
ਪੰਧੇਰ ਨੇ ਵੀਰਵਾਰ ਨੂੰ ਰੇਲਾਂ ਦਾ ਚੱਕਾ ਜਾਮ ਕਰਨ ਦੀ ਕਹੀ ਗੱਲ
ਜਲੰਧਰ/ਬਿਊਰੋ ਨਿਊਜ਼
ਜਲੰਧਰ ਵਿਚ ਅੱਜ ਕਿਸਾਨ ਮਜ਼ਦੂਰ ਮੋਰਚਾ ਦੇ ਪ੍ਰਧਾਨ ਸਰਵਣ ਸਿੰਘ ਪੰਧੇਰ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਅਤੇ ਉਨ੍ਹਾਂ ਸਰਕਾਰ ਦੀ ਜੰਮ ਕੇ ਆਲੋਚਨਾ ਕੀਤੀ ਹੈ। ਪੰਧੇਰ ਨੇ ਸਰਕਾਰ ਅੱਗੇ ਕਿਸਾਨੀ ਸਬੰਧੀ ਮੰਗਾਂ ਰੱਖੀਆਂ ਅਤੇ ਸਰਕਾਰ ਨੂੰ ਇਹ ਮੰਗਾਂ ਜਲਦੀ ਤੋਂ ਜਲਦੀ ਪੂਰੀਆਂ ਕਰਨ ਲਈ ਕਿਹਾ ਹੈ। ਕਿਸਾਨ ਆਗੂ ਪੰਧੇਰ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਕਿਸਾਨੀ ਸਬੰਧੀ ਮੰਗਾਂ ਨਾ ਮੰਨੀਆਂ ਤਾਂ 3 ਅਕਤੂਬਰ ਦਿਨ ਵੀਰਵਾਰ ਨੂੰ ਦੇਸ਼ ਭਰ ਵਿਚ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਰੇਲਾਂ ਦਾ ਚੱਕਾ ਜਾਮ ਸਿਰਫ 2 ਘੰਟੇ ਲਈ ਕੀਤਾ ਜਾਵੇਗਾ ਤਾਂ ਕਿ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਵੀ ਨਾ ਕਰਨਾ ਪਵੇ। ਇਸੇ ਦੌਰਾਨ ਪੰਧੇਰ ਨੇ ਪਰਾਲੀ ਪ੍ਰਬੰਧਨ ਨੂੰ ਲੈ ਕੇ ਵੀ ਪੰਜਾਬ ਸਰਕਾਰ ’ਤੇ ਆਰੋਪ ਲਗਾਏ ਹਨ। ਕਿਸਾਨ ਆਗੂ ਨੇ ਕਿਹਾ ਕਿ ਪਰਾਲੀ ਦਾ ਪ੍ਰਦੂਸ਼ਣ ਦੇਸ਼ ਵਿਚ ਸਿਰਫ 2 ਫੀਸਦੀ ਹੈ, ਪਰ 98 ਫੀਸਦੀ ਪ੍ਰਦੂਸ਼ਣ ਸਬੰਧੀ ਕੋਈ ਗੱਲ ਹੀ ਨਹੀਂ ਕਰਦਾ।