Breaking News
Home / ਨਜ਼ਰੀਆ / ‘ਸਾਊਥ ਏਸ਼ੀਅਨ ਰਾਈਟਰਜ਼ ਇਨ ਕੈਨੇਡਾ: ਏ ਬਾਇਓ-ਬਿਬਲਿਓਗਰਾਫ਼ੀਕਲ ਸਟੱਡੀ’ ਬਾਰੇ ਪੰਜਾਬੀ ਵਿੱਚ ਜਾਣਕਾਰੀ

‘ਸਾਊਥ ਏਸ਼ੀਅਨ ਰਾਈਟਰਜ਼ ਇਨ ਕੈਨੇਡਾ: ਏ ਬਾਇਓ-ਬਿਬਲਿਓਗਰਾਫ਼ੀਕਲ ਸਟੱਡੀ’ ਬਾਰੇ ਪੰਜਾਬੀ ਵਿੱਚ ਜਾਣਕਾਰੀ

ਡਾ. ਸੁਖਦੇਵ ਸਿੰਘ ਝੰਡ
ਸਰੀ (ਕੈਨੇਡਾ) ਵਿੱਚ ਰਹਿੰਦੇ ਆਪਣੇ ਦੋਸਤ ਡਾ. ਰਾਜਵੰਤ ਸਿੰਘ ਚਿਲਾਨਾ ਦੀ ਪਿੱਛੇ ਜਿਹੇ ਅੰਗਰੇਜ਼ੀ ਵਿੱਚ ਛਪੀ ਕੈਨੇਡਾ ਵਿਚਲੇ ਦੱਖਣ-ਏਸ਼ੀਆਈ ਮੁਲਕਾਂ ਭਾਰਤ, ਪਾਕਿਸਤਾਨ, ਬੰਗਲਾ ਦੇਸ਼, ਨੈਪਾਲ, ਸ੍ਰੀਲੰਕਾ, ਮਾਲਦੀਵਜ਼ ਅਤੇ ਭੂਟਾਨ ਦੇ ਲੇਖਕਾਂ ਬਾਰੇ ਨਵੀਂ ਪੁਸਤਕ ਜੋ ਮੈਨੂੰ ਪਿਛਲੇ ਹਫ਼ਤੇ ਹੀ ਡਾਕ ਰਾਹੀਂ ਪ੍ਰਾਪਤ ਹੋਈ ਹੈ, ਬਾਰੇ ਪੰਜਾਬੀ ਵਿੱਚ ਜਾਣਕਾਰੀ ਦੇਣਾ ਅਜੀਬ ਜਿਹਾ ਲੱਗ ਰਿਹਾ ਹੈੇ ਪਰ ਕੁੱਝ ਹੱਦ ਤੱਕ ਮੈਨੂੰ ਇਹ ਵਧੀਆ ਵੀ ਜਾਪ ਰਿਹਾ ਹੈ। ਅਜੀਬ ਇਸ ਕਰਕੇ ਕਿ ਕਿਸੇ ਵੀ ਭਾਸ਼ਾ ਵਿੱਚ ਛਪੀ ਪੁਸਤਕ ਦਾ ਰੀਵਿਊ ਆਮ ਤੌਰ ‘ਤੇ ਓਸੇ ਹੀ ਭਾਸ਼ਾ ਵਿੱਚ ਕੀਤਾ ਜਾਂਦਾ ਹੈ। ਮੈਂ ਵੀ ਕਈ ਅੰਗਰੇਜ਼ੀ ਪੁਸਤਕਾਂ ਬਾਰੇ ਅੰਗਰੇਜ਼ੀ ਵਿੱਚ ਅਤੇ ਬਹੁਤ ਸਾਰੀਆਂ ਪੰਜਾਬੀ ਪੁਸਤਕਾਂ ਬਾਰੇ ਪੰਜਾਬੀ ਵਿੱਚ ਲਿਖ ਚੁੱਕਾ ਹਾਂ, ਪਰ ਇਸ ਪੁਸਤਕ ਬਾਰੇ ਪੰਜਾਬੀ ਵਿੱਚ ਲਿਖਣਾ ਇਸ ਕਰਕੇ ਵਧੀਆ ਲੱਗ ਰਿਹਾ ਹੈ ਕਿ ਇਸ ਵਿਚਲੀ ਸ਼ਾਮਲ ਜਾਣਕਾਰੀ ਵਿੱਚ ਵੱਡੀ ਬਹੁ-ਗਿਣਤੀ ਵਿੱਚ ਪੰਜਾਬੀ ਲੇਖਕ ਸ਼ਾਮਲ ਹਨ ਅਤੇ ਉਨ੍ਹਾਂ ਬਾਰੇ ਪੰਜਾਬੀ ਵਿੱਚ ਲਿਖਣਾ ਮੈਨੂੰ ਵਧੇਰੇ ਉਚਿਤ ਲੱਗ ਰਿਹਾ ਹੈ।
