Breaking News
Home / ਰੈਗੂਲਰ ਕਾਲਮ / ਜੋ ਮੇਰੇ ਨਾਲ ਹੋਈ-1 :’ਮੈਂ ਸਾਂ ਜੱਜ ਦਾ ਅਰਦਲੀ’

ਜੋ ਮੇਰੇ ਨਾਲ ਹੋਈ-1 :’ਮੈਂ ਸਾਂ ਜੱਜ ਦਾ ਅਰਦਲੀ’

ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ94174-21700
ਬਿਲਕੁਲ ਬਹੁਤ ਔਖਾ ਹੁੰਦੈ ਇੱਕੋ ਅਖ਼ਬਾਰ ਲਈ ਏਨੇ ਲੰਬੇ ਸਮੇਂ ਤੀਕ ਕਾਲਮ ਲਿਖਣਾ ਤੇ ਦੂਰ-ਦੂਰ ਤੀਕ ਬੈਠੇ ਪਾਠਕਾਂ ਨੂੰ ਨਿਰੰਤਰ ਆਪਣੇ ਨਾਲ ਜੋੜੀ ਰੱਖਣਾ। ਮੈਂ ਕਿਸੇ ਅਖਬਾਰ ਵਾਸਤੇ ਆਪਣਾ ਪਹਿਲਾ ਲੜੀਵਾਰ ਕਾਲਮ ‘ਅਜੀਤ ਵੀਕਲੀ’ ਵਿੱਚ ਹੀ ਲਿਖਣਾ ਅਰੰਭਿਆ ਸੀ। ਇਸਦਾ ਨਾਂ ‘ਬਾਵਾ ਬੋਲਦਾ ਹੈ’ ਰੱਖਿਆ ਗਿਆ ਸੀ। ਬਹੁਤ ਸਾਰੇ ਪਾਠਕ ਪੁਛਦੇ ਰਹੇ ਕਿ ਇਹ ਨਾਂ ਕਿਉਂ? ਮੈਂ ਦਸਦਾ ਰਿਹਾ ਕਿ ਸੁਭਾਵਕ ਹੀ ਆ ਗਿਆ ਸੀ ਇਹ ਨਾਂ ਬੁੱਲ੍ਹਾਂ ਉਤੇ, ਕੋਈ ਖਾਸ ਗੱਲ ਨਹੀਂ ਸੀ। ਆਲਮ ਲੁਹਾਰ ਬਾਵੇ ਨੂੰ ਬੋਲਣ ਲਈ ਗਾਉਂਦਾ ਰਿਹਾ:
ਬੋਲ ਮਿੱਟੀ ਦਿਆ ਬਾਵਿਆ ਤੂੰ
ਕਿਉਂ ਨਹੀਂ ਬੋਲਦਾ
ਦਿਲਾਂ ਦੀ ਘੁੰਡੀ ਨੂੰ ਵੈਰੀਆ
ਨਹੀਂ ਖੋਲ੍ਹਦਾ…
ਸ਼ਾਇਦ ਆਲਮ ਲੁਹਾਰ ਦੇ ਇਸ ਗੀਤ ਦੇ ਬੋਲ ਹੀ ਮਨ ਮਸਤਕ ਵਿੱਚ ਕਿਤੇ ਅਠਖੇਲੀਆਂ ਕਰ ਹਰੇ ਸਨ ਕਿ ਮੇਰੇ ਕਾਲਮ ਸ਼ੁਰੂ ਕਰਨ ਦਾ ਵੇਲਾ ਆ ਗਿਆ ਸੀ ਤੇ ਏਹੋ ਨਾਂ ਰੱਖ ਲਿਆ ਗਿਆ। ਸੋ, ਮੈਂ ਲਿਖਣ ਲੱਗਿਆ…ਤੇ ਹਾਂ ਇਹ ਗੱਲ ਨਾ ਭੁੱਲਾਂ ਕਿ ਮੈਂ ਇਸ ਕਾਲਮ ਤੋਂ ਪਹਿਲਾਂ ਭਾਰਤ ਦੇ ਵੱਖ-ਵੱਖ ਕਈ ਨਾਮੀਂ ਅਖ਼ਬਾਰਾਂ ਲਈ ਦੇਰ ਤੋਂ ਕੁਝ ਨਾ ਕੁਝ ਲਿਖਦਾ ਆ ਰਿਹਾ ਸਾਂ, ਸੰਨ 1992 ਤੋਂ।  ਫਿਰ ਜਦ ਪੰਜਾਬੀ ਟ੍ਰਿਬਿਊਨ ਵਿੱਚ ਮੇਰੀ ਸਵੈ-ਜੀਵਨੀ ਪੁਸਤਕ ਸ਼ਨੀਵਾਰ ਦੇ ਅੰਕ ਵਿੱਚ ਲੜੀਵਾਰ ਛਪਣ ਲੱਗੀ ਤਾਂ ਮੇਰਾ ਨਾਂ ਹੋਰ ਵੀ ਚਮਕਣ ਲੱਗਿਆ। ਇਹਨਾਂ ਕਾਲਮਾਂ ਦੀ ਚਰਚਾ ਬਹੁਤ ਹੋਈ। ਉਦੋਂ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਗੁਰਬਚਨ ਸਿੰਘ ਭੁੱਲਰ ਹੁੰਦੇ ਸਨ, ਜੁ ਮੈਨੂੰ ਪੱਕਾ ਕਾਲਮ ਲਿਖਣ ਲਈ ਉਤਸ਼ਾਹ ਦੇ ਰਹੇ ਸਨ। ਪੰਜਾਬੀ ਟ੍ਰਿਬਿਊਨ ਵਿੱਚ ਛਪੇ ਉਹਨਾਂ ਸਾਰੇ ਕਾਲਮਾਂ ਦੀ ਕਿਤਾਬ ਛਾਪੀ ਗਈ-‘ਮੈਂ ਸਾਂ ਜੱਜ ਦਾ ਅਰਦਲੀ।’ ਇਸਦੀ ਭੁਮਿਕਾ ਵੀ ਗੁਰਬਚਨ ਸਿੰਘ ਭੁੱਲਰ ਨੇ ਹੀ ਲਿਖੀ  ਤੇ ਇਹ ਮੇਰੀ ਹੁਣ ਤੀਕ ਸਭ ਤੋਂ ਵੱਧ ਮਕਬੂਲ ਹੋਈ ਕਿਤਾਬ ਹੈ।
ਮੇਰਾ ਪੱਕੇ ਤੌਰ ‘ਤੇ ਕਾਲਮ ਲਿਖਣ ਦਾ ਤਜੱਰਬਾ ‘ਅਜੀਤ ਵੀਕਲੀ’ ਰਾਹੀਂ ਹੀ ਹੋਇਆ ਅਤੇ ਜੁ ਸਫਲ ਸਿੱਧ ਹੋਇਆ। ਉਹ ਇੰਝ ਹੋਇਆ ਕਿ ਮੈਂ ਸੰਨ 2001 ਵਿੱਚ ਪਹਿਲੀ ਵਾਰੀ ਕੈਨੇਡਾ ਘੁੰਮਣ ਲਈ ਆਇਆ ਸਾਂ ਤਾਂ ਟੋਰਾਂਟੋ ਦੇ ‘ਕਲਮਾਂ ਦੇ ਕਾਫਲੇ’ ਵਿੱਚ ਮੈਨੂੰ ਇਕਬਾਲ ਰਾਮੂਵਾਲੀਆ ਲੈ ਗਿਆ ਸੀ, ਟੋਰਾਂਟੋ ਦੇ ਲੇਖਕਾਂ ਦੇ ਰੂਬਰੂ ਕਰਨ ਵਾਸਤੇ। ਕਾਫਲੇ ਵਿੱਚ ਮੈਂ ਆਪਣੀਆਂ ਸਿੱਧ-ਪੱਧਰੀਆਂ ਜਿਹੀਆਂ ਗੱਲਾਂ ਕੀਤੀਆਂ ਸਨ, ਉਹ ਸਭ ਨੂੰ ਚੰਗੀਆਂ ਲੱਗੀਆਂ। ਮੇਰੀ ਜਾਚੇ ਉਹ ਮੇਰੀਆਂ ਕੋਈ ਗੰਭੀਰ ਜਾਂ ਬਹੁਤੀਆਂ ਸਿਆਣੀ ਗੱਲਾਂ ਨਹੀਂ ਸਨ ਸਗੋਂ ਨਿਆਣ ਮੱਤੀਆਂ ਜਿਹੀਆ ਹੀ ਸਨ। ਹੁਣ ਵੀ ਮੈਂ ਸੋਚਦਾ ਹੁੰਨਾ ਕਿ ਇਹਨਾਂ ਨਿਆਣ ਮੱਤੀਆਂ ਲੋਕ ਪਤਾ ਨਹੀਂ ਕਿਉਂ ਤੇ ਕਿਵੇਂ ਸਿਆਣ ਮੱਤੀਆਂ ਸਮਝ ਲੈਂਦੇ ਨੇ? ਮੈਨੂੰ ਯਾਦ ਹੈ ਕਿ ਉਥੇ ਹੀ ਮੈਂ ਆਪਣੀ ਲਿਖਤ ਜੱਜ ਦਾ ਅਰਦਲੀ ਦੇ ਕੁਝ ਅੰਸ਼ ਸੁਣਾਏ ਸਨ। ਕਾਫਲੇ ਦੀ ਇਕੱਤਰਤਾ ਸਮਾਪਤ ਹੋਈ ਤਾਂ ਸਾਰੇ ਚਾਹ-ਪਾਣੀ ਪੀਣ ਲੱਗੇ। ਏਨੇ ਨੂੰ ਇੱਕ ਚੁਸਤ-ਫੁਰਤ ਤੇ ਸਾਊ ਜਿਹੇ ਸਰਦਾਰ ਜੀ ਮੇਰੇ ਕੋਲ ਆਏ ਤੇ ਬਾਹੋਂ ਫੜ੍ਹ ਪਾਸੇ ਲੈ ਗਏ। ਇਹ ਮੇਰੀ ‘ਅਜੀਤ ਵੀਕਲੀ’ ਦੇ ਮੁੱਖ ਸੰਪਾਦਕ ਡਾ. ਦਰਸ਼ਨ ਸਿੰਘ ਨਾਲ ਪਹਿਲੀ ਮੁਲਾਕਾਤ ਸੀ। ਉਹ ਆਖਣ ਲੱਗੇ ਕਿ ਕਿਸੇ ਦਿਨ ਵਕਤ ਕੱਢ ਕੇ ਦਫ਼ਤਰ ਆਓ। ਕੁਝ ਦਿਨਾਂ ਬਾਅਦ ਮੈਂ ਤੇ ਮਾਸਟਰ ਹਰਚਰਨ ਸਿੰਘ ਗਿੱਲ ‘ਅਜੀਤ ਵੀਕਲੀ’ ਦੇ ਦਫ਼ਤਰ ਚਲੇ ਗਏ। ਡਾ.ਦਰਸ਼ਨ ਸਿੰਘ ਦੀ ਮਿਲਣੀ ਵਿੱਚ ਨਿੱਘ ਤੇ ਅਪਣੱਤ ਅੰਤਾਂ ਦੀ ਸੀ ਤੇ ਓਪਰਾਪਣ ਜਾ ਵਿਖਾਵੇ ਦਾ ਕਿਣਕਾ ਰਤਾ ਮਾਤਰ ਵੀ ਨਹੀਂ ਸੀ। ਉਹਨਾਂ ਆਖਿਆ ਕਿ ਕਿੰਨਾ ਚੰਗਾ ਹੋਵੇ…ਜੇ ਤੁਸੀਂ ਸਾਡੇ ਪੇਪਰ ਲਈ ਕੁਝ ਨਾ ਕੁਝ ਉਹੋ ਜਿਹਾ ਲਿਖੋ…ਜੋ ਤੁਸੀਂ ਪਰਸੋਂ ਕਾਫਲੇ ਵਿੱਚ ਬੋਲ ਰਹੇ ਸੀ…ਅਸੀਂ ਤੁਹਾਨੂੰ ਬਣਦਾ ਇਵਜ਼ਾਨਾ ਵੀ ਦਿਆ ਕਰਾਂਗੇ ਤੇ ਹਫ਼ਤੇ ਬਾਅਦ ਤੁਹਾਡਾ ਫੀਚਰ ਛਾਪਿਆ ਕਰਾਂਗੇ…ਜੇ ਤੁਸੀਂ ਚਾਹੋ ਤਾਂ ਅਸੀਂ ਤੁਹਾਨੂੰ ਤੁਹਾਡੇ ਸਾਲ ਭਰ ਦੇ ਕਾਲਮਾਂ ਦਾ ਸੇਵਾਫਲ ਅਡਵਾਂਸ ਵਿੱਚ ਹੀ ਦੇ ਦਿੰਦੇ ਹਾਂ। ਇਹ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ ਸੀ ਕਿ ਭਾਰਤ ਵਿੱਚ ਖਾਸ ਕਰ ਪੰਜਾਬ ਵਿੱਚ ਕੋਈ ਅਖਬਾਰ ਪੰਜਾਬੀ ਲੇਖਕਾਂ ਵਾਸਤੇ ਕਦੇ ਵੀ ਇੰਝ ਨਹੀਂ ਕਰਦਾ! ਤੇ ਬਸ…ਉਸ ਦਿਨ ਤੋਂ ਮੈਂ ‘ਅਜੀਤ ਵੀਕਲੀ’ ਨਾਲ ਪੱਕੇ ਤੌਰ ‘ਤੇ ਜੁੜ ਗਿਆ ਸੀ।
ਹਰੇਕ ਅਖ਼ਬਾਰ ਦੇ ਸੰਪਾਦਕ ਦਾ ਆਪਣਾ ਆਪਣਾ ਦ੍ਰਿਸ਼ਟੀਕੋਣ ਹੁੰਦਾ ਹੈ ਅਤੇ ਹਰ ਅਖ਼ਬਾਰ ਦੀ ਆਪਣੀ-ਆਪਣੀ ਨੀਤੀ ਹੁੰਦੀ ਹੈ। ਉਸੇ ਅਧਾਰ ਨੂੰ ਮੁੱਖ ਰੱਖ ਕੇ ਹੀ ਕਾਲਮ ਲੇਖਕ ਨੇ ਆਪਣਾ ਕਾਲਮ ਲਿਖਣਾ ਹੁੰਦਾ ਹੈ। ਕਾਲਮ ਛਪਣ ਨਾਲ ਅਖਬਾਰ ਦੇ ਪਾਠਕਾਂ ਦੀ ਗਿਣਤੀ ਵਧਦੀ ਰਹਿੰਦੀ ਹੈ। ਪਾਠਕ ਕਾਲਮ ਦੀ ਉਡੀਕ ਕਰਨ ਲਗਦੇ ਹਨ। ਵੱਖ-ਵੱਖ ਅਖ਼ਬਾਰਾਂ ਵਿੱਚ ਸਾਲਾਂ ਬੱਧੀ ਛਪਦੇ ਰਹੇ ਕਾਲਮਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ, ਇਹਨਾਂ ‘ਚੋਂ ਕੁਝ ਛਪਦੇ ਹਨ, ਕੁਝ ਬੰਦ ਹਨ, ਕਿਉਂਕਿ ਕੁਝ ਦੇ ਲੇਖਕ ਜੀਂਦੇ ਹਨ ਕੁਝ ਦੇ ਚੜ੍ਹਾਈ ਕਰ ਗਏ ਹਨ। ਫ਼ਿਕਰ ਤੌਂਸਵੀ ਦੇ ਕਾਲਮ ਦਾ ਨਾਂ-‘ਪਿਆਜ਼ ਕੇ ਛਿਲਕੇ’ ਸੀ। ਬਹੁਤ ਚਰਚਿਤ ਰਿਹਾ ਇਹ ਕਾਲਮ। ਖੁਸ਼ਵੰਤ ਸਿੰਘ ਦਾ ਕਾਲਮ ‘ਨਾ ਕਾਹੂੰ ਸੇ ਦੋਸਤੀ ਨਾ ਕਾਹੂੰ ਸੇ ਵੈਰ’ ਅੱਜ ਵੀ ਛਪਦਾ ਹੈ। ਪੰਜਾਬੀ ਟ੍ਰਿਬਿਊਨ ਵਿੱਚ ਛਪਦਾ ਦਲਬੀਰ ਸਿੰਘ ਦਾ ਕਾਲਮ ‘ਜਗਤ ਤਮਾਸ਼ਾ’ ਬਹੁਤ ਚਰਚਿਤ ਰਿਹਾ। ਪ੍ਰਿੰਸੀਪਲ ਸਰਵਣ ਸਿੰਘ ਦਾ ਕਾਲਮ ‘ਪਿੰਡ ਦੀ ਸੱਥ ‘ਚੋ’ ‘ਸਚਿੱਤਰ ਏਕਤਾ’ ਵਿੱਚ ਪੱਚੀ ਸਾਲ ਤੀਕਰ ਛਪਦਾ ਰਿਹਾ। ਗੁਲਜ਼ਾਰ ਸਿੰਘ ਸੰਧੂ ਦਾ ਕਾਲਮ ‘ਨਿੱਕ ਸੁੱਕ’ ਅੱਜ ਵੀ ਰੋਜਾਨਾ ਅਜੀਤ ਵਿਚ ਛਪਦਾ ਹੈ। ਜਤਿੰਦਰ ਪਨੂੰ ਦੇ ਵੱਖ-ਵੱਖ ਪਰਚਿਆਂ ਵਿੱਚ ਛਪਦੇ ਕਾਲਮ ਬੜੀ ਤੀਬਰਤਾ ਨਾਲ ਪੜ੍ਹੇ ਜਾਂਦੇ ਹਨ। ਸਤਨਾਮ ਸਿੰਘ ਮਾਣਕ ਦੇ ਲਿਖੇ ਕਾਲਮ ਲੋਕ ਪੜ੍ਹਦੇ ਹਨ। ਰਾਮ ਸਰੂਪ ਅਣਖੀ ਨੇ ਜਗ ਬਾਣੀ ਵਿੱਚ ‘ਮੈਂ ਤਾਂ ਬੋਲਾਂਗੀ’ ਨਾਂ ਹੇਠ ਲੇਖਕਾਂ ਦੀਆਂ ਪਤਨੀਆਂ ਨਾਲ ਕਾਲਮ ਦੇ ਰੂਪ ਵਿੱਚ ਮੁਲਾਕਾਤਾਂ ਕੀਤੀਆਂ ਸਨ, ਜੋ ਬਹੁਤ ਚਰਚਿਤ ਰਹੀਆਂ ਸਨ। ਬਾਅਦ ਵਿੱਚ ਇਹਨਾਂ ਦੀ ਕਿਤਾਬ ਵੀ ਛਪੀ ਸੀ।  ਬਹੁਤ ਸਾਰੇ ਲੇਖਕਾਂ ਨੇ ਸਾਹਿਤਕ ਕਾਲਮ ਵੀ ਲਿਖੇ, ਇਹਨਾਂ ਵਿਚ ਜਸਬੀਰ ਭੁੱਲਰ ਦਾ ਕਾਲਮ ‘ਵਿੱਚ ਵਿੱਚ ਦਿਸਦੇ ਤਾਰੇ’ ਵਧੀਆ ਕਾਲਮ ਸੀ। ਭੁਸ਼ਨ ਧਿਆਨਪੁਰੀ ਵੀ ਕਈ ਸਾਲ ਕਾਲਮ ਲਿਖਦਾ ਰਿਹਾ। ਇਹਨਾਂ ਤੋਂ ਹੋਰ ਵੀ ਬਹੁਤ ਸਾਰੇ ਕਾਲਮ ਹਨ, ਜਾਂ ਸਨ, ਜੁ ਬਹੁਤ ਚਰਚਿਤ ਰਹੇ ਪਰ ਇਹਨਾਂ ਦੇ ਲੇਖਕ ਬਰਕਰਾਰੀ ਨਹੀਂ ਰੱਖ ਸਕੇ ਤੇ ਮਜਬੂਰਨ ਉਹ ਕਾਲਮ ਬੰਦ ਹੋ ਗਏ। ਕਦੇ ਵਿਸ਼ਾ ਪੇਤਲਾ ਪੈ ਜਾਂਦਾ, ਕਦੇ ਰੌਚਕਤਾ ਦੀ ਘਾਟ ਹੋ ਜਾਂਦੀ।
ਖੈਰ! ਡਾ.ਦਰਸ਼ਨ ਸਿੰਘ ਹੁਰਾਂ ਨਾਲ ਮੁਲਕਾਤ ਹੋਣ ਅਤੇ ‘ਅਜੀਤ ਵੀਕਲੀ’ ਵਿੱਚ ਕਾਲਮ ਦਾ ਸੱਦਾ ਮਿਲਣ ਨਾਲ ਤੇ ਨਾਲ ਦੀ ਨਾਲ ਸੇਵਾ ਫਲ ਮਿਲਣ ਦੀ ਆਸ ਵਿੱਚ ਮੇਰਾ ਉਤਸ਼ਾਹ ਵਧ ਗਿਆ ਸੀ। ਮੈਂ ਉਹਨੀ ਦਿਨੀ ਟੋਰਾਂਟੋ ਹੀ ਰੁਕਿਆ ਹੋਇਆ ਸੀ। ਪੱਕਾ ਕਾਲਮ ਲਿਖਣਾ ਮੇਰੇ ਕਈ ਬਿਲਕੁੱਲ ਨਵਾਂ ਤਜੱਰਬਾ ਸੀ। ਸੋ, ਮੇਰੇ ਪਾਸ ‘ਜੱਜ ਦਾ ਅਰਦਲੀ’ ਕਿਤਾਬ ਦੀ ਇੱਕ ਕਾਪੀ ਸੀ, ਜੋ ਡਾਕਟਰ ਸਾਹਬ ਹੁਰਾਂ ਨੂੰ ਭੇਟ ਕਰ ਦਿੱਤੀ। ਉਹ ਆਖਣ ਲੱਗੇ, ”ਚਲੋ…ਅਸੀਂ ਇਸੇ ਕਿਤਾਬ ਤੋਂ ਹੀ ਅਰੰਭ ਕਰਦੇ ਹਾਂ, ਹਰ ਹਫ਼ਤੇ ਇੱਕ ਕਿਸ਼ਤ ਛਾਪ ਦਿਆ ਕਰਾਂਗੇ।”  ਇਹ ਆਖ ਕੇ ਉਹਨਾਂ ਮੇਰੀ ਆਸ ਤੋਂ ਵੱਧ ਡਾਲਰ ਵੀ ਮੇਰੀ ਜੇਭ ਵਿੱਚ ਪਾ ਦਿੱਤੇ ਮੈਨੂੰ ਮਹਿਸੁਸ ਹੋਇਆ ਕਿ ਇਹ ਮੇਰੀ ਲਿਖਤ ਦੀ ਕਦਰ ਪਈ ਹੈ। ਕਿੰਨੀ ਮਿਹਨਤ ਨਾਲ ਲੇਖਕ ਲਿਖਦਾ ਹੈ, ਅੱਖਾਂ ਗਾਲਦਾ ਹੈ। ਫਿਰ ਛਪਣ ਭੇਜਦਾ ਹੈ। ਲੋਕ ਨੁਕਤਾਚੀਨੀ ਕਰਦੇ ਹਨ, ਸਿਵਾਏ ਨਿਘੋਚ ਤੋਂ ਲੇਖਕ ਨੁੰ ਮਿਲਦਾ ਕੀ ਹੈ? ਭਾਰਤ ਵਿੱਚ ਤਾਂ ਮਾਹੌਲ ਹੋਰ ਵੀ ਮਾੜਾ ਹੈ, ਕਈ ਸਿਰਮੌਰ ਅਖਬਾਰਾਂ ਵੀ ਇੱਕ ਲੇਖ ਛਾਪਣ ‘ਤੇ ਕਈ ਮਹੀਨਿਆਂ ਮਗਰੋਂ ਅੱਸੀ ਰੁਪੈ ਸੇਵਾਫਲ ਦਿੰਦੀਆਂ ਹਨ, ਅੱਸੀ ਰੁਪੈ ਵਿੱਚ ਸਿਆਹੀ ਤੇ ਕਾਗਜ਼ ਵੀ ਨਹੀਂ ਆਉਂਦੇ। ਇਹ ਗੱਲ ਵੱਖ ਕਿ ਹੁਣ ਕੰਪਿਉਟਰ ਕਾਲਮ ਲਿਖਕੇ ਫਟਾਫਟ ਭੇਜ ਦੇਈਦਾ ਹੈ। ਹੁਣ ਡਾਕ ਵਿੱਚ ਪਾਉਣ ਦੀ ਲੋੜ ਨਹੀਂ ਰਹੀ। ਮੇਰੀ ਕਿਤਾਬ ‘ਜੱਜ ਦਾ ਅਰਦਲੀ’ ਅਜੀਤ ਵੀਕਲੀ ਵਿੱਚ ਛਪਣ ਲੱਗੀ। ਨਾਲ ਮੇਰਾ ਫੋਨ ਨੰਬਰ, ਫੋਟੋ ਤੇ ਈਮੇਲ ਵੀ ਛਪਦਾ। ਹਾਲੇ ਦੋ ਕੁ ਕਿਸ਼ਤਾਂ ਹੀ ਛਪੀਆਂ ਸਨ ਕਿ ਪੂਰੀ ਕੈਨੇਡਾ ਤੇ ਅਮਰੀਕਾ ਦੇ ਪੰਜਾਬੀ ਪਾਠਕਾਂ ਦੀ ਹੱਲਾਸ਼ੇਰੀ ਮਿਲਣ ਲੱਗ ਪਈ ਸੀ।
ਇਸ ਤੋਂ ਪਹਿਲਾਂ ਚਾਹੇ ਮੈਂ ਭਾਰਤ ਵਿੱਚ ਬਹੁਤ ਚਿਰ ਤੋਂ ਲਿਖਦਾ ਆ ਰਿਹਾ ਸਾਂ ਪਰ ਹੁਣ ਤੀਕ ਏਨੇ ਫੋਨ ਤੇ ਪਾਠਕਾਂ ਦਾ ਤੇ ਹੁੰਗਾਰਾ ਕਦੇ ਨਹੀਂ ਸੀ ਮਿਲਿਆ। ਹਾਂ, ਕਦੇ-ਕਦੇ ਕਿਸੇ ਦਾ ਪੋਸਟ ਕਾਰਡ ਜ਼ਰੂਰ ਆ ਜਾਂਦਾ ਸੀ। ਉਹ ਮੈਂ ਸੰਭਾਲ ਲੈਂਦਾ ਸਾਂ ਤੇ ਉਹਨਾਂ ਵਿੱਚੋਂ ਅੱਜ ਵੀ ਮੇਰੇ ਕੋਲ ਕੁਝ ਸੰਭਾਲੇ ਹੋਏ ਪਏ ਹਨ, ਇੱਥੇ ਦਸਦਾ ਜਾਵਾਂ ਕਿ ਆਉਣ ਵਾਲੇ ਵਕਤ ਵਿੱਚ ਇਹਨਾਂ ਪੰਦਰਾ ਪੈਸੇ ਵਾਲੇ ਦਾ ਪੋਸਟ ਕਾਰਡ ਨਹੀਂ ਲੱਭਣਾ। ਹੁਣ ਲੋਕ ਈਮੇਲ ਕਰਦੇ ਹਨ ਜਾਂ ਫੋਨ ‘ਤੇ ਮੈਸਿਜ਼ । ਹੁਣ ਇਹ ਪੋਸਟ ਕਾਰਡ ਡਾਕ ਘਰਾਂ ਵਿੱਚ ਫਾਲਤੂ ਪਏ ਹਨ।
‘ਅਜੀਤ ਵੀਕਲੀ’ ਵਿੱਚ ਮੇਰੀ ਪੁਸਤਕ ‘ਜੱਜ ਦਾ ਅਰਦਲੀ’ ਲੜੀਵਾਰ ਛਪਣ ਨਾਲ ਮੈਨੂੰ ਸਿਰਫ ਕੈਨੇਡਾ ਤੋਂ ਹੀ ਨਹੀਂ ਸਗੋਂ ਅਮਰੀਕਾ ਦੇ ਨਿਊਯਾਰਕ ਤੇ ਕੈਲੀਫੋਰਨੀਆਂ ਤੋਂ ਵੀ ਫੋਨ ਲਗਾਤਾਰ ਆ ਰਹੇ ਸਨ। ਲੋਕ ਇਸ ਕਿਤਾਬ ਦੀ ਮੰਗ ਕਰ ਰਹੇ ਸਨ। ਪਰ ਮੈਂ ਇਹ ਕਿਤਾਬ ਕਿਸੇ ਨੂੰ ਘਰ-ਘਰ ਭੇਜਣ ਦੇ ਉੱਕਾ ਹੀ ਸਮਰੱਥ ਨਹੀਂ ਸਾਂ। ਜਦ ਤੱਕ ‘ਅਜੀਤ ਵੀਕਲੀ’ ਇੰਗਲੈਂਡ ਵਿੱਚ ਵੀ ਛਪਣ ਲੱਗਿਆ ਤੇ ਉਥੇ ਵੀ ਕਿਤਾਬ ਦੀ ਚਰਚਾ ਸੀ। ਲੋਕ ਆਪਣੇ ਆਪਣੇ ਤੌਰ ‘ਤੇ ਇਸ ਕਿਤਾਬ ਨੂੰ ਲੱਭਣ ਲੱਗੇ ਤੇ ਮੇਰੇ ਨਾਲ ਪੜ੍ਹ ਕੇ ਸੰਪਰਕ ਕਰਨ ਲੱਗੇ। ਜਦ ਵੀ ਮੈਂ ਬਦੇਸ਼ ਆਉਂਦਾ ਤਾਂ ਲੋਕ ‘ਬਾਵਾ ਬੋਲਦਾ ਹੈ’ ਪੜ੍ਹਨ ਕਰਕੇ ਹੀ ਮੈਨੂੰ ਮਿਲਦੇ ਤੇ ਭਾਰਤ ਫੇਰੀ ‘ਤੇ ਆਏ ਹੋਏ ਵੀ ਉਚੇਚਾ ਮਿਲਦੇ। ਉਦੋਂ ਤੱਕ ਇਹ ਕਿਤਾਬ ਬਰਨਾਲੇ ਵਾਲੇ ਅਮਿਤ ਮਿੱਤਰ ਵਿਸ਼ਵ ਭਾਰਤੀ ਪ੍ਰਕਾਸ਼ਨ ਬਰਨਾਲਾ ਨੇ ਤੀਜਾ ਐਡੀਸ਼ਨ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤੀ ਹੋਈ ਸੀ ਤੇ ਮੁੱਲ ਸੀ ਸਿਰਫ਼ 20 ਰੁਪਏ ਰੱਖਿਆ ਗਿਆ ਸੀ ਤੇ ਬਾਅਦ ਵਿੱਚ ਇਸਨੂੰ ਚੇਤਨਾ ਪ੍ਰਕਾਸ਼ਨ ਦੇ ਸਤੀਸ਼ ਗੁਲਾਟੀ ਨੇ ਪ੍ਰਕਾਸ਼ਿਤ ਕੀਤਾ, ਜਿਸਦਾ ਹੁਣ ਤੀਕ ਨੌਵਾਂ ਅਡੀਸ਼ਨ ਛਪ ਚੁੱਕਾ ਹੈ ਤੇ ਲਗਭਗ ਅੱਧੀ ਦਰਜਨ ਭਾਰਤੀ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕੀ ਹੈ।
ਮੇਰੇ ਲਈ ਇੱਕ ਕਾਲਮ ਲੇਖਕ ਦੇ ਤੌਰ ‘ਤੇ ਸਭ ਤੋਂ ਭਲੀ ਅਤੇ ਰਾਹਤ ਵਾਲੀ ਗੱਲ ਇਹ ਰਹੀ ਕਿ ‘ਅਜੀਤ ਵੀਕਲੀ’ ਦੇ ਮੁੱਖ ਸੰਪਾਦਕ ਡਾ. ਦਰਸ਼ਨ ਸਿੰਘ ਨੇ ਮੈਨੂੰ ਕਈ ਖੁੱਲ੍ਹਾਂ ਦੇ ਰੱਖੀਆਂ ਸਨ।  ਉਹ ਇਹ ਸਨ ਕਿ ਮੈਨੂੰ ਕੁਝ ਵੀ ਲਿਖਣ ਦੀ ਆਜ਼ਾਦੀ ਸੀ ਤੇ ਕਿੰਨਾਂ ਵੀ ਲਿਖਣ ਦੀ ਵੀ। ਕੋਈ ਬੰਧਨ ਨਹੀਂ ਸੀ। ਸੋ, ਮੈ ਹਰ ਵਿਸ਼ੈ ਉਤੇ ਲਿਖਦਾ ਰਿਹਾ। ਆਪਣੇ ਨਿੱਜ ਬਾਬਤ ਵੀ ਕਾਫੀ ਲਿਖਿਆ, ਜਿਸ ਵਿੱਚ ਲੋਕਾਂ ਦੀ ਵਿਸੈਸ਼ ਰੁਚੀ ਰਹੀ ਹੈ। ਵੱਖ-ਵੱਖ ਖੇਤਰਾਂ ਦੇ ਮਹਾਨ ਲੋਕਾਂ ਬਾਰੇ ਤਾਂ ਲਿਖਿਆ ਹੀ ਬਹੁਤ। ਖਾਸ ਕਰ ਵੱਡੇ ਤੇ ਪ੍ਰਸਿੱਧ ਲੋਕਾਂ ਬਾਰੇ, ਪਿਛਲੇ ਪਹਿਰ ਰੁਲ ਰਹੇ ਲੇਖਕਾਂ ਤੇ ਕਲਾਕਾਰਾਂ ਬਾਰੇ। ਅਜਿਹਾ ਲਿਖਿਆ ਪਾਠਕਾਂ ਨੇ ਬਹੁਤ ਪਸੰਦ ਕੀਤਾ। ਅਜਿਹੇ ਲੋਕਾਂ ਦੇ ਤਾਜ਼ਾ ਹਾਲਾਤਾਂ ਬਾਰੇ  ਮੈਂ ਲਿਖਦਾ ਰਿਹਾ ਅਤੇ ਘਰ ਬੈਠਿਆ ਹੀ ਨਹੀਂ ਸੀ ਲਿਖਦਾ, ਸਗੋਂ ਉਹਨਾਂ ਦੇ ਘਰਾਂ ਵਿੱਚ ਜਾਂਦਾ ਤੇ ਉਹਨਾਂ ਨੂੰ ਮਿਲਕੇ ਬਾਰੀਕੀ ਨਾਲ ਲਿਖਦਾ ਹੁੰਦਾ। ਕਦੇ ਕਦੇ ਪੰਜਾਬ ਦੀ ਕਿਤੇ ਤਾਜ਼ਾ ਘਟਨਾ ਉਤੇ ਵੀ ਲਿਖ ਦਿੰਦਾ ਸੀ। ਕੁਲ ਮਿਲਾ ਕੇ ਮੇਰਾ ਕਾਲਮ ਵੰਨ-ਸੁਵੰਨਤਾ ਭਰਪੂਰ ਸੀ, ਪਾਠਕ ਬੋਰ ਨਹੀਂ ਸੀ ਹੁੰਦੇ, ਜਿਸਦਾ ਮੈਨੂੰ ਡਰ ਸੀ। ਦੂਜਾ ਇਹ ਵੀ ਦੱਸ ਦੇਵਾਂ ਕਿ ਮਂ ਆਪਣੇ ਕਾਲਮ ਨੂੰ ਕਿਸੇ ਦੀ ਭੰਡੀ ਕਰਨ ਜਾਂ ਕੂੜਾ ਪ੍ਰਚਾਰ ਲਈ ਨਹੀਂ ਅਪਣਾਇਆ। ਹਾਂ, ਕਦੇ ਕਦੇ ਥੋੜ੍ਹਾ ਤਿੱਖਾ ਲਿਖ ਹੋ ਜਾਂਦਾ ਸੀ, ਜਿਸ ਨੂੰ ਪਾਠਕ ਮਾੜਾ ਨਹੀਂ ਮੰਨਦੇ ਸਨ।
ਇੱਥੇ ਇਹ ਵੀ ਦਸਦਾ ਜਾਵਾਂ ਕਿ ਉਸ ਵੇਲੇ ‘ਅਜੀਤ ਵੀਕਲੀ’ ਵਿੱਚ ਸਿਰਫ਼ ਇੱਕੋ ਹੀ ਕਾਲਮ ਭਾਰਤ ਤੋਂ ਲਿਖਿਆ ਜਾਂਦਾ ਸੀ, ਉਹ ਪ੍ਰਤੀਕ ਸਿੰਘ ਦੇ ਨਾਂ ਹੇਠ ‘ਪੰਜਾਬ ਡਾਇਰੀ’ ਜਾਂ ਸ਼ਾਇਦ ‘ਪੰਜਾਬ ਪਰਿਕ੍ਰਮਾਂ’ ਡਾ ਆਤਮਜੀਤ ਲਿਖਦੇ ਸਨ। ਜਦ ‘ਬਾਵਾ ਬੋਲਦਾ ਹੈ’ ਕਾਲਮ ਨੂੰ ਕੁਝ ਸਾਲਾਂ ਵਿੱਚ ਵੱਡਾ ਰਿਪਸਾਂਸ ਮਿਲਣ ਲੱਗਿਆ ਤਾਂ ਡਾ ਦਰਸ਼ਨ ਸਿੰਘ ਜੀ ਆਖਣ ਲੱਗੇ ਕਿ ਆਪਾਂ ਨੂੰ ਅਜਿਹੇ ਕੁਝ ਹੋਰ ਕਾਲਮ ਜਾਂ ਲੜੀਵਾਰ ਕਿਤਾਬਾਂ ਲੜੀਵਾਰ ਛਾਪਣ ਦੀ ਲੋੜ ਹੈ। ਅਜਿਹੇ ਲੇਖਕਾਂ ਅਤੇ ਕਿਤਾਬਾਂ ਦੀ ਜਲਦੀ ਭਾਲ ਕਰੋ।   ਸੋ,ਬਲਦੇਵ ਸਿੰਘ ਦੀ ਚਰਚਿਤ ਕਿਤਾਬ ‘ਸੜਕਨਾਮਾ’ ਲੜੀਵਾਰ ਸੁਰੂ ਕਰ ਦੱਤੀ, ਜੁ ਪੰਜਾਬ ਵਿੱਚ ਬਹੁਤ ਮਕਬੂਲ ਹੋਈ ਸੀ, ਬਦੇਸ਼ੀ ਪੰਜਾਬੀਆਂ ਨੇ ਬਹਤੁ ਪਸੰਦ ਕੀਤੀ। ਇਸੇ ਲੜੀ ਵਿੱਚ ਜਰਨੈਲ ਸਿੰਘ ਸੇਖਾ ਦਾ ਨਾਵਲ ‘ਭਗੌੜਾ’ ਛਾਪਿਆ। ਹਰਕੇਸ਼ ਸਿੰਘ ਸਿੱਧੂ ਆਈ.ਏ.ਐੱਸ ਦਾ ਕਾਲਮ ‘ਮੇਰੀਆਂ ਅਭੁੱਲ ਯਾਦਾਂ’ ਅਰੰਭ ਕਰਵਾਇਆ ਗਿਆ। ਜਸਵੰਤ ਦੀਦ ਦੀਆਂ ਲਿਖਤਾਂ ਛਾਪਣੀਆਂ ਸ਼ੁਰੂ ਕੀਤੀਆਂ। ਹੋਰ ਵੀ ਕਈ ਲੇਖਕ ‘ਅਜੀਤ ਵੀਕਲੀ’ ਨਾਲ ਜੋੜੇ। ਖ਼ੈਰ!
(ਬਾਕੀ ਅਗਲੇ ਹਫਤੇ)
[email protected]

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …