Home / ਪੰਜਾਬ / ਪੰਜਾਬ ‘ਚ ਬਣਨਗੇ ਇੱਕ ਹਜ਼ਾਰ ‘ਸੁਪਰ ਸਮਾਰਟ’ ਸਕੂਲ

ਪੰਜਾਬ ‘ਚ ਬਣਨਗੇ ਇੱਕ ਹਜ਼ਾਰ ‘ਸੁਪਰ ਸਮਾਰਟ’ ਸਕੂਲ

ਚੰਡੀਗੜ੍ਹ : ਪੰਜਾਬ ਸਰਕਾਰ ਅਗਲੇ ਮਾਲੀ ਵਰ੍ਹੇ ‘ਚ ਕਰੀਬ ਇੱਕ ਹਜ਼ਾਰ ‘ਸੁਪਰ ਸਮਾਰਟ’ ਸਕੂਲ ਬਣਾਏਗੀ ਜਿਨ੍ਹਾਂ ਵਿੱਚ ਹਰ ਸਹੂਲਤ ਮਿਲੇਗੀ। ਇਨ੍ਹਾਂ ਸਕੂਲਾਂ ਦੀ ਸ਼ਨਾਖਤ ਮੌਜੂਦਾ ਸਰਕਾਰੀ ਸਕੂਲਾਂ ਵਿਚੋਂ ਕੀਤੀ ਜਾਵੇਗੀ ਤੇ ਉਨ੍ਹਾਂ ਨੂੰ ਸੁਪਰ ਸਮਾਰਟ ਸਕੂਲ ਦਾ ਦਰਜਾ ਦਿੱਤਾ ਜਾਵੇਗਾ। ਪੰਜਾਬ ਸਰਕਾਰ ਦੀ ਇਸ ਯੋਜਨਾ ਤੋਂ ਸਪੱਸ਼ਟ ਹੋ ਗਿਆ ਹੈ ਕਿ ਸੂਬੇ ਵਿਚ ਹੁਣ ਹੋਰ ‘ਸਕੂਲ ਆਫ਼ ਐਮੀਨੈਂਸ’ ਨਹੀਂ ਬਣਨਗੇ। ਸਰਕਾਰ ਡਰੀਮ ਪ੍ਰਾਜੈਕਟ ਵਜੋਂ ‘ਸਕੂਲ ਆਫ਼ ਐਮੀਨੈਂਸ’ ਨੂੰ ਹੀ ਚਮਕਾਏਗੀ। ਸਰਕਾਰ ਵੱਲੋਂ ‘ਸੁਪਰ ਸਮਾਰਟ’ ਸਕੂਲ ਬਣਾਏ ਜਾਣਗੇ ਜਿਨ੍ਹਾਂ ਵਿਚ ਕਰੀਬ ਤਿੰਨ ਲੱਖ ਬੱਚੇ ਪੜ੍ਹਨਗੇ। ਇਨ੍ਹਾਂ ਸਕੂਲਾਂ ਵਿਚ ਸਾਰਿਆਂ ਲਈ ਦਾਖਲਾ ਖੁੱਲ੍ਹਾ ਹੋਵੇਗਾ ਅਤੇ ਕੋਈ ਪ੍ਰਵੇਸ਼ ਪ੍ਰੀਖਿਆ ਨਹੀਂ ਹੋਵੇਗੀ।
ਵੇਰਵਿਆਂ ਅਨੁਸਾਰ ‘ਸਕੂਲ ਆਫ਼ ਐਮੀਨੈਂਸ’ ਵਿਚ ਕਰੀਬ 30 ਹਜ਼ਾਰ ਸੀਟਾਂ ਹੋਣਗੀਆਂ ਅਤੇ ਅਗਲੇ ਵਿੱਦਿਅਕ ਵਰ੍ਹੇ ਤੋਂ ਦਾਖ਼ਲੇ ਸ਼ੁਰੂ ਹੋ ਜਾਣਗੇ। ਸਰਕਾਰ ਦਾ ਟੀਚਾ ਹੈ ਕਿ ਕਰੀਬ ਤਿੰਨ ਵਰ੍ਹਿਆਂ ਵਿਚ ‘ਸਕੂਲ ਆਫ਼ ਐਮੀਨੈਂਸ’ ਆਪਣਾ ਮੁਕੰਮਲ ਰੂਪ ਲੈ ਲੈਣ। ਇਨ੍ਹਾਂ ਸਕੂਲਾਂ ਵਿਚ ਪ੍ਰਵੇਸ਼ ਪ੍ਰੀਖਿਆ ਜ਼ਰੀਏ ਦਾਖ਼ਲੇ ਹੋਣਗੇ ਜਿਸ ਵਿਚ 75 ਫ਼ੀਸਦੀ ਕੋਟਾ ਸਰਕਾਰੀ ਸਕੂਲਾਂ ਅਤੇ 25 ਫ਼ੀਸਦੀ ਕੋਟਾ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਲਈ ਰੱਖਿਆ ਜਾਣਾ ਹੈ। ‘ਸਕੂਲ ਆਫ਼ ਐਮੀਨੈਂਸ’ ਵਿਚ ਮੁਕੰਮਲ ਬੁਨਿਆਦੀ ਢਾਂਚਾ ਹੋਵੇਗਾ ਅਤੇ ਵੱਖਰੀ ਕੋਚਿੰਗ ਦਾ ਵੀ ਪ੍ਰਬੰਧ ਹੋਵੇਗਾ। ਦਿਹਾਤੀ ਪੰਜਾਬ ਨੂੰ ‘ਸਕੂਲ ਆਫ਼ ਐਮੀਨੈਂਸ’ ‘ਚੋਂ ਲਗਪਗ ਬਾਹਰ ਹੀ ਕਰ ਦਿੱਤਾ ਗਿਆ ਹੈ। ਪੰਜਾਬ ‘ਚ ਇਸ ਵੇਲੇ 19 ਹਜ਼ਾਰ ਤੋਂ ਜ਼ਿਆਦਾ ਸਰਕਾਰੀ ਸਕੂਲ ਹਨ ਜਿਨ੍ਹਾਂ ਵਿਚ ਕਰੀਬ 28 ਲੱਖ ਬੱਚੇ ਪੜ੍ਹਦੇ ਹਨ। ਪੰਜਾਬ ਸਰਕਾਰ ਵੱਲੋਂ ਐਤਕੀਂ ‘ਸਕੂਲ ਆਫ਼ ਐਮੀਨੈਂਸ’ ਲਈ 200 ਕਰੋੜ ਦਾ ਬਜਟ ਰਾਖਵਾਂ ਰੱਖਿਆ ਗਿਆ ਹੈ ਪਰ ਇਨ੍ਹਾਂ ਸਕੂਲਾਂ ‘ਤੇ ਹਾਲੇ ਵੱਡੀ ਰਾਸ਼ੀ ਨਹੀਂ ਖਰਚੀ ਗਈ। ਪਤਾ ਲੱਗਾ ਹੈ ਕਿ ਜੀ-20 ਦੀ ਅੰਮ੍ਰਿਤਸਰ ਵਿਚ 10 ਮਾਰਚ ਨੂੰ ਮਿਲਣੀ ਹੋ ਰਹੀ ਹੈ ਤੇ ਇਸ ਤੋਂ ਪਹਿਲਾਂ ਸਰਕਾਰ ਅੰਮ੍ਰਿਤਸਰ ਦੇ ਚਾਰ ਸਕੂਲਾਂ ਦੀ ‘ਸਕੂਲ ਆਫ਼ ਐਮੀਨੈਂਸ’ ਵਜੋਂ ਦਿੱਖ ਬਣਾਉਣਾ ਚਾਹੁੰਦੀ ਹੈ ਤਾਂ ਜੋ ਮਹਿਮਾਨਾਂ ਨੂੰ ਸਰਕਾਰ ਦੇ ਸਿੱਖਿਆ ਮਾਡਲ ‘ਤੇ ਝਾਤ ਪੁਆਈ ਜਾ ਸਕੇ।
‘ਏ’ ਕੈਟਾਗਰੀ ਸਕੂਲ ਦਿਆਂਗੇ: ਬੈਂਸ
ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਕਰੀਬ 40 ਫ਼ੀਸਦੀ ਬੱਚਿਆਂ ਨੂੰ ‘ਏ’ ਕੈਟਾਗਰੀ ਸਕੂਲ ਮੁਹੱਈਆ ਕਰਾਉਣ ਦਾ ਟੀਚਾ ਹੈ ਜਿਸ ਤਹਿਤ ਅਗਲੇ ਪੜਾਅ ‘ਚ ਇੱਕ ਹਜ਼ਾਰ ਸੁਪਰ ਸਮਾਰਟ ਸਕੂਲ ਬਣਾਏ ਜਾਣ ਦਾ ਟੀਚਾ ਹੈ। ਪੰਜਾਬ ਸਰਕਾਰ ਵੱਲੋਂ ਉਨ੍ਹਾਂ ਸਕੂਲਾਂ ਵਿਚ ਅਗਲੇ ਵਿੱਦਿਅਕ ਵਰ੍ਹੇ ਤੋਂ ਪਹਿਲੀ ਕਲਾਸ ‘ਚ ਨਵੇਂ ਦਾਖ਼ਲੇ ਬੰਦ ਕੀਤੇ ਜਾਣਗੇ ਜਿਨ੍ਹਾਂ ਨੂੰ ‘ਸਕੂਲ ਆਫ਼ ਐਮੀਨੈਂਸ’ ਦਾ ਦਰਜਾ ਦਿੱਤਾ ਗਿਆ ਹੈ। ਇਨ੍ਹਾਂ ਸਕੂਲਾਂ ਵਿਚ ਪਹਿਲੀ ਤੋਂ ਅੱਠਵੀਂ ਤੱਕ ਦੀ ਪੜ੍ਹਾਈ ਅਖੀਰ ਵਿਚ ਬੰਦ ਹੋ ਜਾਣੀ ਹੈ। ਇਸੇ ਦੌਰਾਨ ਸਕੂਲ ਸਿੱਖਿਆ ਮੰਤਰੀ ਨੇ ਦੱਸਿਆ ਕਿ ਸੂਬੇ ਦੇ 15 ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਚਾਲੂ ਕੀਤੇ ਗਏ ਸਾਇੰਸ ਅਤੇ ਕਾਮਰਸ ਗਰੁੱਪਾਂ ਦੇ ਨਵੇਂ ਵਿੱਦਿਅਕ ਬਲਾਕ ਬਣਾਉਣ ਵਾਸਤੇ 4.53 ਕਰੋੜ ਰੁਪਏ ਦੀ ਰਾਸ਼ੀ ਪ੍ਰਵਾਨ ਕੀਤੀ ਗਈ ਹੈ।

 

Check Also

ਸੁਖਦੇਵ ਸਿੰਘ ਢੀਂਡਸਾ ਦੇ ਅਗਵਾਈ ਵਿਚ ਵਫ਼ਦ ਨੇ ਕੀਤੀ ਰਾਜਪਾਲ ਨਾਲ ਮੁਲਾਕਾਤ

ਕਿਹਾ : ਗਿ੍ਰਫ਼ਤਾਰ ਕੀਤੇ ਸਿੱਖ ਨੌਜਵਾਨਾਂ ਨੂੰ ਜਲਦੀ ਕੀਤਾ ਜਾਵੇ ਰਿਹਾਅ ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ …