Breaking News
Home / ਪੰਜਾਬ / ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਮਾਨਸਾ ਵਿਖੇ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਮਾਨਸਾ ਵਿਖੇ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ

14 ਹਜ਼ਾਰ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਲਿਆ ਗਿਆ ਫੈਸਲਾ
ਮਾਨਸਾ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਤਹਿਤ ਪੰਜਾਬ ਕੈਬਨਿਟ ਦੀ ਮੀਟਿੰਗ ਅੱਜ ਮਾਨਸਾ ਵਿਖੇ ਹੋਈ। ਕੈਬਨਿਟ ਦੀ ਮੀਟਿੰਗ ਦੌਰਾਨ ਕਈ ਅਹਿਮ ਫੈਸਲੇ ਲਏ ਜਿਨ੍ਹਾਂ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ। ਮੀਡੀਆ ਦੇ ਮੁਖਾਤਬ ਹੁੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਕੈਬਨਿਟ ਦੀ ਮੀਟਿੰਗ ਦੌਰਾਨ 14239 ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਫੈਸਲਾ ਕੀਤਾ ਗਿਆ ਹੈ, ਇਨ੍ਹਾਂ ਵਿਚੋਂ 7902 ਟੀਚਰ ਉਹ ਹਨ ਜਿਨ੍ਹਾਂ ਨੇ 10 ਸਾਲ ਜਾਂ ਇਸ ਤੋਂ ਵੱਧ ਨੌਕਰੀ ਕੀਤੀ ਹੈ ਅਤੇ ਉਹ ਅਜੇ ਤੱਕ ਪੱਕੇ ਨਹੀਂ ਹੋਏ ਸਨ। ਇਸ ਤੋਂ ਇਲਾਵਾ 6337 ਟੀਚਰ ਉਹ ਟੀਚਰ ਹਨ ਜਿਨ੍ਹਾਂ ਨੇ ਸਰਵਿਸ ਗੈਪ ਪਾ ਕੇ ਕੀਤੀ ਹੈ। ਇਸ ਤੋਂ ਇਲਾਵਾ ਹਾਊਸ ਜੌਬ ਦੇ ਲਈ ਕੁੱਲ 435 ਐਮ ਬੀ ਬੀ ਐਸ ਡਾਕਟਰਾਂ ਦੀ ਨਿਯੁਕਤੀ ਕੀਤੀ ਜਾਵੇਗੀ। ਡਾਕਟਰ ਅਤੇ ਨਰਸਾਂ ਨੂੰ ਮਿਲਾ ਕੇ ਕੁੱਲ 1880 ਅਹੁਦਿਆਂ ’ਤੇ ਭਰਤੀ ਕੀਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਵਾਟਰ ਐਂਡ ਸੈਨੀਟੇਸ਼ਨ ਵਿਭਾਗ ਦੇ 2020-21 ਅਤੇ 2021-22 ਦੀ ਸਲਾਨਾ ਪ੍ਰਬੰਧਕੀ ਰਿਪੋਰਟ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ। ਨਾਲ ਹੀ ਉਨ੍ਹਾਂ ਦੱਸਿਆ ਕਿ ਸਜ਼ਾ ਪੂਰੀ ਕਰਨ ਵਾਲੇ ਕੈਦੀਆਂ ਦੇ ਆਚਰਣ ਦੇ ਆਧਾਰ ’ਤੇ ਉਨ੍ਹਾਂ ਨੂੰ ਬਰੀ ਕਰਨ ਸਬੰਧੀ ਰਿਪੋਰਟ ਰਾਜਪਾਲ ਨੂੰ ਭੇਜ ਦਿੱਤੀ ਗਈ। ਇਸ ਤੋਂ ਇਲਾਵਾ ਪੰਚਾਇਤ ਅਤੇ ਨਗਰ ਨਿਗਮ ਦੇ ਵਿੱਤ ਕਮਿਸ਼ਨ ਨੂੰ ਲਾਗੂ ਕਰਨ ਨੂੰ ਵੀ ਮਨਜ਼ੂਰੀ ਦਿੱਤੀ ਗਈ। ਇਸ ਨਾਲ ਕੇਂਦਰ ਤੋਂ ਪੰਜਾਬ ਸਰਕਾਰ ਨੂੰ ਫੰਡ ਮਿਲੇਗਾ ਅਤੇ ਇਸ ਫੰਡ ਨੂੰ ਅੱਗੇ ਪੰਚਾਇਤਾਂ ਅਤੇ ਨਗਰ ਨਿਗਮਾਂ ਨੂੰ ਦਿੱਤਾ ਜਾਵੇਗਾ।

 

Check Also

ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਭਗਵੰਤ ਮਾਨ ਸਰਕਾਰ ’ਤੇ ਲਗਾਇਆ ਵੱਡਾ ਆਰੋਪ

ਕਿਹਾ : ‘ਆਪ’ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਭਰਮਾਉਣ ਤੋਂ ਸਿਵਾਏ ਕੁੱਝ ਨਹੀਂ ਕੀਤਾ …