ਪਟਿਆਲਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਰਹੇ ਭਰਤ ਇੰਦਰ ਸਿੰਘ ਚਹਿਲ ਨੂੰ ਪਟਿਆਲਾ ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ‘ਚ ਤਲਬ ਕੀਤਾ ਹੈ। ਭਰਤ ਇੰਦਰ ਸਿੰਘ ਚਹਿਲ ਨੂੰ 10 ਮਾਰਚ ਨੂੰ ਪਟਿਆਲਾ ਵਿਜੀਲੈਂਸ ਦਫ਼ਤਰ ਵਿਚ ਪੇਸ਼ ਹੋਣ ਲਈ ਸੰਮਨ ਭੇਜੇ ਗਏ ਹਨ। ਵਿਜੀਲੈਂਸ ਦੀ ਟੀਮ ਵੱਲੋਂ ਉਨ੍ਹਾਂ ਦੇ ਘਰ ਵੀ ਰੇਡ ਕੀਤੀ ਗਈ ਸੀ ਪ੍ਰੰਤੂ ਉਹ ਘਰ ‘ਚ ਨਹੀਂ ਮਿਲੇ, ਜਿਸ ਦੇ ਚਲਦਿਆਂ ਉਨ੍ਹਾਂ ਨੂੰ 10 ਮਾਰਚ ਨੂੰ ਪੇਸ਼ ਹੋਣ ਲਈ ਵਟਸਐਪ ਰਾਹੀਂ ਸੰਮਨ ਮੁਹੱਈਆ ਕਰਵਾ ਦਿੱਤੇ ਗਏ ਹਨ। ਚਹਿਲ ਪਟਿਆਲਾ ‘ਚ ਇਕ ਆਲੀਸ਼ਾਨ ਮੈਰਿਜ ਪੈਲੇਸ ਦੇ ਨਿਰਮਾਣ ਮਗਰੋਂ ਸੁਰਖੀਆਂ ‘ਚ ਆਏ ਸਨ। ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਸਮੇਂ ਉਨ੍ਹਾਂ ਇਕ ਵੱਡਾ ਸ਼ਾਪਿੰਗ ਮਾਲ ਵੀ ਬਣਵਾਇਆ ਸੀ, ਇਹ ਸ਼ਾਪਿੰਗ ਮਾਲ ਸਰਕਾਰੀ ਜ਼ਮੀਨ ਦੀ ਨਿਲਾਮੀ ਤੋਂ ਬਾਅਦ ਬਣਵਾਇਆ ਗਿਆ ਸੀ, ਜਿਸ ਦੀ ਵਿਜੀਲੈਂਸ ਵੱਲੋਂ ਪੈਮਾਇਸ਼ ਵੀ ਕੀਤੀ ਜਾ ਚੁੱਕੀ ਹੈ।