Breaking News
Home / ਪੰਜਾਬ / ਕਣਕ ਦੀ ਵਾਢੀ ਤੋਂ ਪਹਿਲਾਂ ਪਿੰਡਾਂ ਵਿੱਚ ਲੱਗੀਆਂ ਚੋਣ ਰੌਣਕਾਂ

ਕਣਕ ਦੀ ਵਾਢੀ ਤੋਂ ਪਹਿਲਾਂ ਪਿੰਡਾਂ ਵਿੱਚ ਲੱਗੀਆਂ ਚੋਣ ਰੌਣਕਾਂ

ਫਰੀਦਕੋਟ ਹਲਕੇ ‘ਚ ਅਨਮੋਲ ਅਤੇ ਹੰਸ ਨੇ ਰੁੱਸਿਆਂ ਨੂੰ ਮਨਾਉਣ ਵਾਲਾ ਪਹਿਲਾ ਪੜਾਅ ਮੁਕੰਮਲ ਕੀਤਾ
ਮੋਗਾ/ਬਿਊਰੋ ਨਿਊਜ਼ : ਫਰੀਦਕੋਟ ਰਾਖਵਾਂ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਮੋਗਾ ਸ਼ਹਿਰੀ ਵਿਧਾਨ ਸਭਾ ਹਲਕੇ ਦੇ ਕਰੀਬ 15 ਪਿੰਡਾਂ ਵਿੱਚ ਪ੍ਰਚਾਰ ਕੀਤਾ ਜਦੋਂਕਿ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦੀ ਸ਼ਹਿਰੀ ਵੋਟਰਾਂ ‘ਤੇ ਟੇਕ ਹੈ ਅਤੇ ਉਹ ਚੋਣ ਪ੍ਰਚਾਰ ਵਿੱਚ ਫਾਡੀ ਹਨ। ਦੂਜੇ ਪਾਸੇ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਉਮੀਦਵਾਰਾਂ ਲਈ ਮੰਥਨ ਕੀਤਾ ਜਾ ਰਿਹਾ ਹੈ। ਹਲਕੇ ‘ਚ ‘ਆਪ’ ਤੇ ਭਾਜਪਾ ਉਮੀਦਵਾਰਾਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਦੋਵੇਂ ਉਮੀਦਵਾਰਾਂ ਨੇ ਡੇਰਿਆਂ ‘ਤੇ ਨਤਮਸਤਕ ਹੋਣ ਅਤੇ ਰੁੱਸਿਆਂ ਨੂੰ ਮਨਾਉਣ ਵਾਲਾ ਪਹਿਲਾ ਪੜਾਅ ਮੁਕੰਮਲ ਕਰ ਲਿਆ ਹੈ।
ਪੰਜਾਬ ਵਿੱਚ ਪਹਿਲੀ ਜੂਨ ਨੂੰ ਵੋਟਾਂ ਪੈਣੀਆਂ ਹਨ। ਉਦੋਂ ਤੱਕ ਕਣਕ ਦੀ ਵਾਢੀ ਦਾ ਕੰਮ ਨਿੱਬੜ ਜਾਵੇਗਾ। ਬੇਮੌਸਮੀ ਬਰਸਾਤ ਕਾਰਨ ਕਣਕ ਦੀ ਵਾਢੀ ਪਛੜ ਗਈ ਹੈ ਤੇ ਵਾਢੀ ਕੁਝ ਦਿਨ ਪਛੜਨ ਦਾ ‘ਆਪ’ ਉਮੀਦਵਾਰ ਵੱਲੋਂ ਲਾਹਾ ਲਿਆ ਜਾ ਰਿਹਾ ਹੈ। ਇਸੇ ਕਾਰਨ ਅਨਮੋਲ ਨੇ ਇਨ੍ਹੀਂ ਦਿਨੀਂ ਆਪਣਾ ਸਾਰਾ ਧਿਆਨ ਪੇਂਡੂ ਖੇਤਰ ‘ਤੇ ਹੀ ਕੇਂਦਰਿਤ ਕੀਤਾ ਹੋਇਆ ਹੈ ਅਤੇ ਸ਼ਹਿਰੀ ਖੇਤਰ ਨੂੰ ਲਗਪਗ ਨਜ਼ਰਅੰਦਾਜ਼ ਹੀ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਵਰਕਰਾਂ ਵੱਲੋਂ ਪ੍ਰਚਾਰ ਨੂੰ ਰੋਡ ਸ਼ੋਅ ਦਾ ਰੂਪ ਦੇ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਦੋ ਸਾਲ ਵਿੱਚ ਕੀਤੇ ਕੰਮਾਂ ਨੂੰ ਹਰ ਵੋਟਰ ਕੋਲ ਲੈ ਕੇ ਜਾਵਾਂਗੇ। ਇਸ ਹਲਕੇ ਤੋਂ ਭਾਜਪਾ ਉਮੀਦਵਾਰ ਹੰਸ ਦੀ ਸ਼ਹਿਰੀ ਵੋਟਰਾਂ ਉੱਤੇ ਹੀ ਟੇਕ ਹੈ। ਉਹ ਚੋਣ ਪ੍ਰਚਾਰ ਪੱਖੋਂ ਵੀ ਫਾਡੀ ਹਨ। ਭਾਜਪਾ ਦਾ ਵਿਰੋਧ ਹੋਣ ਕਾਰਨ ਉਨ੍ਹਾਂ ਸਾਰਾ ਧਿਆਨ ਸ਼ਹਿਰੀ ਵੋਟਰਾਂ ਉੱਤੇ ਕੇਂਦਰਿਤ ਕੀਤਾ ਹੋਇਆ ਹੈ। ਉਨ੍ਹਾਂ ਵੱਲੋਂ ਸ਼ਹਿਰ ਵਿੱਚ ਹਾਸ਼ੀਆਗਤ ਅਤੇ ਅੰਦਰੂਨੀ ਤੌਰ ‘ਤੇ ਨਾਰਾਜ਼ ਚੱਲ ਰਹੇ ਸਿਆਸੀ ਆਗੂਆਂ ਨਾਲ ਵੀ ਬੰਦ ਕਮਰਾ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਭਾਜਪਾ ਆਗੂ ਮੁਤਾਬਕ ਪਾਰਟੀ ਦੀ ਯੋਜਨਾ ਹੈ ਕਿ ਪਿੰਡਾਂ ਦਾ ਵੋਟ ਬੈਂਕ ‘ਆਪ’ ਕਾਂਗਰਸ ਤੇ ਅਕਾਲੀ ਦਲ ਵਿੱਚ ਵੰਡਿਆ ਜਾਣਾ ਹੈ। ਪਾਰਟੀ ਦਾ ਸਾਰਾ ਧਿਆਨ ਸ਼ਹਿਰੀ ਵੋਟਰਾਂ ਉੱਤੇ ਹੈ। ਹੰਸ ਦੇ ਸਥਾਨਕ ਭਾਜਪਾ ਆਗੂਆਂ ਦੇ ਹੀ ਘਰਾਂ ਵਿੱਚ ਜਾਣ ‘ਤੇ ਪਾਰਟੀ ਆਗੂਆਂ ਨੇ ਹੀ ਸਵਾਲ ਖੜ੍ਹੇ ਕਰਦੇ ਆਖਿਆ ਕਿ ਵਰਕਰਾਂ ਨੂੰ ਕਲਾਵੇ ਵਿੱਚ ਲੈਣਾ ਚਾਹੀਦਾ ਹੈ।

 

Check Also

ਪੰਜਾਬ, ਹਿਮਾਚਲ ਤੇ ਚੰਡੀਗੜ੍ਹ ’ਚ ਚੋਣ ਪ੍ਰਚਾਰ ਹੋਇਆ ਬੰਦ

7ਵੇਂ ਤੇ ਆਖਰੀ ਗੇੜ ਦੀਆਂ ਵੋਟਾਂ 1 ਜੂਨ ਨੂੰ ਪੈਣਗੀਆਂ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ, ਹਿਮਾਚਲ ਪ੍ਰਦੇਸ਼ …