ਲੇਖਕ ਵੱਲੋਂ ਅੱਠ ਵੱਖ-ਵੱਖ ਚੈਪਟਰਾਂ ਵਿੱਚ ਵੰਡੀ ਗਈ ਸਾਊਥ ਏਸ਼ੀਅਨ ਲੇਖਕਾਂ ਬਾਰੇ ਇਸ  ਜਾਣਕਾਰੀ-ਭਰਪੂਰ 372 ਪੰਨਿਆਂ ਦੀ ਪੁਸਤਕ ਵਿੱਚ ‘ਮੁੱਢਲੀ ਜਾਣਕਾਰੀ’ ਦੇ 9 ਪੰਨਿਆਂ ਅਤੇ ਸਾਊਥ ਏਸ਼ੀਅਨ ਸਾਹਿਤਕ ਸੰਗਠਨਾਂ, ਕਾਨਫ਼ਰੰਸਾਂ, ਇਨਾਮਾਂ-ਸ਼ਨਾਮਾਂ ਅਤੇ ਮਾਣ-ਸਨਮਾਨਾਂ ਨਾਲ ਸਬੰਧਿਤ ਪਹਿਲੇ ਛੋਟੇ-ਛੋਟੇ ਦੋ ਅਧਿਆਵਾਂ ਤੋਂ ਬਾਅਦ ਤੀਸਰੇ ਅਧਿਆਏ ਵਿੱਚ ਪੰਜਾਬੀ ਲੇਖਕਾਂ ਬਾਰੇ ਜਾਣਕਾਰੀ ਸ਼ਾਮਲ ਕੀਤੀ ਗਈ ਹੈ ਜੋ ਕਿ ਪੰਨਾ 36 ਤੋਂ ਸ਼ੁਰੂ ਹੋ ਕੇ 158 ਤੱਕ ਸਰਪੱਟ ਦੌੜਦੀ ਹੈ ਅਤੇ ਇਨ੍ਹਾਂ ਲੇਖਕਾਂ ਵਿੱਚ ਪੰਜਾਬੀ ਵਿੱਚ ਲਿਖਣ ਵਾਲੇ ਟੋਰਾਂਟੋ ਏਰੀਏ ਦੇ ਪ੍ਰਿੰ.ਬਲਕਾਰ ਸਿੰਘ ਬਾਜਵਾ, ਪ੍ਰਿੰ.ਪਾਖਰ ਸਿੰਘ, ਸੁਰਜਣ ਸਿੰਘ ਜ਼ੀਰਵੀ, ਕੁਲਜੀਤ ਮਾਨ, ਪ੍ਰੋ. ਮੋਹਿੰਦਰਦੀਪ ਗਰੇਵਾਲ, ਜਸਬੀਰ ਕਾਲਰਵੀ, ਭੁਪਿੰਦਰ ਦੁਲੇ, ਕੁਲਵਿੰਦਰ ਖਹਿਰਾ, ਓਂਕਾਰਪ੍ਰੀਤ, ਸੁਖਿੰਦਰ, ਜਰਨੈਲ ਸਿੰਘ ਅੱਚਰਵਾਲ, ਭੁਪਿੰਦਰ ਸਿੰਘ ਚੀਮਾ, ਜੋਗਿੰਦਰ ਸਿੰਘ ਅਣਖੀਲਾ, ਸੁਰਜੀਤ ਕੌਰ, ਬਲਬੀਰ ਕੌਰ ਸੰਘੇੜਾ, ਬਰਜਿੰਦਰ ਗੁਲਾਟੀ, ਇਕਬਾਲ ਰਾਮੂਵਾਲੀਆ, ਇਕਬਾਲ ਮਾਹਲ, ਪੂਰਨ ਸਿੰਘ ਪਾਂਧੀ, ਪ੍ਰਿੰ.