ਮੁੱਖ ਮੰਤਰੀ ਵੱਲੋਂ ਬੁਢਲਾਡਾ ਹਸਪਤਾਲ ਦਾ ਨਿਰੀਖਣ; ਸਰਕਾਰੀ ਆਈਟੀਆਈ ਬੁਢਲਾਡਾ ਦਾ ਦੌਰਾ ਕੀਤਾ
ਮਾਨਸਾ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਛੇਤੀ ਹੀ ਤਿੰਨ ਮੈਡੀਕਲ ਕਾਲਜ ਖੁੱਲ੍ਹ ਜਾਣਗੇ। ਉਨ੍ਹਾਂ ਕਿਹਾ ਕਿ ਸੰਗਰੂਰ, ਹੁਸ਼ਿਆਰਪੁਰ ਅਤੇ ਕਪੂਰਥਲਾ ਵਿੱਚ ਇਨ੍ਹਾਂ ਮੈਡੀਕਲ ਕਾਲਜਾਂ ਦੀਆਂ ਇਮਾਰਤਾਂ ਦੇ ਉਸਾਰੀ ਕਾਰਜ ਜੰਗੀ ਪੱਧਰ ‘ਤੇ ਚੱਲ ਰਹੇ ਹਨ। ਮਾਲੇਰਕੋਟਲਾ ਅਤੇ ਐੱਸਏਐੱਸ ਨਗਰ (ਮੁਹਾਲੀ) ਵਿੱਚ ਵੀ ਮੈਡੀਕਲ ਕਾਲਜ ਬਣਾਏ ਜਾ ਰਹੇ ਹਨ ਤਾਂ ਜੋ ਸੂਬੇ ਨੂੰ ਮੈਡੀਕਲ ਸਿੱਖਿਆ ਦਾ ਕੇਂਦਰ ਬਣਾਇਆ ਜਾ ਸਕੇ। ਮੁੱਖ ਮੰਤਰੀ ਨੇ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਸ਼ਹਿਰ ਦੇ ਸਿਵਲ ਹਸਪਤਾਲ ਅਤੇ ਆਈਟੀਆਈ ਦਾ ਅਚਨਚੇਤ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰੀ ਆਈਟੀਆਈ ਬੁਢਲਾਡਾ ਦੀ ਖਸਤਾ ਹਾਲ ਇਮਾਰਤ ਦੀ ਛੇਤੀ ਹੀ ਮੁਰੰਮਤ ਕਰਵਾਈ ਜਾਵੇਗੀ। ਉਨ੍ਹਾਂ ਸਿਵਲ ਹਸਪਤਾਲ ਬੁਢਲਾਡਾ ਵਿੱਚ ਮਿਲ ਰਹੀਆਂ ਸਹੂਲਤਾਂ ਅਤੇ ਘਾਟਾਂ ਬਾਰੇ ਮਰੀਜ਼ਾਂ ਨਾਲ ਵੀ ਗੱਲਬਾਤ ਕੀਤੀ।
ਇਸ ਮਗਰੋਂ ਮੀਡੀਆ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਰਕਾਰੀ ਆਈਟੀਆਈ ਬੁਢਲਾਡਾ ਦਾ ਹਾਲ ਦੇਖ ਕੇ ਉਨ੍ਹਾਂ ਨੂੰ ਦੁੱਖ ਹੋਇਆ ਹੈ।
ਉਨ੍ਹਾਂ ਕਿਹਾ ਕਿ ਇਸ ਮਸ਼ਹੂਰ ਆਈਟੀਆਈ ਦਾ ਇਹ ਹਾਲ ਪਿਛਲੀਆਂ ਸਰਕਾਰਾਂ ਦੀ ਅਣਦੇਖੀ ਕਾਰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇੱਥੇ ਕਰੀਬ 600 ਵਿਦਿਆਰਥੀ ਪੜ੍ਹ ਰਹੇ ਹਨ। ਇਸ ਸਬੰਧੀ ਮਾਨਸਾ ਦੇ ਵਧੀਕ ਡਿਪਟੀ ਕਮਿਸ਼ਨਰ ਨੂੰ ਰਿਪੋਰਟ ਤਿਆਰ ਕਰ ਕੇ ਛੇਤੀ ਪੰਜਾਬ ਸਰਕਾਰ ਨੂੰ ਭੇਜਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਵਿਸ਼ਵ ਪੱਧਰੀ ਕੋਰਸ ਕਰਵਾਏ ਜਾਣ। ਇਸ ਨਾਲ ਸੂਬੇ ਵਿੱਚ ਉਦਯੋਗਿਕ ਘਰਾਣਿਆਂ ਲਈ ਲੋੜ ਅਨੁਸਾਰ ਹੁਨਰਮੰਦ ਕਾਮੇ ਤਿਆਰ ਕਰਨ ਵਿੱਚ ਮਦਦ ਮਿਲੇਗੀ। ਮੁੱਖ ਮੰਤਰੀ ਨੇ ਕਿਹਾ ਕਿ ਬੁਢਲਾਡਾ ਅਤੇ ਸੰਗਰੂਰ ਦੀ ਅਨਾਜ ਮੰਡੀ ਨੂੰ ਸ਼ਹਿਰ ਤੋਂ ਬਾਹਰ ਲਿਜਾਣ ਲਈ ਸਰਕਾਰ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁਢਲਾਡਾ ਦੇ ਸਿਵਲ ਹਸਪਤਾਲ ਵਿੱਚ ਸਟਾਫ ਨਰਸਾਂ ਅਤੇ ਸਫਾਈ ਸੇਵਕਾਂ ਦੀ ਘਾਟ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਡਾਕਟਰਾਂ ਸਣੇ ਹੋਰ ਆਸਾਮੀਆਂ ਛੇਤੀ ਭਰੀਆਂ ਜਾਣਗੀਆਂ।