ਪ੍ਰਿੰਸੀਪਲ ਪਾਖਰ ਸਿੰਘ
ਪੰਜਾਬੀ ਸੂਰਮਿਆਂ ਦੀ ਧਰਤੀ ਹੈ। ਇਸ ਪਵਿੱਤਰ ਧਰਤ ਨੂੰ ਅਜਿਹੇ ਯੋਧੇ ਪੈਦਾ ਕਰਨ ਦਾ ਮਾਣ ਪ੍ਰਾਪਤ ਹੈ ਜਿਹਨਾਂ ਨੇਂ ਵਤਨ ਦੀ ਖਾਤਿਰ ਆਪਾ ਵਾਰਿਆ।ਆਜਾਦੀ ਦੇ ਇਹ ਵਣਜਾਰੇ ਅਜਿਹੇ ਨਜ਼ਾਮ ਦੇ ਲੋਚਕ ਸਨ ਜਿਸ ਵਿੱਚ ਹਰ ਬਸ਼ਰ ਆਜਾਦ ਫਿਜ਼ਾ ਵਿੱਚ ਵਿਚਰ ਸਕੇ ਅਤੇ ਉਸ ਦੀਆਂ ਬੁਨਿਆਦੀ ਲੋੜ੍ਹਾਂ ਦੀ ਪੂਰਤੀ ਹੋ ਸਕੇ ਇਹਨਾਂ ਸੂਰਮਿਆਂ ਨੂੰ ਆਪਾ ਪਿਆਰਾ ਨਹੀਂ ਸਗੋਂ ਵਤਨ ਪਿਆਰਾ ਸੀ। ਅਜਿਹੀ ਭਾਵਨਾਂ ਰੱਖਣ ਵਾਲੇ ਮਹਾਨ ਯੋਧਿਆਂ ਵਿੱਚੋਂ ਮਾਸਟਰ ਮੋਤਾਂ ਸਿੰਘ ਦਾ ਨਾਂ ਉੱਭਰਵਾਂ ਹੈ ਜਿਹਨਾਂ ਨੈਂ ਬੱਬਰ ਅਕਾਲੀ ਲਹਿਰ ਵਿੱਚ ਸਰਗਰਮੀ ਨਾਲ ਭਾਗ ਲੈਣ ਕਾਰਨ ਪੈਂਤੀ ਸਾਲਾਂ ਦਾ ਸਮਾਂ ਜੇਲ੍ਹਾਂ ਵਿੱਚ ਗੁਜਾਰਿਆ। ਸੂਰਬੀਰ ਦੇਸ਼ ਬੁਲਾਰੇ ਮਾਸਟਰ ਮੋਤਾਂ ਸਿੰਘ ਦਾ ਜਨਮ ਪਿੰਡ ਪਤਾਰਾ ਜਿਲ੍ਹਾ ਜਲੰਧਰ ਵਿਖੇ 5-2-1981 ਨੂੰ ਹੋਇਆ। ਇਹ ਪਿੰਡ ਜਲੰਧਰ ਛਾਉਣੀਂ ਤੋਂ ਹੁਸ਼ਿਆਰਪੁਰ ਜਾਂਦੀ ਸੜਕ ਤੇ ਬੁਲੀਨਾ ਦੁਆਬਾ ਰੇਲਵੇ ਸਟੇਸ਼ਨ ਦੇ ਨੇੜ੍ਹੇ ਸਥਿਤ ਹੈ। ਆਪ ਦੀ ਮਾਤਾ ਦਾ ਨਾਂ ਰਲੀ ਅਤੇ ਪਿਤਾ ਦਾ ਨਾਂ ਸਰਦਾਰ ਗੋਪਾਲ ਸਿੰਘ ਸੀ। ਆਪ ਦੇ ਮਾਤਾ ਪਿਤਾ ਭਾਵੇਂ ਅਨਪੜ੍ਹ ਸਨ ਪ੍ਰੰਤੂ ਉਹਨਾਂ ਦੀ ਸੱਧਰ ਸੀ ਕਿ ਉਹਨਾਂ ਦਾ ਪੁੱਤਰ ਵੱਧ ਤੋਂ ਵੱਧ ਸਿੱਖਿਆ ਪ੍ਰਾਪਤ ਕਰੇ। ਆਪ ਅਖਾਉਤੀ ਝੀਅਰ ਜਾਤੀ ਨਾਲ ਸੰਬਧਿਤ ਸਨ। ਸਮਕਾਲੀ ਸਮਾਜ ਵਿੱਚ ਜਾਤ-ਪਾਤ ਜੋਰਾਂ ਤੇ ਸੀ। ਅਖਾਉਤੀ ਅਛੂਤ ਸ਼੍ਰੇਣੀਆਂ ਨਾਲ ਹੈਵਾਨਾਂ ਤੋਂ ਵੀ ਭੈੜਾ ਸਲੂਕ ਕੀਤਾ ਜਾਂਦਾ ਸੀ। ਇਹਨਾਂ ਕਿਰਤੀਆਂ ਸ਼੍ਰੇਣੀਆਂ ਨਾਲ ਸੰਬਧਿਤ ਪਰਿਵਾਰਾਂ ਦੇ ਬਚਿੱਆਂ ਲਈ ਉਹਨਾਂ ਦਿਨੀਂ ਵਿੱਿਦਅਕ ਅਦਾਰਿਆਂ ਦੇ ਦਰਵਾਜੇ ਉੱਕਾ ਹੀ ਬੰਦ ਸਨ। ਉਂਝ ਵੀ ਉਸ ਸਮੇਂ ਪਿੰਡ ਪਤਾਰੇ ਵਿੱਚ ਕੋਈ ਸਕੂਲ ਨਹੀਂ ਸੀ। ਮੌਲਵੀ ਫਤਿਹ ਆਪਣੇਂ ਘਰ ਵਿੱਚ ਮਦਰੱਸਾ ਲਗਾਉਂਦਾ ਸੀ। ਇਸ ਦੇ ਬਦਲੇ ਵਿਦਿਆਰਥੀ ਮੌਲਵੀ ਦੇ ਪਸ਼ੂ ਚਾਰਦੇ, ਚੱਕੀ ਪੀਹਂਦੇ ਤੇ ਕੱਪੜੇ ਧੋ ਕੇ ਦਿੰਦੇ ਸਨ। ਖੈਰ, ਮੋਤਾ ਸਿੰਘ ਨੇ ਮੌਲਵੀ ਦੀ ਖੂਬ ਸੇਵਾ ਕਰਕੇ ਮੁਢਲੀ ਸਿੱਖਿਆ ਪ੍ਰਾਪਤ ਕੀਤੀ। ਤੇਜ ਬੁੱਧੀ ਦੇ ਮਾਲਕ ਮੋਤਾ ਸਿੰਘ ਦੀ ਲਿਖਤ ਬਹੁਤ ਸੁੰਦਰ ਸੀ ਤੇ ਗਣਿਤ ਦੇ ਪ੍ਰਸ਼ਨ ਆਪ ਜ਼ੁਬਾਨੀਂ ਹੱਲ ਕਰ ਲੈਂਦੇ ਸਨ। ਜਾਤ-ਅਭਿਮਾਨੀਂ ਪਿੰਡ ਵਾਲਿਆਂ ਨੇਂ ਵਿੱਦਿਆ ਪ੍ਰਾਪਤੀ ਸਮੇਂ ਬਹੁਤ ਰੋੜੇ ਅਟਕਾਏ।ਆਪ ਨੂੰ ਤੰਗ ਕੀਤਾ ਜਾਂਦਾ ਤੇ ਕਈ ਦਫਾ ਬਸਤਾ ਰਾਹ ਵਿੱਚੋਂ ਹੀ ਖੋਹ ਲੈਂਦੇ ਸਨ। ਪ੍ਰੰਤੂ ਏਨੀਆਂ ਮੁਸ਼ਕਿਲਾਂ ਦੇ ਬਾਵਜੂਦ ਆਪ ਦ੍ਰਿੜ ਰਹੇ। ਮੈਟ੍ਰਿਕ ਦੀ ਪ੍ਰੀਖਿਆ ਦੁਆਬਾ ਸਕੂਲ,ਜਲੰਧਰ ਤੋਂ ਪ੍ਰਾਪਤ ਕੀਤੀ ਤੇ ਬੀ ਏ ਦੀ ਡਿਗਰੀ ਕਿਸੇ ਸਮਾਜੀ ਅਦਾਰੇ ਰਾਹੀਂ ਲਾਹੌਰ ਤੋਂ ਪ੍ਰਾਪਤ ਕੀਤੀ। ਆਪ ਫਾਰਸੀ, ਸੰਸਕ੍ਰਿਤ ਤੇ ਪੰਜਾਬੀ ਦੇ ਬਹੁਤ ਗਿਆਤਾ ਸਨ। ਜਲਿੱਆਂਵਾਲੇ ਬਾਗ ਅਮ੍ਰਿਤਸਰ ਦੇ ਖੂਨੀ ਕਾਂਡ ਉਪਰੰਤ ਆਪ ਦਾ ਮਨ ਵਲੂੰਦਰਿਆ ਗਿਆ। ਉਹਨਾਂ ਦਿਨਾਂ ਵਿੱਚ ਆਪ ਖਾਲਸਾ ਹਾਈ ਸਕੂਲ ਦੇ ਹੈਡਮਾਸਟਰ ਸਨ। ਜਲਿੱਆਂਵਾਲੇ ਬਾਗ ਦੀ ਖੂਨੀ ਘਟਨਾ ਵਾਪਰਨ ਉਪਰੰਤ ਆਪ ਨੇ ਭਾਰਤ ਮਾਤਾ ਦੀਆਂ ਗੁਲਾਮੀ ਦੀਆਂ ਜੰਜੀਰਾਂ ਤੋੜਨ ਲਈ ਆਪਾ ਵਾਰਨ ਦਾ ਤਹੱਈਆ ਕੀਤਾ। ਇਸ ਮਕਸਦ ਦੀ ਪੂਰਤੀ ਲਈ ਬੱਬਰ ਅਕਾਲੀ ਲਹਿਰ ਦਾ ਮੁੱਢ ਬੰਨ੍ਹਿਆ।
ਮਾਰਚ,1921 ਹੁਸ਼ਿਆਰਪੁਰ ਵਿੱਚ ਪਹਿਲੀ ਸਾਜਿਸ਼ ਦੀ ਮੀਟਿੰਗ ਵਿੱਚ ਸ਼ਾਮਿਲ ਹੋਣ ਕਾਰਣ ਆਪ ਦੇ ਵਾਰੰਟ ਨਿਕਲੇ।ਆਪ ਚੱਕਰਵਰਤੀ ਹੋ ਗਏ ਕਿੳਂਕਿ ਜੇਲ੍ਹਾਂ ਵਿੱਚ ਸੜਨ ਨਾਲੋਂ ਆਪ ਫਰਾਰ ਹੋ ਕੇ ਦੇਸ਼ ਲਈ ਕੰਮ ਕਰਨਾਂ ਉਚਿਤ ਸਮਝਦੇ ਸਨ। ਉਪਰੰਤ, ਕਿਸ਼ਨ ਸਿੰਘ ਗੜਗੱਜ ਤੇ ਹੋਰ ਮੁਖੀ ਅਕਾਲੀਆਂ ਨਾਲ ਆਪ ਦਾ ਮੇਲ ਹੋਇਆ। ਆਪ ਦੀ ਰਾਇ ਮੰਨ ਕੇ ਪਹਿਲਾ ਚੱਕਰਵਰਤੀ ਜੱਥਾ ਬਣਾਇਆ ਗਿਆ। ਬੱਬਰਾਂ ਨੇ 179 ਟੋਡੀਆਂ ਦੀ ਕਾਲੀ ਸੂਚੀ ਬਣਾਈ ਜਿਹਨਾਂ ਨੂੰ ਸੋਧਣ ਦਾ ਫੈਸਲਾ ਕੀਤਾ ਗਿਆ। ਹਥਿਆਰ ਖਰੀਦਣ ਲਈ ਸੂਦ ਖੋਰ ਸ਼ਾਹੂਕਾਰਾਂ ਨੂੰ ਲੁੱਟਣ ਦਾ ਫੈਸਲਾ ਵੀ ਕੀਤਾ ਗਿਆ। ਉਸ ਸਮੇਂ ਬੱਬਰਾਂ ਦੀ ਏਨੀਂ ਚੜ੍ਹਤ ਸੀ ਕਿ ਰੋਪੜ ਤੋਂ ਮੁਕੇਰੀਆਂ ਤੱਕ ਸੜਕਾਂ ਦੇ ਆਲੇ-ਦੁਆਲੇ ਲੱਗੇ ਹੋਏ ਅੰਬਾਂ ਦੀ ਨੀਲਾਮੀਂ ਕਰਨ ਦੀ ਵੀ ਸਰਕਾਰ ਨੂੰ ਜੁਰੱਅਤ ਨਹੀਂ ਪਈ। ਮਾਸਟਰ ਮੋਤਾ ਸਿੰਘ ਲੋਕਾਂ ਨੂੰ ਸਰਕਾਰ ਵਿਰੁੱਧ ਜਥੇਬੰਦ ਕਰਨ ਮਈ ਪਿੰਡਾਂ ਦਾ ਦੌਰਾ ਕਰਦੇ। ਭੇਸ ਵਟਾ ਕੇ ਕਾਨਫਰੰਸਾਂ ਵਿੱਚ ਭਾਗ ਲੈਂਦੇ ਤੇ ਰਾਤ ਨੂੰ ਪਿੰਡ ਪਤਾਰੇ ਪਹੁੰਚ ਜਾਂਦੇ। ਪਿੰਡ ਤੋਂ ਬਾਹਰਵਾਰ ਲੋਕਾਂ ਦੀ ਆਵਾਜਾਈ ਤੋਂ ਦੂਰ ਪਿੰਡ ਜੈਤੇਵਾਲੀ ਵਾਲੇ ਪਾਸੇ ਵਿਸ਼ਰਾਮ ਕਰਦੇ, ਪ੍ਰੰਤੂ ਲੋਕਾਂ ਨੂੰ ਭੋਰੇ ਤੋਂ ਬਾਹਰ ਹੀ ਮਿਲਦੇ ਸਨ ਤਾਂ ਜੋ ਪੁਲਿਸ ਨੂੰ ਉਹਨਾਂ ਦੇ ਟਿਕਾਣੇਂ ਦਾ ਪਤਾ ਨਾਂ ਲੱਗ ਜਾਏ। ਕਈ-ਕਈ ਦਿਨ ਭੁੱਖਿਆਂ ਹੀ ਲੰਘਾ ਦੇਣੇ। ਸੰਜਮੀਂ ਤੇ ਸਾਦਾ ਸੁਭਾਅ ਹੋਣ ਕਾਰਨ ਆਪ ਅੱਠ ਪਹਿਰੀ ਰੋਟੀ ਖਾਂਦੇ। ਕਛਿਹਰਾ, ਕੁੜਤਾ ਅਤੇ ਪੱਗ, ਆਪ ਦੇ ਤਿੰਨ ਬਸਤਰ ਸਨ। ਬਹੁਤ ਸਾਰੇ ਲੋਕ ਆਪ ਨੂੰ ‘ਕਛਿਹਰੇ ਵਾਲਾ ਬਾਪੂ’ ਕਹਿ ਕੇ ਬੁਲਾਉਂਦੇ ਸਨ। ਨਨਕਾਣਾ ਸਾਹਿਬ ਦੇ ਸਾਕੇ ਸਮੇਂ ਆਪ ਕਾਬਲ ਗਏ ਹੋਏ ਸਨ। ਫਰਵਰੀ 1922, ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀ ਪੇਸ਼ ਕਰਨ ਲਈ ਨਨਕਾਣਾ ਸਾਹਿਬ ਵਿਖੇ ਇੱਕ ਭਾਰੀ ਇਕੱਠ ਹੋਇਆ। ਆਪ ਨੇ ਇਸ ਕਾਨਫਰੰਸ ਵਿੱਚ ਸ਼ਾਮਿਲ ਹੋ ਕੇ ਧੜੱਲੇਦਾਰ ਤਕਰੀਰ ਕੀਤੀ ਤੇ ਭਾਰਤੀ ਜਨਤਾ ਨੂੰ ਅੰਗਰੇਜਾਂ ਵਿਰੁੱਧ ਹਥਿਆਰਬੰਦ ਲੜਾਈ ਲੜਨ ਲਈ ਵੰਗਾਰਿਆ। ਇਸ ਮੌਕੇ ‘ਤੇ ਪੁਲਿਸ ਨੇ ਆਪ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਮੌਕਾ ਬਚਾ ਕੇ ਆਪ ਕਿਸੇ ਅਗਿਆਤ ਥਾਂ ‘ਤੇ ਚਲੇ ਗਏ।
ਉਹਨਾਂ ਹੀ ਦਿਨਾਂ ਵਿੱਚ ਆਪ ਬਾਰੇ ਨਿਮਨਲਿਖਤ ਕਥਿੱਤ ਲੋਕਾਂ ਦੀ ਜ਼ਬਾਨ ਤੇ ਆਮ ਚੜ੍ਹਿਆ ਹੋਇਆ ਸੀ:-”ਸ਼ੇਰ ਗੱਜੇ ਨਨਕਾਣੇ, ਲੈਕਚਰ ਕਰੇ ਮਨ ਭਾਣੇਂ, ਖੇਡ ਮੌਤ ਨੂੰ ਉਹ ਜਾਣੇਂ, ਤਿੰਨ ਫੁੱਟੀ ਜੋ ਦਿਖਾਲੀ ਹੈ। ਹੱਥ ਜਾਲਮਾਂ ਨਾਂ ਆਵੇ, ਮੋਤਾ ਸਿੰਘ ਜੋ ਅਕਾਲੀ ਹੈ, ਰੋਟੀ ਅੱਠੀ ਪਹਿਰੀ ਖਾਵੇ, ਪੈਰੀਂ ਜੋੜਾ ਵੀ ਨਾ ਪਾਵੇ, ਹੱਥ ਜਾਲਮਾਂ ਨਾ ਆਵੇ, ਮੋਤਾ ਸਿੰਘ ਜੋ ਅਕਾਲੀ ਹੈ।” ਮੱਧਰੇ ਕੱਧ ਤੇ ਭਰਵੇਂ ਜੁੱਸੇ ਵਾਲਾ ਸ਼ਸ਼ਤਰਧਾਰੀ ਸ਼ਾਧਕ ਮੋਤਾ ਸਿੰਘ ਇੱਕ ਵਾ-ਵਰੋਲਾ ਸੀ। ਇੰਨਾ ਫੁਰਤੀਲਾ ਕਿ ਪੁਲਿਸ ਦੇ ਲੱਖ ਯਤਨ ਦੇ ਬਾਵਜੂਦ ਉਹਨਾਂ ਦੇ ਹੱਥ ਨਹੀਂ ਸੀ ਆਉਂਦਾ, ਉਹ ਹੱਥਕੜੀਆਂ ਖੜਕਾਉਂਦੇ ਰਹਿ ਜਾਂਦੇ ਸਨ। ਇਸ ਸੰਦਰਭ ਵਿੱਚ ਪਿੰਡ ਕੋਟਫਤੂਹੀ ਜਿਲ੍ਹਾ ਹੁਸ਼ਿਆਰਪੁਰ ਦੀ ਇੱਕ ਘਟਨਾਂ ਦਾ ਜਿਕਰ ਕਰਨਾਂ ਕੁਥਾਂ ਨਹੀਂ ਹੋਵੇਗਾ।
