Breaking News
Home / ਪੰਜਾਬ / ਪੰਜਾਬ ਵਿੱਚ ਅਜੇ ਵੀ ਮਾਈਨਿੰਗ ਧੜੱਲੇ ਨਾਲ ਜਾਰੀ : ਖਹਿਰਾ

ਪੰਜਾਬ ਵਿੱਚ ਅਜੇ ਵੀ ਮਾਈਨਿੰਗ ਧੜੱਲੇ ਨਾਲ ਜਾਰੀ : ਖਹਿਰਾ

ਕਾਂਗਰਸੀ ਵਿਧਾਇਕ ਨੇ ਏਡੀਜੀਪੀ ਦੇ ਪੱਤਰ ਦਾ ਦਿੱਤਾ ਹਵਾਲਾ; ਰੇਤੇ ਤੇ ਹੋਰ ਕਈ ਮਾਮਲਿਆਂ ਵਿੱਚ ‘ਆਪ’ ਨੂੰ ਘੇਰਿਆ
ਜਲੰਧਰ : ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਅਜੇ ਵੀ ਮਾਈਨਿੰਗ ਧੜੱਲੇ ਨਾਲ ਹੋ ਰਹੀ ਹੈ। ਉਨ੍ਹਾਂ ਇੱਥੇ ਏਡੀਜੀਪੀ (ਜਾਂਚ) ਵੱਲੋਂ ਮਾਈਨਿੰਗ ਵਿਭਾਗ ਦੇ ਸਕੱਤਰ ਨੂੰ ਕਥਿਤ ਤੌਰ ‘ਤੇ ਲਿਖੇ ਪੱਤਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਗ਼ੈਰਕਾਨੂੰਨੀ ਮਾਈਨਿੰਗ ਵਿੱਚ ਸ਼ਾਮਲ ਵਿਅਕਤੀਆਂ ਅਤੇ ਕੁਝ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਇਹ ਸਾਰਾ ਕੁਝ ਹੋ ਰਿਹਾ ਹੈ। ਸੁਖਪਾਲ ਸਿੰਘ ਖਹਿਰਾ ਵੱਲੋਂ ਪੇਸ਼ ਕੀਤੀ ਰਿਪੋਰਟ ਵਿੱਚ ਕੁਝ ਵਿਅਕਤੀਆਂ ਦਾ ਜ਼ਿਕਰ ਵੀ ਕੀਤਾ ਹੋਇਆ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਵਿੱਚ ਮਾਈਨਿੰਗ ਤੋਂ 20,000 ਕਰੋੜ ਰੁਪਏ ਇਕੱਠੇ ਹੋਣਗੇ ਪਰ ਹੁਣ ਇਹ ਰਕਮ 250-300 ਕਰੋੜ ਰੁਪਏ ਦੇ ਕਰੀਬ ਹੈ। ਉਨ੍ਹਾਂ ਇਸ ਸਬੰਧੀ ਬਾਕੀ ਪੈਸੇ ਬਾਰੇ ‘ਆਪ’ ਸਰਕਾਰ ਨੂੰ ਸਵਾਲ ਕੀਤਾ। ਖਹਿਰਾ ਨੇ ਇਹ ਵੀ ਆਰੋਪ ਲਾਇਆ ਕਿ ਜ਼ਿਆਦਾਤਰ ਸਟੋਨ ਕਰੱਸ਼ਰ ਬੰਦ ਪਏ ਹਨ ਅਤੇ ਜਿਨ੍ਹਾਂ ਵਿੱਚੋਂ ਕੁਝ ਹਿਮਾਚਲ ਪ੍ਰਦੇਸ਼ ਦੇ ਨੇੜਲੇ ਖੇਤਰਾਂ ਵਿੱਚ ਚੱਲ ਰਹੇ ਹਨ। ਇੱਥੇ ਮਾਈਨਿੰਗ ਕਰਨ ਵਾਲੇ ‘ਆਪ’ ਵਿਧਾਇਕਾਂ ਨੂੰ ਮਹੀਨਾ ਦੇ ਰਹੇ ਹਨ। ਉਨ੍ਹਾਂ ਇਹ ਆਰੋਪ ਵੀ ਲਾਇਆ ਕਿ ਜਿਹੜੀਆਂ ਕੰਪਨੀਆਂ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਦੇ ਅਰਥ ਫਾਈਲਿੰਗ ਪ੍ਰਾਜੈਕਟਾਂ ਲਈ ਕੰਮ ਕਰ ਰਹੀਆਂ ਹਨ, ਉਨ੍ਹਾਂ ਨੂੰ ਚਲਾਉਣ ਲਈ ਵਿਧਾਇਕਾਂ ਨੂੰ ਪੈਸੇ ਦੇਣ ਲਈ ਜ਼ੋਰ ਪਾਇਆ ਜਾ ਰਿਹਾ ਹੈ। ਖਹਿਰਾ ਨੇ ਕਿਹਾ ਕਿ ‘ਆਪ’ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਸਤੇ ਭਾਅ ‘ਤੇ ਰੇਤਾ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਸੀ ਪਰ ਹੁਣ ਇਸ ਦੀਆਂ ਕੀਮਤਾਂ ਅਸਮਾਨੀ ਛੂਹ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਕੇਂਦਰ ਸਰਕਾਰ ‘ਤੇ ਅਸਹਿਮਤੀ ਅਤੇ ਵਿਰੋਧੀ ਨੇਤਾਵਾਂ ਨੂੰ ਦਬਾਉਣ ਦੇ ਆਰੋਪ ਲਗਾ ਰਹੇ ਹਨ ਪਰ ਸੂਬੇ ਵਿੱਚ ਉਹ ਉਸੇ ਨੀਤੀ ‘ਤੇ ਚੱਲ ਰਹੇ ਹਨ।

 

 

Check Also

ਪੰਜਾਬ, ਹਿਮਾਚਲ ਤੇ ਚੰਡੀਗੜ੍ਹ ’ਚ ਚੋਣ ਪ੍ਰਚਾਰ ਹੋਇਆ ਬੰਦ

7ਵੇਂ ਤੇ ਆਖਰੀ ਗੇੜ ਦੀਆਂ ਵੋਟਾਂ 1 ਜੂਨ ਨੂੰ ਪੈਣਗੀਆਂ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ, ਹਿਮਾਚਲ ਪ੍ਰਦੇਸ਼ …