ਸੁਮੇਧ ਸੈਣੀ ਪਹੁੰਚੇ ਸਲਾਖਾਂ ਪਿੱਛੇ
ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿਚ ਵੀ ਵੱਜਦਾ ਹੈ ਸੁਮੇਧ ਸੈਣੀ ਦਾ ਨਾਂ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਗੈਰਕਾਨੂੰਨੀ ਕਾਲੋਨੀ ਦੇ ਮਾਮਲੇ ਵਿਚ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਹੈ। ਸੁਮੇਧ ਸੈਣੀ ਨੂੰ ਵੀਰਵਾਰ ਨੂੰ ਮੁਹਾਲੀ ਦੀ ਅਦਾਲਤ ਵਿਚ ਪੇਸ਼ ਵੀ ਕੀਤਾ ਗਿਆ। ਇਸੇ ਦੌਰਾਨ ਇਹ ਵੀ ਜਾਣਕਾਰੀ ਮਿਲੀ ਹੈ ਕਿ ਹਾਈਕੋਰਟ ਨੇ ਸੁਮੇਧ ਸੈਣੀ ਨੂੰ ਰਾਹਤ ਦਿੰਦਿਆਂ ਤੁਰੰਤ ਰਿਹਾਅ ਕਰਨ ਲਈ ਕਿਹਾ। ਹਾਈਕੋਰਟ ਨੇ ਕਿਹਾ ਕਿ ਹੇਠਲੀ ਅਦਾਲਤ ਸੁਮੇਧ ਸੈਣੀ ਨੂੰ ਰਿਮਾਂਡ ‘ਤੇ ਲੈਣ ਦਾ ਅਜੇ ਫੈਸਲਾ ਨਾ ਲਵੇ। ਦੂਜੇ ਪਾਸੇ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਵੀ ਫਟਕਾਰ ਲਗਾਈ ਕਿ 7 ਦਿਨ ਪਹਿਲਾਂ ਨੋਟਿਸ ਦਿੱਤੇ ਬਿਨਾ ਸੁਮੇਧ ਸੈਣੀ ਨੂੰ ਗ੍ਰਿਫਤਾਰ ਕਰਨਾ ਠੀਕ ਨਹੀਂ ਸੀ। ਹਾਈਕੋਰਟ ਵਿਚ ਸੈਣੀ ਦੇ ਵਕੀਲ ਨੇ ਕਿਹਾ ਕਿ ਉਹ ਹਰ ਤਰ੍ਹਾਂ ਨਾਲ ਜਾਂਚ ਵਿਚ ਸਹਿਯੋਗ ਕਰ ਰਹੇ ਹਨ ਅਤੇ ਉਨ੍ਹਾਂ ਵਿਜੀਲੈਂਸ ਵਲੋਂ ਕੀਤੀ ਗਈ ਗ੍ਰਿਫਤਾਰੀ ਨੂੰ ਵੀ ਨਜਾਇਜ਼ ਦੱਸਿਆ। ਇਸ ਤੋਂ ਪਹਿਲਾਂ ਸਾਬਕਾ ਡੀਜੀਪੀ ਨੇ ਮੁਹਾਲੀ ਦੇ ਵਿਜੀਲੈਂਸ ਥਾਣੇ ਵਿਚ ਰਾਤ ਗੁਜ਼ਾਰੀ ਤੇ ਉਸ ਕੋਲੋਂ ਦੇਰ ਰਾਤ ਤਕ ਪੁੱਛਗਿਛ ਕੀਤੀ ਗਈ। ਧਿਆਨ ਰਹੇ ਕਿ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ਵਿਚ ਸੁਮੇਧ ਸੈਣੀ ‘ਤੇ ਪਿਛਲੇ ਕਈ ਦਿਨਾਂ ਤੋਂ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਸੀ। ਧਿਆਨ ਰਹੇ ਕਿ ਚੰਡੀਗੜ੍ਹ ਦੇ ਸੈਕਟਰ 20 ਵਿਚਲੀ ਕੋਠੀ ਦੇ ਵਿਵਾਦ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਹਾਈਕੋਰਟ ਤੋਂ ਮਿਲੀ ਅੰਤਰਿਮ ਜ਼ਮਾਨਤ ਦੇ ਸਬੰਧ ਵਿਚ ਸੁਮੇਧ ਸੈਣੀ ਵਿਜੀਲੈਂਸ ਕੋਲ ਜਾਂਚ ਵਿਚ ਸ਼ਾਮਲ ਹੋਣ ਲਈ ਪਹੁੰਚਿਆ ਸੀ ਅਤੇ ਵਿਜੀਲੈਂਸ ਦੇ ਅਧਿਕਾਰੀਆਂ ਨੇ ਸੁਮੇਧ ਸੈਣੀ ਕੋਲੋਂ ਪੁੱਛਗਿੱਛ ਕਰਦਿਆਂ ਉਸ ਨੂੰ ਗ੍ਰਿਫਤਾਰ ਕਰ ਲਿਆ। ਵਿਜੀਲੈਂਸ ਵਲੋਂ ਸੁਮੇਧ ਸੈਣੀ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਉਸਦੀ ਸਲਾਖਾਂ ਪਿੱਛੇ ਬੈਠੇ ਦੀ ਤਸਵੀਰ ਵੀ ਸਾਹਮਣੇ ਆਈ ਹੈ ਅਤੇ ਉਸ ਨੇ ਹਵਾਲਾਤ ਵਿਚ ਸਾਰੀ ਰਾਤ ਗੁਜ਼ਾਰੀ। ਜ਼ਿਕਰਯੋਗ ਹੈ ਕਿ ਸੁਮੇਧ ਸੈਣੀ ਖਿਲਾਫ ਅਨੇਕਾਂ ਕੇਸ ਹਨ, ਪਰ ਕਾਨੂੰਨੀ ਅੜਚਨਾਂ ਕਰਕੇ ਕਦੇ ਵੀ ਪੁਲਿਸ ਉਸ ਨੂੰ ਗ੍ਰਿਫਤਾਰ ਨਹੀਂ ਸੀ ਕਰ ਸਕੀ। ਅਕਾਲੀ-ਭਾਜਪਾ ਸਰਕਾਰ ਸਮੇਂ ਸੁਮੇਧ ਸੈਣੀ ਤਾਕਤਵਰ ਡੀਜੀਪੀ ਵਜੋਂ ਵਿਚਰਦਾ ਰਿਹਾ ਅਤੇ ਉਹ ਫੈਸਲੇ ਲੈਣ ਲੱਗਾ ਸਰਕਾਰ ਦੀ ਵੀ ਪ੍ਰਵਾਹ ਨਹੀਂ ਸੀ ਕਰਦਾ।
ਹੁਣ ਈਡੀ ਵੀ ਕਸੇਗੀ ਸ਼ਿਕੰਜਾ
ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ‘ਤੇ ਜਿੱਥੇ ਵਿਜੀਲੈਂਸ ਦੇ ਰੂਪ ਵਿਚ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਸ਼ਿਕੰਜਾ ਕਸਦੀ ਜਾ ਰਹੀ ਹੈ, ਉਥੇ ਸੁਮੇਧ ਸੈਣੀ ਵੱਲੋਂ ਆਮਦਨ ਤੋਂ ਵੱਧ ਸਰੋਤਾਂ ਰਾਹੀਂ ਤਿਆਰ ਕੀਤੀ ਜਾਇਦਾਦ, ਪੈਸਾ, ਖਾਤਿਆਂ ਆਦਿ ਦਾ ਪੂਰਾ ਰਿਕਾਰਡ ਇਕੱਠਾ ਕਰਕੇ ਵਿਜੀਲੈਂਸ ਨੇ ਈਡੀ ਦੇ ਸਪੁਰਦ ਕਰ ਦਿੱਤਾ ਹੈ। ਦੂਜੇ ਸੂਬਿਆਂ ਵਿਚ ਜਾਇਦਾਦ ਬਣਾਉਣ ਤੇ ਪੁਲਿਸ ਭਰਤੀ ਵਿਚ ਸ਼ੱਕੀ ਭੂਮਿਕਾ ਨਿਭਾਉਣ ਦੇ ਚਲਦਿਆਂ ਵਿਜੀਲੈਂਸ ਦੀ ਰਾਡਾਰ ‘ਤੇ ਤਾਂ ਸੈਣੀ ਹਨ, ਹੁਣ ਈਡੀ ਵੀ ਸ਼ਿਕੰਜਾ ਕਸਣ ਦੀ ਤਿਆਰੀ ਵਿਚ ਹੈ।
ਵਿਵਾਦ ਅਤੇ ਸੁਮੇਧ ਸੈਣੀ
ੲ ਡੀਜੀਪੀ ਹੁੰਦਿਆਂ ਵਾਪਰੀ ਬੇਅਦਬੀ ਦੀ ਘਟਨਾ, ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ‘ਚ ਵੱਜਦਾ ਹੈ ਨਾਂ
ੲ ਆਈਏਐਸ ਅਧਿਕਾਰੀ ਦੇ ਪੁੱਤਰ ਬਲਵੰਤ ਸਿੰਘ ਮੁਲਤਾਨੀ ਦੇ ਕਤਲ ਮਾਮਲੇ ‘ਚ ਸੈਣੀ ‘ਤੇ ਦਰਜ ਹੈ ਕੇਸ
ੲ ਲੈਫਟੀਨੈਂਟ ਕਰਨਲ ਰਵੀ ਵਤਸ ਦੀ ਕੁੱਟਮਾਰ ਕਰਨ ਤੇ ਗੈਰਕਾਨੂੰਨੀ ਹਿਰਾਸਤ ‘ਚ ਰੱਖਣ ਦਾ ਵੀ ਹੈ ਮਾਮਲਾ
ੲ ਮਾਣਯੋਗ ਜੱਜਾਂ ਖਿਲਾਫ਼ ਕਥਿਤ ਭ੍ਰਿਸ਼ਟਾਚਾਰ ਦੇ ਸਬੂਤ ਤਿਆਰ ਕਰਨ ਤੇਜੱਜਾਂ ਦੇ ਫੋਨ ਟੈਪਿੰਗ ਕਰਨ ਦਾ ਮਾਮਲਾ
ੲ ਇਕ ਅੰਗਰੇਜ਼ੀ ਦੇ ਪੱਤਰਕਾਰ ਨੂੰ ਗ੍ਰਿਫ਼ਤਾਰ ਕਰਨਾ
ੲ ਕਥਿਤ ਤੌਰ ‘ਤੇ ਇਕ ਐਗਜੀਕਿਊਟਿਵ ਇੰਜੀਨੀਅਰ ਨਾਲ ਹੱਥੋਪਾਈ ਹੋਣਾ
ੲ ਝੂਠੇ ਪੁਲਿਸ ਮੁਕਾਬਲਿਆਂ ਵਿਚ ਵੀ ਵੱਜਦਾ ਹੈ ਨਾਂ