ਪਿੰਡ ਕੋਟਫਤੂਹੀ ਦੇ ਕੁੱਝ ਬੰਦੇ ਗਦਰ ਪਾਰਟੀ ਵਿੱਚ ਸ਼ਾਮਿਲ ਹੋਏ ਸਨ। ਉਹ ਹਰ ਸਾਲ ਫਰਵਰੀ ਮਹੀਨੇਂ ਇੱਕ ਖਾਲਸਾ ਦੀਵਾਨ ਦਾ ਆਯੋਜਨ ਕਰਦੇ ਸਨ। ਫਰਵਰੀ 1921 ਵਿੱਚ ਆਪ ਨੇਂ ਇਸ ਪਿੰਡ ਵਿਖੇ ਖਾਲਸਾ ਦੀਵਾਨ ਵਿੱਚ ਸ਼ਾਮਿਲ ਹੋ ਕੇ ਲੈਕਚਰ ਕਰਨਾ ਸੀ। ਪੁਲਿਸ ਇਸ ਗੱਲ ਬਾਰੇ ਜਾਣੂ ਸੀ ਤੇ ਮਾਸਟਰ ਮੋਤਾ ਸਿੰਘ ਦੀ ਗ੍ਰਿਫਤਾਰੀ ਲਈ ਪੁਲਿਸ ਨੇ ਦੀਵਾਨ ਦੇ ਆਲੇ-ਦੁਆਲੇ ਭਾਰੀ ਨਾਕਾਬੰਦੀ ਕੀਤੀ ਹੋਈ ਸੀ। ਮਾਸਟਰ ਮੋਤਾ ਸਿੰਘ ਨੇ ਪੁਲਿਸ ਨੂੰ ਚਕਮਾਂ ਦੇਣ ਲਈ ਸਾਧੂ ਦੇ ਭੇਸ ਵਿੱਚ ਸਟੇਜ ਤੇ ਆ ਕੇ ਧੱੜਲੇਦਾਰ ਤਕਰੀਰ ਕੀਤੀ। ਲੈਕਚਰ ਖਤਮ ਹੋਣ ਉਪਰੰਤ ਆਪ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਹਰਕਤ ਵਿੱਚ ਆਈ ਪ੍ਰੰਤੂ ਆਪ ਫੁਰਤੀ ਨਾਲ ਲੋਕਾਂ ਦੀ ਭੀੜ ਵਿੱਚੋਂ ਹੁੰਦੇ ਹੋਏ ਰੁਲੀਏ ਮੋਚੀ ਦੇ ਘਰ ਜਾ ਵੜੇ। ਪੁਲਿਸ ਵੇਖਦੀ ਹੀ ਰਹਿ ਗਈ ਕਿਉਂਕਿ ਰੁਲੀਏ ਮੋਚੀ ਤੇ ਕਿਸੇ ਨੂੰ ਸ਼ੱਕ ਵੀ ਨਹੀਂ ਸੀ। ਐਨ ਉਸੀ ਮੌਕੇ ਇੱਕ ਮੁੰਡੇ ਨੇਂ ਡੁਮਣੇਂ ਵਿੱਚ ਇੱਟ ਮਾਰ ਦਿੱਤੀ, ਡੂਮਣਾਂ ਛਿੜ ਗਿਆ ਤੇ ਮੱਖੀਆਂ ਨੇ ਭਗਦੜ ਮਚਾ ਦਿੱਤੀ। ਪੁਲਿਸ ਵਾਲੇ ਮੱਖੀਆਂ ਤੋਂ ਡਰਦੇ ਇਧਰ ਉਧਰ ਖਿੰਡ-ਪੁੰਡ ਗਏ। ਮਾਸਟਰ ਮੋਤਾ ਸਿੰਘ ਨੇ ਜ਼ਿੰਦਗੀ ਦਾ ਬਹੁਤਾ ਸਮਾਂ ਮਫਰੂਰ ਰਹਿ ਕੇ ਗੁਜਾਰਿਆ। ਅੰਗਰੇਜ਼ ਸਰਕਾਰ ਆਪ ਦੀਆਂ ਸਰਗਰਮੀਆਂ ਤੇ ਗਹਿਰੀ ਨਜ਼ਰ ਰੱਖਦੀ ਸੀ। ਆਪ ਦੇ ਵਿਰੁੱਧ ਵੱਖ-ਵੱਖ ਸਾਜਸ਼ਾਂ ਵਿੱਚ ਭਾਗ ਲੈਣ ਤੇ ਰਾਜ ਦਾ ਤਖਤਾ ਉਲਟਾਉਣ ਲਈ ਕੇਸ ਦਰਜ ਕੀਤੇ ਗਏ। ਗ੍ਰਿਫਤਾਰੀਆਂ ਉਪਰੰਤ ਆਪ ਨੇਂ ਲਗਭਗ ਪੈਂਤੀ ਸਾਲ ਜੇਲ੍ਹਾਂ ਵਿੱਚ ਕੱਟੇ। ਬ੍ਰਿਟਿਸ਼ ਸਰਕਾਰ ਆਪ ਨੂੰ ਸਿੱਖ ਇਨਤਹਾਂ-ਪਸੰਦਾਂ ਵਿੱਚੋਂ ਸੱਭ ਤੋਂ ਵੱਧ ਖਤਰਨਾਕ ਅੰਗਰੇਜ ਵਿਰੋਧੀ ਸਮਝਦੀ ਸੀ। ਕਾਂਗਰਸ ਦੀ ਗਲਤ ਨੀਤੀ ਦੇ ਆਪ ਸਖਤ ਵਿਰੋਧੀ ਸਨ। ਭਾਰਤ ਦੇਸ਼ ਦੀ ਸੇਵਾ ਕਰਦਾ ਹੋਇਆ ਇਹ ਨਿਧੜਕ ਯੋਧਾ 9 ਜਨਵਰੀ,1960 ਨੂੰ ਅਕਾਲ ਚਲਾਣਾਂ ਕਰ ਗਿਆ।ਬੱਬਰ ਅਕਾਲੀ ਲਹਿਰ ਦੇ ਸਿਧਾਂਤਕ ਤੇ ਸਿਆਸੀ ਰਹਿਨੁਮਾਂ ਤੇ ਮਹਾਨ ਦੇਸ਼ ਭਗਤ ਹੋਣ ਕਾਰਣ ਆਪ ਦਾ ਨਾਂ ਸਦਾ ਅਮਰ ਰਹੇਗਾ। ਆਪ ਦੀ ਯਾਦ ਵਿੱਚ ਬੱਸ ਸਟੈਂਡ ਜਲੰਧਰ ਦੇ ਬਿਲਕੁਲ ਨਾਲ ਮਾਸਟਰ ਮੋਤਾ ਸਿੰਘ ਨਗਰ ਵਸਾਇਆ ਗਿਆ ਹੈ। ਅਜਿਹੇ ਯੋਧੇ ਨੂੰ ਲੱਖ-ਲੱਖ ਪ੍ਰਣਾਮ।ਭਾਰਤ ਦੇ ਅਜਿਹੇ ਮਹਾਨ ਸਪੂਤ ਦੀਆਂ ਹੋਰ ਯਾਦਗਾਰਾਂ ਉਸਾਰਨ ਦੀ ਲੋੜ ਹੈ ਤਾਂ ਜੋ ਆਉਣ ਵਾਲੀਆਂ ਨਸਲਾਂ ਅਜਿਹੇ ਮਾਰਗ ਦਰਸ਼ਕ ਦੇ ਸਮਰਪਿਤ ਜੀਵਨ ਤੋਂ ਪ੍ਰੇਰਨਾ ਲੈ ਸਕਣ।