Breaking News
Home / ਪੰਜਾਬ / ਔਰਤਾਂ ਵਿਰੁੱਧ ਟਿੱਪਣੀ ਮਾਮਲੇ ‘ਚ ਧਾਮੀ ਮਹਿਲਾ ਕਮਿਸ਼ਨ ਅੱਗੇ ਪੇਸ਼

ਔਰਤਾਂ ਵਿਰੁੱਧ ਟਿੱਪਣੀ ਮਾਮਲੇ ‘ਚ ਧਾਮੀ ਮਹਿਲਾ ਕਮਿਸ਼ਨ ਅੱਗੇ ਪੇਸ਼

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਮਾਮਲੇ ਸਬੰਧੀ ਰੱਖਿਆ ਆਪਣਾ ਪੱਖ
ਮੁਹਾਲੀ/ਬਿਊਰੋ ਨਿਊਜ਼ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਔਰਤਾਂ ਖਿਲਾਫ ਕਥਿਤ ਟਿੱਪਣੀ ਮਾਮਲੇ ‘ਚ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਮੁਹਾਲੀ ਦੇ ਫੇਜ਼-1 ਸਥਿਤ ਦਫ਼ਤਰ ਵਿੱਚ ਪੇਸ਼ ਹੋ ਕੇ ਆਪਣਾ ਪੱਖ ਰੱਖਿਆ। ਉਨ੍ਹਾਂ ਨੇ ਆਪਣੇ ਜਵਾਬ ‘ਚ ਅਣਜਾਣੇ ‘ਚ ਹੋਈ ਇਸ ਗਲਤੀ ਲਈ ਖਿਮਾ ਯਾਚਨਾ ਕੀਤੀ ਹੈ।
14 ਦਸੰਬਰ ਨੂੰ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਐਕਟ, 2001 ਦੀ ਧਾਰਾ 12 ਅਧੀਨ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਔਰਤਾਂ ਦੇ ਅਧਿਕਾਰਾਂ, ਸਨਮਾਨ ਅਤੇ ਸੁਰੱਖਿਆ ਦੀ ਉਲੰਘਣਾ ਨਾਲ ਸਬੰਧਤ ਮਾਮਲਿਆਂ ‘ਤੇ ਹਰਜਿੰਦਰ ਸਿੰਘ ਧਾਮੀ ਨੂੰ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵਿਰੁੱਧ ਅਪਮਾਨਜਨਕ ਟਿੱਪਣੀ ਅਤੇ ਭਾਸ਼ਾ ਦੀ ਵਰਤੋਂ ਦੇ ਮਾਮਲੇ ਵਿੱਚ ਖ਼ੁਦ-ਬਖ਼ੁਦ ਨੋਟਿਸ ਜਾਰੀ ਕੀਤਾ ਸੀ। ਧਾਮੀ ਨੇ ਆਪਣੇ ਜਵਾਬ ‘ਚ ਲਿਖਿਆ ਹੈ ਕਿ ਉਨ੍ਹਾਂ ਤੋਂ ਜਾਣੇ-ਅਣਜਾਣੇ ਵਿੱਚ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਹੋ ਗਈ ਸੀ, ਜਿਸ ਸਬੰਧੀ ਉਨ੍ਹਾਂ ਨੇ ਤੁਰੰਤ ਵੀਡੀਓ ਜਾਰੀ ਕਰਕੇ ਮੁਆਫ਼ੀ ਮੰਗ ਲਈ ਸੀ।
ਧਾਮੀ ਨੇ ਇਹ ਵੀ ਕਿਹਾ ਕਿ ਉਹ ਔਰਤ ਦਾ ਨਿਰਾਦਰ ਕਰਨ ਬਾਰੇ ਸੋਚ ਵੀ ਨਹੀਂ ਸਕਦੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਮੰਨਿਆ ਕਿ ਇਕ ਜ਼ਿੰਮੇਵਾਰ ਪੰਥਕ ਅਹੁਦੇ ‘ਤੇ ਹੁੰਦਿਆਂ ਉਨ੍ਹਾਂ ਨੂੰ ਅਜਿਹੀ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ ਸੀ ਅਤੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ, ”ਉਸ ਸਮੇਂ ਮੈਂ ਕਿਸੇ ਤਣਾਅ ‘ਚੋਂ ਲੰਘ ਰਿਹਾ ਸੀ, ਜਿਸ ਕਾਰਨ ਅਚੇਤ ਹੀ ਇਨ੍ਹਾਂ ਸ਼ਬਦਾਂ ਦੀ ਵਰਤੋਂ ਹੋ ਗਈ। ਇਸ ਲਈ ਮੈਂ ਬੀਬੀ ਜਗੀਰ ਕੌਰ ਸਮੇਤ ਸਮੁੱਚੀ ਔਰਤ ਸ਼੍ਰੇਣੀ ਤੋਂ ਖਿਮਾ ਯਾਚਨਾ ਕਰਦਾ ਹਾਂ।”

 

Check Also

ਪੰਜਾਬ ’ਚ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਲਈ ਵੋਟਾਂ ਪਾਉਣ ਦਾ ਕੰਮ ਹੋਇਆ ਮੁਕੰਮਲ

ਅੱਜ ਹੀ ਐਲਾਨੇ ਜਾਣਗੇ ਚੋਣਾਂ ਦੇ ਨਤੀਜੇ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿੱਚ ਪੰਜ ਨਗਰ ਨਿਗਮ …