ਸਰਵਣ ਸਿੰਘ, ਡਾ. ਵਰਿਆਮ ਸਿੰਘ ਸੰਧੂ, ਡਾ. ਸੁਖਪਾਲ ਸਿੰਘ, ਡਾ. ਸੁਖਦੇਵ ਸਿੰਘ ਝੰਡ, ਮਲੂਕ ਸਿੰਘ ਕਾਹਲੋਂ, ਜਗੀਰ ਸਿੰਘ ਕਾਹਲੋਂ, ਆਦਿ ਸਮੇਤ 60-70 ਲੇਖਕ ਸ਼ਾਮਲ ਹਨ। ਚੌਥੇ ਚੈਪਟਰ ਵਿੱਚ ਅੰਗਰੇਜ਼ੀ ਲੇਖਕ ਲਏ ਗਏ ਹਨ ਅਤੇ ਇਹ 159 ਪੰਨੇ ਤੋਂ ਲੈ ਕੇ 309 ਤੱਕ ਚੱਲਦੇ ਹਨ। ਇਸ ਤੋਂ ਅਗਲਾ ਪੰਜਵਾਂ ਅਧਿਆਏ ਹਿੰਦੀ ਲੇਖਕਾਂ ਨੂੰ ਦਿੱਤਾ ਗਿਆ ਹੈ ਅਤੇ ਇਨ੍ਹਾਂ ਬਾਰੇ ਜਾਣਕਾਰੀ 310 ਤੋਂ 325 ਵਿਚਲੇ ਪੰਨਿਆਂ ‘ਤੇ ਮੌਜੂਦ ਹੈ। ਛੇਵੇਂ ਅਧਿਆਇ ਵਿੱਚ ਉਰਦੂ ਲੇਖਕ 326 ਤੋਂ 344 ਪੰਨਿਆਂ ਵਿੱਚ ਸ਼ਾਮਲ ਕੀਤੇ ਗਏ ਹਨ ਅਤੇ ਹੋਰ ਭਾਸ਼ਾਵਾਂ ਜਿਵੇਂ ਬੰਗਾਲੀ, ਗੁਜਰਾਤੀ, ਨੈਪਾਲੀ, ਸੰਸਕ੍ਰਿਤ, ਤਾਮਿਲ ਤੇ ਤੈਲਗੂ ਆਦਿ ਦੇ ਲੇਖਕ ਸੱਤਵੇਂ ਅਧਿਆਏ ਵਿੱਚ ਰੱਖੇ ਗਏ ਹਨ। ਸੱਭ ਤੋਂ ਅਖ਼ੀਰਲੇ ਅੱਠਵੇਂ ਅਧਿਆਇ ਵਿੱਚ ਕੈਨੇਡਾ ਵਿੱਚ ਵੱਖ-ਵੱਖ ਭਾਸ਼ਾਵਾਂ ਪੜ੍ਹਾਉਣ ਤੇ ਸਿਖਾਉਣ ਵਾਲੀਆਂ ਸੰਸਥਾਵਾਂ ਨੂੰ ਜਗ੍ਹਾ ਦਿੱਤੀ ਗਈ ਹੈ।
ਪੁਸਤਕ ਵਿੱਚ ਹਰੇਕ ਲੇਖਕ ਦੀ ਜਨਮ-ਮਿਤੀ ਦਿੱਤੀ ਗਈ ਹੈ ਅਤੇ ਇਸ ਦੁਨੀਆਂ ਨੂੰ ਅਲਵਿਦਾ ਆਖ ਚੁੱਕੇ ਲੇਖਕਾਂ ਦੇ ਜਾਣ ਦੀ ਮਿਤੀ ਵੀ। ਸਬੰਧਿਤ ਲੇਖਕ ਕੈਨੇਡਾ ਵਿੱਚ ਕਦੋਂ ਆਇਆ ਅਤੇ ਹੁਣ ਕੈਨੇਡਾ ਦੇ ਕਿਹੜੇ ਭਾਗ ਵਿੱਚ ਰਹਿ ਰਿਹਾ ਹੈ/ਸੀ, ਉਸ ਨੇ ਕਿਹੜੀਆਂ-ਕਿਹੜੀਆਂ ਪੁਸਤਕਾਂ ਲਿਖੀਆਂ ਗਈਆਂ  ਅਤੇ ਉਸ ਦੀ ਆਉਣ ਵਾਲੀ ਪੁਸਤਕ ਕਿਹੜੀ ਹੈ, ਉਸ ਨੂੰ ਹੁਣ ਤੱਕ ਕਿਹੜੇ-ਕਿਹੜੇ ਮਾਣ-ਸਨਮਾਨ ਤੇ ਇਨਾਮ ਪ੍ਰਾਪਤ ਹੋਏ ਹਨ, ਬਾਰੇ ਪੁਸਤਕ ਵਿੱਚ ਵਿਸਥਾਰ-ਪੂਰਵਕ ਦੱਸਿਆ ਗਿਆ ਹੈ। ਜਿੱਥੋਂ ਤੱਕ ਸੰਭਵ ਹੋ ਸਕਿਆ ਹੈ, ਲੇਖਕਾਂ ਦੇ ਫ਼ੋਨ ਨੰਬਰ, ਈ-ਮੇਲ ਐਡਰੈੱਸ, ਫੇਸਬੁੱਕ-ਪਤੇ ਅਤੇ ਵੈੱਬ-ਸਾਈਟ ਐੱਡਰੈੱਸ ਵੀ ਦਿੱਤੇ ਗਏ ਹਨ ਅਤੇ ਜਿਨ੍ਹਾਂ ਲੇਖਕਾਂ ਨੇ ਆਪਣੀਆਂ ਤਸਵੀਰਾਂ ਭੇਜੀਆਂ ਹਨ, ਉਹ ਵੀ ਇਸ ਪੁਸਤਕ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ। ਪੁਸਤਕ ਲੇਖਕ ਵੱਲੋਂ ਇਹ ਯਕੀਨੀ ਬਣਾਇਆ ਗਿਆ ਹੈ ਕਿ ਇਸ ਵਿੱਚ ਦਰਜ ਲੇਖਕਾਂ ਵੱਲੋਂ ਘੱਟੋ-ਘੱਟ ਇੱਕ ਪੁਸਤਕ ਜ਼ਰੂਰ ਛਪਵਾਈ ਗਈ ਹੋਵੇ। ਏਸੇ ਕਾਰਨ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਲਿਖਣ ਵਾਲੇ ਲੇਖਕਾਂ ਨੂੰ ਇਸ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਿਆ। ਹੋ ਸਕਦਾ ਹੈ, ਇਸ ਪੁਸਤਕ ਦੇ ਅਗਲੇ ਐਡੀਸ਼ਨ ਦੇ ਆਉਣ ਤੱਕ ਉਨ੍ਹਾਂ ਦੀ ਘੱਟੋ-ਘੱਟ ਇੱਕ ਪੁਸਤਕ ਛਪ ਜਾਵੇ ਅਤੇ ਉਨ੍ਹਾਂ ਬਾਰੇ ਜਾਣਕਾਰੀ ਉਸ ਐਡੀਸ਼ਨ ਵਿੱਚ ਦਿੱਤੀ ਜਾ ਸਕੇ।
ਡਾ. ਚਿਲਾਨਾ ਨੇ ਮੈਨੂੰ ਫ਼ੋਨ ‘ਤੇ ਦੱਸਿਆ ਕਿ ਉਨ੍ਹਾਂ ਨੇ ਵੱਖ-ਵੱਖ ਭਾਸ਼ਾਵਾਂ ਵਿੱਚ ਲਿਖਣ ਵਾਲੇ ਲੱਗਭੱਗ ਸਾਢੇ ਸੱਤ ਸੌ ਦੱਖਣ-ਏਸ਼ੀਆਈ ਮੂਲ ਦੇ ਲੇਖਕਾਂ ਬਾਰੇ ਵਿਸਤ੍ਰਿਤ ਜਾਣਕਾਰੀ ਇਸ ਪੁਸਤਕ ਵਿੱਚ ਸ਼ਾਮਲ ਕੀਤੀ ਹੈ ਅਤੇ ਉਨ੍ਹਾਂ ਨੇ ਇਹ ਜਾਣਕਾਰੀ ਲਾਇਬ੍ਰੇਰੀਆਂ ਵਿੱਚ ਉਲੱਭਧ ਵੱਖ-ਵੱਖ ਬਿਲਿਓਗਰਾਫ਼ੀਕਲ ਰੈਫ਼ਰੈਂਸ ਪੁਸਤਕਾਂ, ਆਨ-ਲਾਈਨ ਲਾਇਬ੍ਰੇਰੀ ਕੈਟਾਲਾਗਾਂ ਅਤੇ ਲੇਖਕਾਂ ਨੂੰ ਬਾਰ-ਬਾਰ ਫ਼ੋਨ ਤੇ ਪ੍ਰੋਫ਼ਾਰਮੇਂ ਈ-ਮੇਲਾਂ ਕਰਕੇ ਪ੍ਰਾਪਤ ਕੀਤੀ ਹੈ। ਉਨ੍ਹਾਂ ਨੂੰ ਇਹ ਜਾਣਕਾਰੀ ਹਾਸਲ ਕਰਨ ਵਿੱਚ ਕਈ ਪ੍ਰਕਾਰ ਦੀਆਂ ਮੁਸ਼ਕਲਾਂ ਵੀ ਪੇਸ਼ ਆਈਆਂ। ਉਨ੍ਹਾਂ ਵੱਖ-ਵੱਖ ਰੇਡੀਓ ਅਤੇ ਟੈਲੀਵਿਜਨ ਪ੍ਰੋਗਰਾਮਾਂ ਵਿੱਚ ਅਨਾਊਂਸਮੈਂਟਾਂ ਕਰਕੇ ਅਤੇ ਜਾਣਕਾਰ-ਦੋਸਤਾਂ ਨੂੰ ਇਸ ਜਾਣਕਾਰੀ ਸਬੰਧੀ ਪ੍ਰੋਫ਼ਾਰਮੇ ਭੇਜ ਕੇ ਉਨ੍ਹਾਂ ਨੂੰ ਕਈ ਵਾਰ ਇਸ ਦੇ ਬਾਰੇ ਯਾਦ ਕਰਾਇਆ ਕਿ ਉਹ ਅੱਗੋਂ ਆਪਣੇ ਲੇਖਕ ਦੋਸਤਾਂ ਕੋਲੋਂ ਇਹ ਜਾਣਕਾਰੀ ਲੈ ਕੇ ਜਲਦੀ ਭਿਜਵਾਉਣ।
ਅਜਿਹਾ ਇਕ ਪ੍ਰੋਫ਼ਾਰਮਾ ਮੈਨੂੰ ਵੀ ਈ-ਮੇਲ ਰਾਹੀਂ ਪ੍ਰਾਪਤ ਹੋਇਆ ਸੀ ਅਤੇ ਮੈਂ ਇੱਥੋਂ ਟੋਰਾਂਟੋ ਏਰੀਏ ਦੇ ਵਾਕਫਕਾਰ ਲੇਖਕ-ਦੋਸਤਾਂ ਬਾਰੇ ਲੋੜੀਂਦੀ ਜਾਣਕਾਰੀ ਉਨ੍ਹਾਂ ਨੂੰ ਭੇਜੀ ਸੀ। ਅੱਜ, ਡਾ. ਚਿਲਾਨਾ ਦੀ ਇਸ ਪੁਸਤਕ ਦੇ ਪੰਨੇ ਫਰੋਲਦਿਆਂ ਵੇਖਦਾ ਹੈ ਕਿ ਟੋਰਾਂਟੋ ਏਰੀਏ ਦੇ ਮੇਰੇ ਵਾਕਫ਼ ਘੱਟੋ-ਘੱਟ 60-70 ਲੇਖਕਾਂ ਬਾਰੇ ਜਾਣਕਾਰੀ ਇਸ ਪੁਸਤਕ ਵਿੱਚ ਮੌਜੂਦ ਹੈ ਜਿਨ੍ਹਾਂ ਵਿੱਚੋਂ ਅੱਧ-ਪਚੱਧੀ ਜਾਂ ਸ਼ਾਇਦ ਇਸ ਤੋਂ ਵਧੇਰੇ ਮੇਰੇ ਵੱਲੋਂ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਪਹੁੰਚਾਈ ਗਈ ਹੈ ਅਤੇ ਡਾ. ਚਿਲਾਨਾ ਨੇ ਇਹ ਜਾਣਕਾਰੀ ਦੇਣ ਲਈ ਪੁਸਤਕ ਦੇ ਸ਼ੁਰੂਆਤੀ ਪੰਨਿਆਂ ਵਿੱਚ ਆਪਣੇ ਹੋਰ ਸਾਥੀਆਂ ਸਮੇਤ ਮੇਰਾ ਵੀ ਧੰਨਵਾਦ ਕੀਤਾ ਹੈ। ਇਸ ਦੇ ਲਈ ਮੈਂ ਵੀ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।
‘ਏਸ਼ੀਅਨ ਪਬਲੀਕੇਸ਼ਨਜ’, ਨਵੀਂ ਦਿੱਲੀ ਵੱਲੋਂ ਛਾਪੀ ਗਈ ਇਸ ਖ਼ੂਬਸੂਰਤ ਪੁਸਤਕ ਦੀ ਕੀਮਤ ਕੈਨੇਡਾ ਵਿੱਚ 35 ਡਾਲਰ ਰੱਖੀ ਗਈ ਹੈ ਜਿਹੜੀ ਕਿ ਪੁਸਤਕ ਦੇ ਆਕਾਰ ਅਤੇ ਇਸ ਵਿਚਲੀ ਜਾਣਕਾਰੀ ਨੂੰ ਮੁੱਖ ਰੱਖਦਿਆਂ ਹੋਇਆਂ ਬਿਲਕੁਲ ਵਾਜਬ ਲੱਗਦੀ ਹੈ। ਅਲਬੱਤਾ, ਜਿਨ੍ਹਾਂ ਲੇਖਕਾਂ ਬਾਰੇ ਜਾਣਕਾਰੀ ਇਸ ਪੁਸਤਕ ਵਿੱਚ ਮੌਜੂਦ ਹੈ, ਉਹ ਇਸ ਨੂੰ ਕੇਵਲ 20 ਕੈਨੇਡੀਅਨ ਡਾਲਰਾਂ ਵਿੱਚ ਹੀ ਪ੍ਰਾਪਤ ਕਰ ਸਕਦੇ ਹਨ। ਇਸ ਸਬੰਧੀ ਉਹ ਡਾ. ਚਿਲਾਨਾ ਨੂੰ 1-604-500-1672 ‘ਤੇ ਫ਼ੋਨ ਕਰਕੇ ਜਾਂ ਉਨ੍ਹਾਂ ਦੀ ਈ-ਮੇਲ [email protected] ‘ਤੇ ਸੰਪਰਕ ਕਰ ਸਕਦੇ ਹਨ। ਟੋਰਾਂਟੋ ਏਰੀਏ ਦੇ ਦੋਸਤ ਇਸ ਸਬੰਧੀ ਮੇਰੇ ਨਾਲ ਵੀ ਮੇਰੇ ਫ਼ੋਨ ਨੰਬਰ 647-567-9128 ਜਾਂ ਈ-ਮੇਲ [email protected] ‘ਤੇ ਸੰਪਰਕ ਕਰ ਸਕਦੇ ਹਨ। ਹੋ ਸਕਦੈ, ਡਾ. ਚਿਲਾਨਾ ਨਾਲ ਤਾਲ-ਮੇਲ ਕਰਕੇ ਇਸ ਪੁਸਤਕ ਦੀ ਪ੍ਰਾਪਤੀ ਲਈ ਮੈਂ ਵੀ ਉਨ੍ਹਾਂ ਦੀ ਕੁਝ ਮਦਦ ਕਰ ਸਕਾਂ।
ਫ਼ੋਨ: 647-567-9128

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …