ਸ੍ਰੀ ਕੀਰਤਪੁਰ ਸਾਹਿਬ ਨੇੜੇ ਵਾਪਰੇ ਹਾਦਸੇ ’ਚ ਗਈ ਸੀ ਤਿੰਨ ਬੱਚਿਆਂ ਦੀ ਜਾਨ
ਸ੍ਰੀ ਕੀਰਤਪੁਰ ਸਾਹਿਬ/ਬਿਊਰੋ ਨਿਊਜ਼ : ਕੀਰਤਪੁਰ ਸਾਹਿਬ ਨੇੜੇ ਵਾਪਰੇ ਰੇਲ ਹਾਦਸੇ ਦੌਰਾਨ ਮਾਰੇ ਗਏ ਬੱਚਿਆਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਨੇ 1-1 ਲੱਖ ਰੁਪਏ ਦੀ ਮਾਲੀ ਮਦਦ ਦੇਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਪੀੜਤ ਪਰਿਵਾਰਾਂ ਨੂੰ ਮਿਲਣ ਲਈ ਪਹੁੰਚੇ ਸ੍ਰੀ ਅਨੰਦਪੁਰ ਸਾਹਿਬ ਦੀ ਐਸ ਡੀ ਐਮ ਮਨੀਸ਼ਾ ਰਾਣਾ ਵੱਲੋਂ ਦਿੱਤੀ ਗਈ। ਧਿਆਨ ਰਹੇ ਕਿ ਲੰਘੇ ਐਤਵਾਰ ਨੂੰ ਵਾਪਰੇ ਇਸ ਹਾਦਸੇ ਦੌਰਾਨ ਤਿੰਨ ਬੱਚਿਆਂ ਦੀ ਜਾਨ ਚਲੀ ਗਈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਇਹ ਬੱਚੇ ਰੇਲਵੇ ਲਾਈਨ ਤੋਂ ਪਾਰ ਪਿੰਡ ਕਲਿਆਣਪੁਰ ਵਿਖੇ ਬੇਰ ਖਾਣ ਲਈ ਗਏ ਸਨ। ਜਦੋਂ ਇਹ ਬੱਚੇ ਬੇਰ ਤੋੜ ਕੇ ਰੇਲਵੇ ਲਾਈਨ ਪਾਰ ਲੱਗੇ ਤਾਂ ਭਰਤਗੜ੍ਹ ਵਾਲੇ ਪਾਸੇ ਤੋਂ ਆ ਰਹੀ ਰੇਲ ਗੱਡੀ ਦੀ ਲਪੇਟ ਵਿਚ ਗਏ ਜਿਨ੍ਹਾਂ ਵਿਚੋਂ ਦੋ ਬੱਚਿਆਂ ਦੀ ਮੌਕੇ ’ਤੇ ਮੌਤ ਹੀ ਹੋ ਗਈ ਸੀ ਜਕਿ ਇਕ ਬੱਚੇ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ ਸੀ। ਰੋਸ ਵਜੋਂ ਕੀਰਤਪੁਰ ਸਾਹਿਬ ਅਤੇ ਨੇੜਲੇ ਇਲਾਕਾ ਨਿਵਾਸੀਆਂ ਨੇ ਇਸ ਘਟਨਾ ’ਤੇ ਅਫਸੋਸ ਪ੍ਰਗਟ ਕਰਦਿਆਂ ਰੇਲ ਮੰਤਰੀ ਅਤੇ ਪੰਜਾਬ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਸੀ। ਉਧਰ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸੀ ਸੰਸਦ ਮੈਂਬਰ ਮੁਨੀਸ਼ ਤਿਵਾੜੀ ਰੇਲ ਹਾਦਸੇ ’ਚ ਮਾਰੇ ਗਏ ਬੱਚਿਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਸਬੰਧੀ ਛੇਤੀ ਹੀ ਰੇਲਵੇ ਮੰਤਰੀ ਨੂੰ ਮਿਲਣਗੇ ਅਤੇ ਜਿੰਨੀ ਮਦਦ ਹੋ ਸਕੀ ਉਹ ਪੀੜਤ ਪਰਿਵਾਰਾਂ ਨੂੰ ਜ਼ਰੂਰ ਦਿਵਾਉਣਗੇ।
Check Also
ਪੰਜਾਬ ਵਿਚ ਬਦਲੀਆਂ ਦੇ ਹੁਕਮ ਪੰਜਾਬੀ ਭਾਸ਼ਾ ’ਚ ਹੋਣ ਲੱਗੇ ਜਾਰੀ
ਪਹਿਲਾਂ ਬਦਲੀਆਂ ਦੇ ਹੁਕਮ ਜਾਰੀ ਹੁੰਦੇ ਸਨ ਅੰਗਰੇਜ਼ੀ ਭਾਸ਼ਾ ’ਚ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ …