Breaking News
Home / ਨਜ਼ਰੀਆ / ਭਗਵੰਤ ਮਾਨ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਕੀਤਾ ਪੇਸ਼

ਭਗਵੰਤ ਮਾਨ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਕੀਤਾ ਪੇਸ਼

ਪੰਜਾਬ ‘ਚ ਮੁਫਤ ਤੀਰਥ ਯਾਤਰਾ, ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਮੁਫਤ ਸਫਰ ਅਤੇ ਮੁਫਤ ਬਿਜਲੀ ਦੀ ਸਹੂਲਤ ਰਹੇਗੀ ਜਾਰੀ
ਬਜਟ ‘ਚ ਸਿੱਖਿਆ, ਸਿਹਤ ਅਤੇ ਖੇਤੀ ਨੂੰ ਤਰਜੀਹ
ਨਾ ਨਵਾਂ ਟੈਕਸ, ਨਾ ਕੋਈ ਵੱਡਾ ਐਲਾਨ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੰਗਲਵਾਰ ਨੂੰ ਵਿੱਤੀ ਸਾਲ 2024-25 ਲਈ ਸੂਬੇ ਦਾ 2 ਲੱਖ 4 ਹਜ਼ਾਰ 918 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਜਟ ਮੁੱਖ ਤੌਰ ‘ਤੇ ਸਿਹਤ ਅਤੇ ਸਿੱਖਿਆ ਖੇਤਰਾਂ ‘ਤੇ ਕੇਂਦਰਿਤ ਹੈ। ਪੰਜਾਬ ਵਿਧਾਨ ਸਭਾ ਵਿੱਚ ਬਜਟ ਪੇਸ਼ ਕਰਦਿਆਂ ਚੀਮਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਕੋਈ ਨਵਾਂ ਟੈਕਸ ਨਹੀਂ ਲਗਾਇਆ ਗਿਆ, ਜਿਸ ਨਾਲ 2024-25 ਵਿੱਚ ਕੁੱਲ 1 ਲੱਖ 3 ਹਜ਼ਾਰ 936 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਣ ਦੀ ਉਮੀਦ ਹੈ, ਜਿਸ ਵਿੱਚੋਂ ਆਪਣਾ ਟੈਕਸ ਮਾਲੀਆ 58 ਹਜ਼ਾਰ 900 ਕਰੋੜ ਰੁਪਏ ਹੋਵੇਗਾ। ਉਨ੍ਹਾਂ ਕਿਹਾ ਕਿ ਸੂਬੇ ਨੂੰ ਕੇਂਦਰੀ ਟੈਕਸਾਂ ਤੋਂ ਆਪਣੇ ਹਿੱਸੇ ਵਜੋਂ 22 ਹਜ਼ਾਰ 41 ਕਰੋੜ ਰੁਪਏ ਅਤੇ ਕੇਂਦਰ ਤੋਂ ਸਹਾਇਤਾ ਵਜੋਂ 11 ਹਜ਼ਾਰ 748 ਕਰੋੜ ਰੁਪਏ ਮਿਲਣਗੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਦੋ ਸਾਲਾਂ ਵਿੱਚ 40 ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ ਹਨ। ਵਿੱਤ ਮੰਤਰੀ ਚੀਮਾ ਨੇ ਕਿਹਾ ਕਿ 2 ਲੱਖ ਕਰੋੜ ਰੁਪਏ ਤੋਂ ਵੱਧ ਦੇ ਕੁੱਲ ਸਾਲਾਨਾ ਖਰਚੇ ਵਿੱਚੋਂ 13 ਹਜ਼ਾਰ 784 ਕਰੋੜ ਰੁਪਏ ਖੇਤੀਬਾੜੀ ਲਈ ਅਤੇ 16 ਹਜ਼ਾਰ 987 ਕਰੋੜ ਰੁਪਏ ਸਿੱਖਿਆ ਲਈ ਰੱਖੇ ਗਏ ਹਨ। ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਵਿਚ ਮੁਫਤ ਤੀਰਥ ਯਾਤਰਾ, ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਮੁਫਤ ਸਫਰ ਦੀ ਸਹੂਲਤ ਅਤੇ ਮੁਫਤ ਬਿਜਲੀ ਵਾਲੀ ਸਹੂਲਤ ਵੀ ਜਾਰੀ ਰਹੇਗੀ।
ਬਜਟ ਵਿਚ ਨਾ ਕੋਈ ਨਵਾਂ ਟੈਕਸ ਲਾਇਆ ਗਿਆ ਅਤੇ ਨਾ ਹੀ ਵੋਟਰਾਂ ਨੂੰ ਲੁਭਾਉਣ ਲਈ ਕੋਈ ਨਵੇਂ ਐਲਾਨ ਕੀਤੇ ਗਏ। ਵਿੱਤ ਮੰਤਰੀ ਚੀਮਾ ਨੇ ਸੂਬੇ ਵਿਚ ਵਿੱਤੀ ਤੰਗੀ ਦੇ ਮੱਦੇਨਜ਼ਰ ਵਿੱਤੀ ਸੰਜਮ ਦਾ ਰਾਹ ਅਖਤਿਆਰ ਕੀਤਾ ਜਿਸ ਕਾਰਨ ਕਿਸੇ ਵੀ ਵਰਗ ਲਈ ਬਜਟ ਵਿਚ ਤੋਹਫ਼ਾਨੁਮਾ ਝਲਕ ਦੇਖਣ ਨੂੰ ਨਹੀਂ ਮਿਲੀ। ‘ਆਪ’ ਸਰਕਾਰ ਦੇ ਕਾਰਜਕਾਲ ਦੇ ਤੀਜੇ ਬਜਟ ਦਾ ਰੰਗ ਪਿਛਲੇ ਵਰ੍ਹੇ ਨਾਲੋਂ ਵੱਖਰਾ ਨਜ਼ਰ ਆਇਆ।
ਬਜਟ ਵਿਚ ਮੁੱਖ ਤੌਰ ‘ਤੇ ਸਿਹਤ, ਸਿੱਖਿਆ, ਖੇਤੀ ਅਤੇ ਜਨਤਕ ਬੁਨਿਆਦੀ ਢਾਂਚੇ ‘ਤੇ ਧਿਆਨ ਦਿੱਤਾ ਗਿਆ ਹੈ। ਇਸ ਬਜਟ ਵਿਚ 1,27,134 ਕਰੋੜ ਦੇ ਮਾਲੀਆ ਖਰਚਿਆਂ ਦੇ ਮੁਕਾਬਲੇ 1,03,936 ਕਰੋੜ ਦੇ ਮਾਲੀਆ ਪ੍ਰਾਪਤੀਆਂ ਦਾ ਟੀਚਾ ਤੈਅ ਕੀਤਾ ਗਿਆ ਹੈ। ਇਸ ਬਜਟ ਵਿੱਚ ਮਾਲੀਆ ਘਾਟਾ 23,198.14 ਕਰੋੜ ਦਾ ਰਹੇਗਾ। ਦੂਜੇ ਪਾਸੇ 38,331.48 ਕਰੋੜ ਦਾ ਮਾਰਕੀਟ ਕਰਜ਼ ਲਿਆ ਜਾਵੇਗਾ। ਬਜਟ ਅਨੁਸਾਰ ਮਾਲੀਆ ਪ੍ਰਾਪਤੀਆਂ ਦਾ ਕਰੀਬ 52.88 ਫੀਸਦੀ ਤਨਖਾਹਾਂ ਤੇ ਪੈਨਸ਼ਨਾਂ ‘ਤੇ ਚਲਾ ਜਾਵੇਗਾ ਜਦਕਿ 35.37 ਫੀਸਦੀ ਕਰਜ਼ੇ ਦੀ ਅਦਾਇਗੀ ‘ਤੇ ਚਲਾ ਜਾਵੇਗਾ। ਇਸੇ ਤਰ੍ਹਾਂ ਬਿਜਲੀ ਸਬਸਿਡੀਆਂ ‘ਤੇ ਮਾਲੀਆ ਪ੍ਰਾਪਤੀਆਂ ਦਾ 19.4 ਫੀਸਦੀ ਖਰਚ ਹੋਵੇਗਾ।
ਪੰਜਾਬ ਸਿਰ ਕਰਜ਼ਾ ਮਾਰਚ 2025 ਤੱਕ ਵਧ ਕੇ 3.74 ਲੱਖ ਕਰੋੜ ਹੋ ਜਾਵੇਗਾ। ਬਜਟ ‘ਚ ਫਸਲੀ ਖਰੀਦ ਵਾਸਤੇ ਕੋਈ ਵਿੱਤੀ ਸਹਾਇਤਾ ਜਾਂ ਕੀਮਤ ਸਥਿਰਤਾ ਫੰਡ ਵਗੈਰਾ ਨਹੀਂ ਐਲਾਨਿਆ ਗਿਆ ਹੈ ਪਰ ਫਸਲੀ ਵਿਭਿੰਨਤਾ ਲਈ 575 ਕਰੋੜ ਰੁਪਏ ਰੱਖੇ ਗਏ ਹਨ। ਵਿੱਤ ਮੰਤਰੀ ਚੀਮਾ ਨੇ ਬਜਟ ਪ੍ਰਸਤਾਵ ਪੇਸ਼ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਸੂਬੇ ਦੇ ਅੱਠ ਹਜ਼ਾਰ ਕਰੋੜ ਦੇ ਫੰਡ ਰੋਕ ਲਏ ਹਨ ਪਰ ਸੂਬਾ ਸਰਕਾਰ ਟੈਕਸ ਮਾਲੀਏ ਨੂੰ 13 ਫੀਸਦੀ ਵਧਾਉਣ ਵਿਚ ਸਫਲ ਰਹੀ ਹੈ ਅਤੇ ਆਬਕਾਰੀ ਡਿਊਟੀ ਤੋਂ ਮਾਲੀਆ 10 ਹਜ਼ਾਰ ਕਰੋੜ ਨੂੰ ਪਾਰ ਕਰ ਜਾਵੇਗਾ।
ਚੀਮਾ ਨੇ ਖੇਤੀ ਲਈ 13,784 ਕਰੋੜ ਦੀ ਤਜਵੀਜ਼ ਪੇਸ਼ ਕਰਦਿਆਂ ਕਿਹਾ ਕਿ ਖੇਤੀ ਸੈਕਟਰ ਨੂੰ ਮੁਫਤ ਬਿਜਲੀ ਦੀ ਸਹੂਲਤ ਜਾਰੀ ਰਹੇਗੀ ਜਿਸ ਵਾਸਤੇ 9,330 ਕਰੋੜ ਰੁਪਏ ਰੱਖੇ ਗਏ ਹਨ।
ਬਜਟ ਪ੍ਰਸਤਾਵਾਂ ‘ਚ ਪੂੰਜੀਗਤ ਖਰਚਾ ਘਟਾ ਕੇ 7,445.03 ਕਰੋੜ ਕਰ ਦਿੱਤਾ ਗਿਆ ਹੈ ਜਦਕਿ ਸਾਲ 2023-24 ‘ਚ ਇਹ ਟੀਚਾ 10,354.53 ਕਰੋੜ ਦਾ ਸੀ।
ਵਿੱਤ ਮੰਤਰੀ ਨੇ 18 ਸਾਲ ਤੋਂ ਉਪਰ ਦੀਆਂ ਔਰਤਾਂ ਲਈ ਇੱਕ ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਨਹੀਂ ਕੀਤਾ। ਚੀਮਾ ਨੇ ਬਜਟ ਨੂੰ ਪੰਜਾਬ ਦੇ ਟਿਕਾਊ ਤੇ ਖੁਸ਼ਹਾਲ ਭਵਿੱਖ ਦਾ ਰੋਡਮੈਪ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਜੀਐੱਸਟੀ ਕੁਲੈਕਸ਼ਨ, ਬਿਜਲੀ ਡਿਊਟੀ, ਵਾਹਨਾਂ ਤੇ ਟੈਕਸਾਂ ਅਤੇ ਸਟੈਂਪ ਡਿਊਟੀ ਕੁਲੈਕਸ਼ਨ ਵਿਚ ਵਾਧੇ ਤੋਂ ਕਾਫੀ ਉਮੀਦਾਂ ਹਨ। ਬਜਟ ਵਿਚ ਸਿੱਖਿਆ ਲਈ 16,987 ਅਤੇ ਸਿਹਤ ਲਈ 5,264 ਕਰੋੜ ਰੁਪਏ ਰੱਖੇ ਗਏ ਹਨ। ਬੁਨਿਆਦੀ ਢਾਂਚੇ ਦੇ ਵਿਕਾਸ ਲਈ 24,283 ਕਰੋੜ ਰੁਪਏ ਰੱਖੇ ਗਏ ਹਨ।
ਉਦਯੋਗਿਕ ਖੇਤਰ ਲਈ 3,367 ਕਰੋੜ ਜਦਕਿ ਨਸ਼ਾ ਛੁਡਾਊ ਪਹਿਲਕਦਮੀ ਵਾਸਤੇ 70 ਕਰੋੜ ਦਾ ਫੰਡ ਰੱਖਿਆ ਗਿਆ ਹੈ। ਬਜਟ ‘ਚ 100 ਪ੍ਰਾਇਮਰੀ ਸਕੂਲਾਂ ਨੂੰ ‘ਸਕੂਲ ਆਫ ਹੈਪੀਨੈੱਸ’ ਵਿਚ ਤਬਦੀਲ ਕਰਨ ਦੀ ਵਿਵਸਥਾ ਕੀਤੀ ਗਈ ਹੈ। ਬਜਟ ਵਿਚ ਖੇਡ ਨਰਸਰੀਆਂ ਬਣਾਉਣ ਦਾ ਐਲਾਨ ਕੀਤਾ ਗਿਆ ਹੈ ਅਤੇ ਮਾਲਵਾ ਨਹਿਰ ਨੂੰ ਮੁੱਖ ਪ੍ਰਾਜੈਕਟ ਵਜੋਂ ਉਭਾਰਿਆ ਗਿਆ ਹੈ।
ਚੀਮਾ ਨੇ ਆਪਣੇ 1.20 ਘੰਟੇ ਦੇ ਭਾਸ਼ਨ ਵਿਚ ਔਰਤਾਂ ਲਈ ਮੁਫਤ ਬੱਸ ਯਾਤਰਾ ਸਹੂਲਤ ਵਾਸਤੇ 450 ਕਰੋੜ ਅਤੇ ਮੁੱਖ ਮੰਤਰੀ ਤੀਰਥ ਯਾਤਰਾ ਲਈ 25 ਕਰੋੜ ਦੇ ਫੰਡ ਰੱਖਣ ਦਾ ਜ਼ਿਕਰ ਕੀਤਾ। ਗ੍ਰਹਿ ਤੇ ਨਿਆਂ ਵਿਭਾਗ ਲਈ 10,635 ਕਰੋੜ ਅਲਾਟ ਕੀਤੇ ਗਏ ਹਨ ਅਤੇ ਸਮਾਜ ਭਲਾਈ ਸਕੀਮਾਂ ਲਈ 9,388 ਕਰੋੜ ਰੱਖੇ ਗਏ ਹਨ। ਈਕੋ ਟੂਰਿਜ਼ਮ ਪ੍ਰਾਜੈਕਟ ਲਾਗੂ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ।
‘ਰੰਗਲਾ ਪੰਜਾਬ’ ਬਣਾਉਣ ਵੱਲ ਅਹਿਮ ਕਦਮ : ਭਗਵੰਤ ਮਾਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਪੇਸ਼ ਕੀਤੇ ਬਜਟ 2024-25 ਦੀ ਸ਼ਲਾਘਾ ਕਰਦਿਆਂ ਇਸ ਨੂੰ ਸੂਬੇ ਦੇ ਸਮੁੱਚੇ, ਬਰਾਬਰ ਅਤੇ ਵਿਆਪਕ ਵਿਕਾਸ ਰਾਹੀਂ ‘ਰੰਗਲਾ ਪੰਜਾਬ’ ਬਣਾਉਣ ਦੀ ਦਿਸ਼ਾ ਵੱਲ ਕਦਮ ਦੱਸਿਆ। ਉਨ੍ਹਾਂ ਕਿਹਾ ਕਿ ‘ਜ਼ੀਰੋ ਟੈਕਸ’ ਬਜਟ ‘ਚ ਸਾਰੇ ਮੁੱਖ ਖੇਤਰਾਂ ਜਿਵੇਂ ਸਿਹਤ, ਸਿੱਖਿਆ, ਬਿਜਲੀ, ਬੁਨਿਆਦੀ ਢਾਂਚਾ, ਉਦਯੋਗ, ਖੇਡਾਂ, ਸਮਾਜਿਕ ਸੁਰੱਖਿਆ ਅਤੇ ਹੋਰ ਖੇਤਰਾਂ ਵੱਲ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਗਿਆ ਹੈ ਜੋ ਸੂਬੇ ਦੇ ਵਿਕਾਸ ਲਈ ਨਵੇਂ ਰਾਹ ਖੋਲ੍ਹੇਗਾ। ਉਨ੍ਹਾਂ ਕਿਹਾ ਕਿ ਇਹ ਬਜਟ ਸੂਬੇ ਦੇ ਸਮੁੱਚੇ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕਰੇਗਾ ਅਤੇ ਸਮਾਜ ਦੇ ਸਾਰੇ ਵਰਗਾਂ ਖਾਸ ਕਰ ਕੇ ਗਰੀਬ ਤੇ ਪਛੜੇ ਵਰਗਾਂ ਦੀ ਖੁਸ਼ਹਾਲੀ ਯਕੀਨੀ ਬਣਾਏਗਾ।
ਕਰਜ਼ੇ ਦੀ ਪੰਡ ਦਾ ਵਧੇਗਾ ਬੋਝ
ਨਵੇਂ ਬਜਟ ਅਨੁਮਾਨ ਅਨੁਸਾਰ ਮਾਲੀ ਵਰ੍ਹਾ 2024-25 ਦੇ ਅਖੀਰ ਤੱਕ ਸੂਬੇ ਸਿਰ ਕਰਜ਼ਾ ਵੱਧ ਕੇ 3,74,091.31 ਕਰੋੜ ਹੋ ਜਾਵੇਗਾ।
‘ਆਪ’ ਸਰਕਾਰ ਨੂੰ ਵਿਰਾਸਤ ‘ਚ 2.83 ਲੱਖ ਕਰੋੜ ਦਾ ਕਰਜ਼ਾ ਮਿਲਿਆ ਸੀ। ਕਰੀਬ ਲੰਘੇ ਦੋ ਸਾਲਾਂ (ਜਨਵਰੀ 2024 ਤੱਕ) ਦੌਰਾਨ ‘ਆਪ’ ਸਰਕਾਰ ਨੇ 59,994.29 ਕਰੋੜ ਦਾ ਕਰਜ਼ ਚੁੱਕਿਆ ਹੈ। ਵਰ੍ਹਾ 2024-25 ਦੌਰਾਨ ਸਰਕਾਰ ਦਾ 38,331.48 ਕਰੋੜ ਦਾ ਨਵਾਂ ਕਰਜ਼ ਚੁੱਕਣ ਦਾ ਅਨੁਮਾਨ ਹੈ ਅਤੇ ਇਸ ਵਿੱਤੀ ਵਰ੍ਹੇ ਦੌਰਾਨ ਸਰਕਾਰ ਨੇ 36,766.56 ਕਰੋੜ ਦਾ ਕਰਜ਼ਾ ਉਤਾਰਨ ਦਾ ਉਪਬੰਦ ਕੀਤਾ ਹੈ ਜਿਸ ਵਿਚ 23,900 ਕਰੋੜ ਦੇ ਵਿਆਜ ਦੀ ਅਦਾਇਗੀ ਵੀ ਸ਼ਾਮਿਲ ਹੈ।
ਸਰਕਾਰ ਨੇ ਬਜਟ ‘ਚ ਪੰਜਾਬੀਆਂ ਨਾਲ ਧੋਖਾ ਕੀਤਾ: ਸੁਖਬੀਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਸਾਲ 2024-25 ਦੇ ਬਜਟ ਵਿੱਚ ਪੰਜਾਬੀਆਂ ਨਾਲ ਵੱਡਾ ਧੋਖਾ ਕੀਤਾ ਹੈ। ਉਨ੍ਹਾਂ ਆਰੋਪ ਲਾਇਆ ਕਿ ਇਸ ਬਜਟ ਵਿੱਚ ਹਰ ਵਰਗ ਨੂੰ ਹੀ ਨਾਰਾਜ਼ ਕੀਤਾ ਗਿਆ ਹੈ। ਬਜਟ ਵਿੱਚ ਦੋ ਸਾਲ ਪਹਿਲਾਂ ‘ਆਪ’ ਸਰਕਾਰ ਵੱਲੋਂ ਮਹਿਲਾਵਾਂ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦੇ ਕੀਤੇ ਵਾਅਦੇ ਵਾਸਤੇ ਕੋਈ ਪੈਸਾ ਨਹੀਂ ਰੱਖਿਆ ਗਿਆ। ਇਸ ਦੇ ਨਾਲ ਹੀ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਵਾਸਤੇ ਵੀ ਕੋਈ ਪੈਸਾ ਨਹੀਂ ਰੱਖਿਆ, ਜਦਕਿ ਇਸ ਦਾ ਨੋਟੀਫਿਕੇਸ਼ਨ ਇੱਕ ਸਾਲ ਪਹਿਲਾਂ ਜਾਰੀ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਨੌਜਵਾਨਾਂ ਤੇ ਉਦਯੋਗਿਕ ਖੇਤਰ ਨਾਲ ਮਜ਼ਾਕ ਕੀਤਾ ਹੈ। ਪੰਜਾਬ ਉੱਦਮਤਾ ਸਕੀਮ ਵਾਸਤੇ ਸਿਰਫ 15 ਕਰੋੜ ਰੁਪਏ ਰੱਖੇ ਗਏ ਹਨ। ਪੰਜਾਬ ਹੁਨਰ ਵਿਕਾਸ ਤੇ ਸੀ ਪਾਈਟ ਸਕੀਮ ਵਾਸਤੇ ਸਿਰਫ਼ 46 ਕਰੋੜ ਰੁਪਏ ਰੱਖੇ ਗਏ ਹਨ। ਬਾਦਲ ਨੇ ਕਿਹਾ ਕਿ ਕੁਦਰਤੀ ਆਫ਼ਤਾਂ ਵਾਸਤੇ ਸਰਕਾਰ ਨੇ ਸਿਰਫ 130 ਕਰੋੜ ਰੁਪਏ ਰੱਖੇ ਹਨ, ਜਦਕਿ ਪਿਛਲੀ ਅਕਾਲੀ ਦਲ ਦੀ ਸਰਕਾਰ ਨੇ ਸਿਰਫ਼ ਇਕ ਸਾਲ ਵਿੱਚ ਹੀ ਹੜ੍ਹਾਂ ਨਾਲ ਹੋਏ ਨੁਕਸਾਨ ਬਦਲੇ 650 ਕਰੋੜ ਰੁਪਏ ਦੀ ਰਾਹਤ ਦਿੱਤੀ ਸੀ। ਨਵੇਂ ਉਦਯੋਗਾਂ ਨੂੰ ਹੱਲਾਸ਼ੇਰੀ ਦੇਣ ਵਾਸਤੇ ਸਿਰਫ 50 ਕਰੋੜ ਰੁਪਏ ਰੱਖ ਕੇ ਸਨਅਤ ਨਾਲ ਵੀ ਮਜ਼ਾਕ ਕੀਤਾ ਹੈ।
ਬਜਟ ਵਿੱਚ ਕਿਸਾਨਾਂ, ਔਰਤਾਂ, ਨੌਜਵਾਨਾਂ ਤੇ ਸਨਅਤਾਂ ਲਈ ਕੁਝ ਨਹੀਂ: ਵੜਿੰਗ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ‘ਆਪ’ ਸਰਕਾਰ ਦੇ ਬਜਟ ਵਿੱਚ ਪੰਜਾਬ ਦੇ ਸਮਾਜਿਕ ਤਾਣੇ-ਬਾਣੇ ਦੇ ਚਾਰ ਥੰਮ੍ਹਾਂ ਕਿਸਾਨ, ਔਰਤਾਂ, ਨੌਜਵਾਨ ਤੇ ਉਦਯੋਗ ਲਈ ਕੁਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੇ ਪੰਜਾਬ ਵਿੱਚ 16 ਮੈਡੀਕਲ ਕਾਲਜ ਬਣਾਉਣ ਦਾ ਵਾਅਦਾ ਕੀਤਾ ਸੀ, ਪਰ ਅਜੇ ਤੱਕ ਇਸ ਲਈ ਕੁਝ ਨਹੀਂ ਕੀਤਾ ਗਿਆ। ਬਜਟ ਵਿੱਚ ਅਜਿਹੇ ਕਾਲਜਾਂ ਲਈ ਕੋਈ ਵਿਵਸਥਾ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ‘ਆਪ’ ਨੇ ਚੋਣ ਮੁਹਿੰਮ ਦੌਰਾਨ ਮਾਈਨਿੰਗ ਤੋਂ ਮਾਲੀਆ ਇਕੱਠਾ ਕਰਨ ਦਾ ਦਾਅਵਾ ਕੀਤਾ ਸੀ, ਪਰ ਬਜਟ ਵਿੱਚ ਕੋਈ ਜ਼ਿਕਰ ਨਹੀਂ ਹੈ। ਬਜਟ ਵਿੱਚ ਕੁਦਰਤੀ ਆਫ਼ਤਾਂ ਲਈ ਬਹੁਤ ਮਾਮੂਲੀ ਰਕਮ ਰੱਖੀ ਗਈ ਹੈ। ਔਰਤਾਂ ਲਈ ਹਜ਼ਾਰ ਰੁਪਏ ਪੈਨਸ਼ਨ ਦਾ ਕੋਈ ਜ਼ਿਕਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਾਲਾਨਾ ਔਸਤਨ 30,000 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਲਿਆ ਜਾ ਰਿਹਾ ਹੈ।
ਬਜਟ ‘ਚ ਕਿਸਾਨ, ਫਸਲੀ ਵਿਭਿੰਨਤਾ ਅਤੇ ਉਦਯੋਗ ਵਿਸਾਰੇ: ਜਾਖੜ
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੂਬਾ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਨੂੰ ਕਿਸਾਨ ਭਾਈਚਾਰੇ ਦੀ ਪਿੱਠ ‘ਚ ਛੁਰਾ ਮਾਰਨ ਵਾਲਾ ਬਜਟ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਵਿੱਤ ਵਰ੍ਹੇ 2024-25 ਦੇ ਬਜਟ ਵਿੱਚ ਕਿਸਾਨਾਂ, ਫਸਲੀ ਵਿਭਿੰਨਤਾ, ਧਰਤੀ ਹੇਠਲੇ ਪਾਣੀ ਦੀ ਸੰਭਾਲ ਤੇ ਉਦਯੋਗਾਂ ਨੂੰ ਸੁਰਜੀਤ ਕਰਨ ਲਈ ਕੋਈ ਰੋਡਮੈਪ ਨਹੀਂ ਦਿੱਤਾ ਗਿਆ। ਇਹ ‘ਆਪ’ ਸਰਕਾਰ ਦਾ ਤੀਜਾ ਸਾਲ ਹੈ ਪਰ ਸਰਕਾਰ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਕੱਢਿਆ ਅਤੇ ਨਾ ਹੀ ਉਨ੍ਹਾਂ ਨਾਲ ਕੀਤੇ ਵਾਅਦੇ ਪੁਗਾਏ ਹਨ। ਜਾਖੜ ਨੇ ਕਿਹਾ ਕਿ ਪੰਜਾਬ ਦੇ ਸਿਰ ਕਰਜ਼ਾ ਲਗਾਤਾਰ ਵਧ ਰਿਹਾ ਹੈ। ਇਸ ਵਾਰ ਪੰਜਾਬ ਦਾ ਬਜਟ 2 ਲੱਖ ਕਰੋੜ ਰੁਪਏ ਦਾ ਬਜਟ ਹੈ ਅਤੇ ਕਰਜ਼ਾ 4 ਲੱਖ ਕਰੋੜ ਰੁਪਏ ਦੇ ਕਰੀਬ ਪਹੁੰਚਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਬਜਟ ਵਿੱਚ ਸ਼ਹਿਰੀ ਵਿਕਾਸ ਤੇ ਸ਼ਹਿਰਾਂ ਦੇ ਬੁਨਿਆਦੀ ਢਾਂਚੇ ਦੇ ਰੱਖ-ਰਖਾਅ ਲਈ ਕੋਈ ਯੋਜਨਾ ਤਿਆਰ ਨਹੀਂ ਕੀਤੀ ਹੈ।
ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਦੇ ਬਾਹਰ ਸੂਬਾ ਸਰਕਾਰ ਵਿਰੁੱਧ ਦਿੱਤਾ ਧਰਨਾ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿੱਚ ਬਜਟ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਦੇ ਬਾਹਰ ਸੂਬਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਾਂਗਰਸੀ ਤੇ ਦਲਿਤ ਵਿਧਾਇਕ ਦਾ ਅਪਮਾਨ ਕਰਨ ਦੇ ਆਰੋਪ ਲਗਾਏ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਹਰਿਆਣਾ ਸਰਕਾਰ ਪੰਜਾਬ ਦੀ ਧਰਤੀ ‘ਤੇ ਆ ਕੇ ਪੰਜਾਬ ਦੇ ਕਿਸਾਨਾਂ ‘ਤੇ ਹਮਲੇ ਕਰ ਰਹੀ ਹੈ, ਪਰ ਪੰਜਾਬ ਸਰਕਾਰ ਬੈਠੀ ਦੇਖ ਰਹੀ ਹੈ। ਇਸੇ ਦੌਰਾਨ ਵਿਧਾਨ ਸਭਾ ਵਿੱਚ ਬਜਟ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਕਾਂਗਰਸੀ ਵਿਧਾਇਕ ਰਾਜ ਕੁਮਾਰ ਚੱਬੇਵਾਲ ਸਿਰ ‘ਤੇ ਕਰਜ਼ੇ ਦੀ ਭੰਡ ਰੱਖ ਕੇ ਵਿਧਾਨ ਸਭਾ ਪਹੁੰਚੇ। ਉਨ੍ਹਾਂ ਕਿਹਾ ਕਿ ‘ਆਪ’ ਨੇ ਚੋਣਾਂ ਸਮੇਂ ਸੂਬੇ ਸਿਰ ਚੜ੍ਹੇ ਕਰਜ਼ੇ ਨੂੰ ਘਟਾਉਣ ਦਾ ਵਾਅਦਾ ਕੀਤਾ ਸੀ, ਪਰ ਬਦਵਾਅ ਵਾਲੀ ਸਰਕਾਰ ਦੇ ਕਾਰਜਕਾਲ ਵਿੱਚ ਕਰਜ਼ਾ ਲਗਤਾਰਾ ਵਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਿਰ ਦੋ ਸਾਲਾਂ ਵਿੱਚ 70 ਹਜ਼ਾਰ ਕਰੋੜ ਦਾ ਕਰਜ਼ਾ ਹੋਰ ਚੜ੍ਹ ਗਿਆ ਹੈ।

 

Check Also

ਵਾਤਾਵਰਣ ਸੰਬੰਧਤ ਵਿਗਿਆਨ ਗਲਪ ਕਹਾਣੀ

ਤਰਲ ਰੁੱਖ (ਕੰਕਰੀਟ ਦਾ ਜੰਗਲ ਤੇ ਕੁਦਰਤ ਦੀ ਵਾਪਸੀ) ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) …