ਕਿਹਾ : ਪੰਜਾਬ ‘ਚੋਂ ਛੇ ਮਹੀਨਿਆਂ ਦੇ ਅੰਦਰ ਕਰਾਂਗਾ ਨਸ਼ੇ ਦਾ ਖਾਤਮਾ
ਗੁਰਦਾਸਪੁਰ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਗੁਰਦਾਸਪੁਰ ਪਹੁੰਚੇ, ਜਿੱਥੇ ਉਨ੍ਹਾਂ ਪੰਜਾਬ ਵਾਸੀਆਂ ਨੂੰ ਪੰਜ ਹੋਰ ਨਵੀਆਂ ਗਰੰਟੀਆਂ ਦਿੱਤੀਆਂ। ਜਿਨ੍ਹਾਂ ਵਿਚ ਸਭ ਤੋਂ ਪਹਿਲੀ ਗਰੰਟੀ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ‘ਚ ਸੁਰੱਖਿਆ ਵਿਵਸਥਾ ਕਾਇਮ ਕਰਾਂਗਾ, ਦੂਜੀ ਗਰੰਟੀ ਪੰਜਾਬ ਪੁਲਿਸ ਦੀ ਨਿਰਪੱਖ ਭਰਤੀ ਕਰਨ ਦੀ, ਤੀਜੀ ਗਰੰਟੀ ਬਾਰਡਰ ‘ਤੇ ਅਜਿਹਾ ਪ੍ਰਬੰਧ ਕਰਾਂਗਾ ਕਿ ਪਾਕਿਸਤਾਨ ਵੱਲੋ ਪੰਜਾਬ ‘ਚ ਕੋਈ ਨਸ਼ਾ ਨਾ ਆ ਸਕੇ, ਚੌਥੀ ਗਰੰਟੀ ਦਿੰਦਿਆਂ ਕਿਹਾ ਕਿ ਸੂਬੇ ਅੰਦਰ ਭਾਈਚਾਰਕ ਸਾਂਝ ਕਾਇਮ ਕਰਾਂਗੇ ਅਤੇ ਪੰਜਵੀਂ ਗਰੰਟੀ ਦਿੰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕਿਸੇ ਵੀ ਧਰਮ ਦੀ ਬੇਅਦਬੀ ਨਹੀਂ ਹੋਣ ਦਿਆਂਗੇ ਅਤੇ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਉਨ੍ਹਾਂ ਨੇ ਲੁਧਿਆਣਾ ‘ਚ ਹੋਏ ਧਮਾਕੇ ‘ਤੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ। ਕੇਜਰੀਵਾਲ ਨੇ ਚੰਨੀ ਸਰਕਾਰ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਚੰਨੀ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ਼ ਕੋਈ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਪੰਜਾਬ ਨੂੰ ਛੇ ਮਹੀਨਿਆਂ ਦੇ ਅੰਦਰ ਨਸ਼ਾ ਮੁਕਤ ਕਰ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਅੰਮ੍ਰਿਤਸਰ ਪਹੁੰਚੇ ਕੇਜਰੀਵਾਲ ਨੇ ਪੰਜਾਬ ਦੀ ਚਰਨਜੀਤ ਸਿੰਘ ਚੰਨੀ ਸਰਕਾਰ ਨੂੰ ਇਕ ਕਮਜ਼ੋਰ ਸਰਕਾਰ ਵੀ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਾਢੇ ਚਾਰ ਸਾਲਾਂ ਅੰਦਰ ਕੁੱਝ ਨਹੀਂ ਕੀਤਾ ਪ੍ਰੰਤੂ ਹੁਣ ਮਜੀਠੀਆ ਖਿਲਾਫ਼ ਮਾਮਲਾ ਦਰਜ ਕਰਕੇ ਪੰਜਾਬ ਸਰਕਾਰ ਆਪਣੀ ਪਿੱਠ ਥਾਪੜਨ ਵਿਚ ਲੱਗੀ ਹੋਈ ਹੈ।

