355 ਸਕੂਲਾਂ ਨੂੰ ਬਿਹਤਰ ਬਣਾਉਣ ਲਈ ਫੰਡ ਜਾਰੀ ਕਰੇਗਾ ਕੇਂਦਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ 355 ਸਰਕਾਰੀ ਸਕੂਲਾਂ ਨੂੰ ਕੇਂਦਰ ਸਰਕਾਰ ਦੀ ਪੀਐਮ ਸ੍ਰੀ ਸਕੂਲ ਸਕੀਮ ਦੇ ਤਹਿਤ ਚੁਣਿਆ ਗਿਆ ਹੈ। ਇਨ੍ਹਾਂ ਸਕੂਲਾਂ ਨੂੰ ਅਗਲੇ ਪੰਜ ਸਾਲ ਤੱਕ ਇਸ ਸਕੀਮ ਦੇ ਤਹਿਤ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਵੱਖ-ਵੱਖ ਪੈਰਾਮੀਟਰਸ ਲਾਗੂ ਕਰਨ ਲਈ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਇਨ੍ਹਾਂ ਸਕੂਲਾਂ ਵਿਚ ਇਨਫਰਾਸਟਰੱਕਚਰ ਤੋਂ ਲੈ ਕੇ ਆਧੁਨਿਕ ਲਰਨਿੰਗ ਸਹੂਲਤਾਂ ਤੱਕ ਪ੍ਰਦਾਨ ਕਰਨ ਲਈ ਕੇਂਦਰੀ ਯੋਜਨਾ ਤੋਂ ਫੰਡਿੰਗ ਕੀਤੀ ਜਾਵੇਗੀ। ਮੀਡੀਆ ਰਿਪੋਰਟਾਂ ਮੁਤਾਬਕ ਕੇਂਦਰ ਸਰਕਾਰ ਵਲੋਂ ਸੂਬਾ ਸਰਕਾਰ ਨੂੰ ਭੇਜੇ ਗਏ ਪੱਤਰ ਅਨੁਸਾਰ ਸੂਬਾ ਸਰਕਾਰ ਆਪਣੀ ਸਿੱਖਿਆ ਯੋਜਨਾ ਤਿਆਰ ਕਰਦੇ ਸਮੇਂ ਇਨ੍ਹਾਂ ਸਕੂਲਾਂ ਲਈ ਫੰਡਿੰਗ ਦਾ ਪ੍ਰਬੰਧ ਨਾ ਕਰੇ ਕਿਉਂਕਿ ਇਨ੍ਹਾਂ ਦੀ ਸਾਰੀ ਫੰਡਿੰਗ ਕੇਂਦਰ ਸਰਕਾਰ ਵਲੋਂ ਕੀਤੀ ਜਾਵੇਗੀ। ਮਿਲੀ ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਵਲੋਂ ਇਸ ਸਬੰਧ ਵਿਚ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਲਿਖੇ ਪੱਤਰ ਵਿਚ ਕਿਹਾ ਗਿਆ ਹੈ ਕਿ ਪੀਐਮ ਸ੍ਰੀ ਸਕੂਲ ਸਕੀਮ ਦੇ ਤਹਿਤ ਸ਼ਾਮਲ ਕੀਤੇ ਗਏ ਸਕੂਲਾਂ ਦਾ ਇਕ ਮਤਾ ਤਿਆਰ ਕਰਕੇ ਭੇਜਿਆ ਜਾਵੇ। ਇਹ ਵੀ ਕਿਹਾ ਗਿਆ ਕਿ ਸਬੰਧਤ ਡੀਈਓ ਅਤੇ ਹੋਰ ਸਿੱਖਿਆ ਅਧਿਕਾਰੀ ਇਸ ਦੀ ਇਕ ਯੋਜਨਾ ਬਣਾਉਣ। ਇਸ ਯੋਜਨਾ ਦੇ ਤਹਿਤ ਸਾਰੇ ਬਲਾਕਾਂ, ਨਗਰ ਪਾਲਿਕਾਵਾਂ ਅਤੇ ਨਗਰ ਪੰਚਾਇਤਾਂ ਵਿਚੋਂ ਦੋ-ਦੋ ਸਕੂਲ ਸ਼ਾਮਲ ਕੀਤੇ ਗਏ ਹਨ। ਇਹ ਯੋਜਨਾ 2026-27 ਤੱਕ ਪੰਜ ਸਾਲਾਂ ਲਈ ਲਾਗੂ ਕੀਤੀ ਗਈ ਹੈ। ਇਸ ਸਕੀਮ ਦੇ ਤਹਿਤ ਕੇਂਦਰ ਸਰਕਾਰ ਦੇਸ਼ ਭਰ ਵਿਚ 14 ਹਜ਼ਾਰ 500 ਸਕੂਲਾਂ ਦੀ ਚੋਣ ਕਰ ਰਹੀ ਹੈ।