19.2 C
Toronto
Tuesday, October 7, 2025
spot_img
Homeਪੰਜਾਬਗਜੇਂਦਰ ਸ਼ੇਖਾਵਤ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ

ਗਜੇਂਦਰ ਸ਼ੇਖਾਵਤ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ

ਤਲਵੰਡੀ ਸਾਬੋ : ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਬੁੱਧਵਾਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਨਤਮਸਤਕ ਹੋਏ। ਉਨ੍ਹਾਂ ਪਾਰਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਤੇ ਤਖ਼ਤ ਸਾਹਿਬ ਵਿਖੇ ਸੁਸ਼ੋਭਿਤ ਇਤਿਹਾਸਕ ਸ਼ਸ਼ਤਰਾਂ ਦੇ ਦਰਸ਼ਨ ਵੀ ਕੀਤੇ।
ਕੇਂਦਰੀ ਮੰਤਰੀ ਨੇ ਤਖ਼ਤ ਸਾਹਿਬ ਵਿਖੇ ਮੱਥਾ ਟੇਕਣ ਮਗਰੋਂ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕਰਕੇ ਪੰਜਾਬ ਦੇ ਮਸਲਿਆਂ ਬਾਰੇ ਚਰਚਾ ਕੀਤੀ। ਸ਼ੇਖਾਵਤ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ੁਰੂ ਕੀਤੀ ਗਈ ਦਸਤਖ਼ਤੀ ਮੁਹਿੰਮ ਤਹਿਤ ਇੱਥੇ ਤਖ਼ਤ ਸਾਹਿਬ ਵਿਖੇ ਲਗਾਏ ਗਏ ਕਾਊਂਟਰ ‘ਤੇ ਪਹੁੰਚ ਕੇ ਬੰਦੀ ਸਿੰਘਾਂ ਦੀ ਰਿਹਾਈ ਵਾਲੇ ਹਲਫ਼ਨਾਮੇ ‘ਤੇ ਦਸਤਖਤ ਕੀਤੇ।
ਭਾਜਪਾ ਆਗੂਆਂ ਤੇ ਵਰਕਰਾਂ ਨੇ ਕੇਂਦਰੀ ਮੰਤਰੀ ਦਾ ਇੱਥੇ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ। ਸ਼ੇਖਾਵਤ ਨੇ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਕਾਰਕੁਨਾਂ ਨਾਲ ਵੀ ਮੀਟਿੰਗ ਕੀਤੀ। ਉਨ੍ਹਾਂ ਪਾਰਟੀ ਦੇ ਏਜੰਡਿਆਂ ਦੀ ਗੱਲ ਕਰਦਿਆਂ ਵਰਕਰਾਂ ਨੂੰ ਹੁਣੇ ਤੋਂ 2024 ਦੀਆਂ ਲੋਕ ਸਭਾ ਚੋਣਾਂ ਲਈ ਤਿਆਰੀ ਕਰਨ ਦੀ ਅਪੀਲ ਕੀਤੀ। ਕੇਂਦਰੀ ਮੰਤਰੀ ਨੇ ਕਿਹਾ ਕਿ ਭਾਜਪਾ ਨੂੰ ਹੇਠਲੇ ਪੱਧਰ ‘ਤੇ ਮਜ਼ਬੂਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਮੀਟਿੰਗ ਮਗਰੋਂ ਸ਼ੇਖਾਵਤ ਗੁਰਦੁਆਰਾ ਸੰਤ ਸੇਵਕ ਬੁੰਗਾ ਮਸਤੂਆਣਾ ਸਾਹਿਬ ਵਿਖੇ ਵੀ ਮੱਥਾ ਟੇਕਣ ਗਏ।

 

RELATED ARTICLES
POPULAR POSTS