ਪੁਲਿਸ ਨਾਲ ਹੋਈ ਖਿੱਚ-ਧੂਹ ਦੌਰਾਨ ਕਈਆਂ ਦੀਆਂ ਪੱਗਾਂ ਲੱਥੀਆਂ
ਮਹਿਲਕਲਾਂ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਮਹਿਲ ਕਲਾਂ ਪਹੁੰਚਣ ‘ਤੇ ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ। ਰੁਜ਼ਗਾਰ ਦੀ ਮੰਗ ਲਈ ਇਕੱਠੇ ਹੋਏ ਬੇਰੁਜ਼ਗਾਰ ਅਧਿਆਪਕਾਂ ਨੇ ਰੁਜ਼ਗਾਰ ਦੀ ਮੰਗ ਕੀਤੀ। ਇਸੇ ਦੌਰਾਨ ਸਾਦੇ ਕੱਪੜਿਆਂ ਵਿਚ ਪੁਲਿਸ ਮੁਲਾਜ਼ਮਾਂ ਨੇ ਪ੍ਰਦਰਸ਼ਨਕਾਰੀਆਂ ਨਾਲ ਕਾਫ਼ੀ ਖਿੱਚਧੂਹ ਕੀਤੀ ਅਤੇ ਇਸੇ ਖਿੱਚਧੂਹ ਦੌਰਾਨ ਕਈ ਪ੍ਰਦਰਸ਼ਨਕਾਰੀਆਂ ਦੀਆਂ ਪੱਗਾਂ ਵੀ ਲੱਥ ਗਈਆਂ। ਇਨ੍ਹਾਂ ਬੇਰੁਜ਼ਗਾਰਾਂ ਅਧਿਆਪਕਾਂ ਨੇ ਚੰਨੀ ਦੇ ਭਾਸ਼ਣ ਦੌਰਾਨ ਉਨ੍ਹਾਂ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਪੁਲਿਸ ਵੱਲੋਂ ਭਾਵੇਂ ਇਨ੍ਹਾਂ ਨਾਅਰੇ ਲਗਾਉਣ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰ ਲਿਆ। ਇਸੇ ਦੌਰਾਨ ਚੰਨੀ ਨੇ ਮੰਚ ਤੋਂ ਐਲਾਨ ਕੀਤਾ ਕਿ ਚੱਲ ਸਮਾਗਮਾਂ ‘ਚ ਵਿਘਨ ਪਾਉਣ ਵਾਲਿਆਂ ਖਿਲਾਫ਼ ਕੇਸ ਦਰਜ ਹੋਣਗੇ। ਉਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਕਿਹਾ ਕਿ ਜਾਂ ਤਾਂ ਸਾਡੇ ਨਾਲ ਗੱਲ ਕਰਨ ਜਾਂ ਫਿਰ ਅਜਿਹੇ ਪ੍ਰਦਰਸ਼ਨਾਂ ਤੋਂ ਬਾਜ ਆਉਣ। ਉਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਭਾਵੇਂ ਪਹਿਲਾਂ ਵਾਲਾ ਮੁੱਖ ਮੰਤਰੀ ਸੁੱਤਾ ਨਹੀਂ ਸੀ ਉਠਦਾ ਪ੍ਰੰਤੂ ਮੈਂ ਹੁਣ ਸੌਂ ਕੇ ਨਹੀਂ ਵੇਖਿਆ, ਜਦੋਂ ਮਰਜੀ ਮੇਰੇ ਕੋਲ ਆਓ ਅਤੇ ਮਸਲੇ ਹੱਲ ਕਰਵਾ ਲਓ। ਇਸੇ ਤਰ੍ਹਾਂ ਇਕ ਹੋਰ ਪ੍ਰੋਗਰਾਮ ਵਿਚ ਹਿੱਸਾ ਲੈਣ ਬਰਨਾਲਾ ਪਹੁੰਚਣ ‘ਤੇ ਮੁੱਖ ਮੰਤਰੀ ਦਾ ਵਿਰੋਧ ਕੀਤਾ ਗਿਆ। ਇਥੇ ਐਨ ਐਚ ਐਮ ਸਿਹਤ ਕਰਮਚਾਰੀਆਂ ਵੱਲੋਂ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ।