਤੇ ਸਭਿਆਚਾਰਕ ਮਹੱਤਤਾ ਨੂੰ ਉਜਾਗਰ ਕਰਨ ਲਈ ਵਿਰਾਸਤੀ ਮੇਲਿਆਂ ਦਾ ਧੂਮ ਧਾਮ ਨਾਲ ਆਯੋਜਨ ਕਰੇਗੀ। ਇਹ ਜਾਣਕਾਰੀ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਅਨਮੋਲ ਗਗਨ ਮਾਨ ਨੇ ਐਤਵਾਰ ਨੂੰ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਸਾਂਝੀ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਤਰੀ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾਉਣ ਲਈ ਸੂਬਾ ਸਰਕਾਰ ਵਲੋਂ ਸੈਰ ਸਪਾਟਾ ਖੇਤਰ ’ਚ ਨਵੀਆਂ ਪਹਿਲਕਦਮੀਆਂ ਉਲੀਕੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਉਦੇਸ਼ ਨਾਲ ਸੂਬੇ ਵਿੱਚ ਸਾਲ ਭਰ ਦੌਰਾਨ 22 ਮੇਲੇ ਕਰਵਾਏ ਜਾਣਗੇ।