ਅੰਮ੍ਰਿਤਸਰ/ਬਿਊਰੋ ਨਿਊਜ਼ : ਕਰੋਨਾ ਮਹਾਮਾਰੀ ਕਾਰਨ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਇਸ ਵਾਰ ਤਿੰਨ ਮਹੀਨੇ ਪੱਛੜ ਕੇ 4 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ ਜੋ ਇਕ ਮਹੀਨਾ ਚੱਲੇਗੀ। ਲਗਪਗ 15 ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਾਪਤ ਗੁਰਦੁਆਰਾ ਹੇਮਕੁੰਟ ਸਾਹਿਬ ਵਿਖੇ ਚਾਰ ਸਤੰਬਰ ਨੂੰ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਵੇਗਾ। ਫੌਜੀ ਬੈਂਡ ਅਤੇ ਸੰਗਤ ਦੀ ਹਾਜ਼ਰੀ ਵਿਚ ਸੁੱਖ ਅਸਥਾਨ ਤੋਂ ਪਾਵਨ ਸਰੂਪ ਜੈਕਾਰਿਆਂ ਦੀ ਗੂੰਜ ਵਿਚ ਦੀਵਾਨ ਹਾਲ ਲਿਆਂਦਾ ਜਾਵੇਗਾ ਜਿਥੇ ਪਹਿਲੀ ਅਰਦਾਸ ਅਤੇ ਹੁਕਮਨਾਮੇ ਤੋਂ ਬਾਅਦ ਸੁਖਮਨੀ ਸਾਹਿਬ ਦਾ ਪਾਠ ਆਰੰਭ ਹੋਵੇਗਾ। ਹੇਮਕੁੰਟ ਸਾਹਿਬ ਟਰਸੱਟ ਵਲੋਂ ਯਾਤਰਾ ਲਈ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਜਿਸ ਤਹਿਤ ਹਰਿਦੁਆਰ ਤੋਂ ਹੇਮਕੁੰਟ ਸਾਹਿਬ ਤੱਕ ਸੱਤ ਗੁਰਦੁਆਰਾ ਸਾਹਿਬਾਨਾਂ ਵਿਚ ਲੋੜੀਂਦਾ ਅਮਲਾ ਤਾਇਨਾਤ ਕੀਤਾ ਗਿਆ ਹੈ। ਇਥੇ ਸੰਗਤ ਦੀ ਰਿਹਾਇਸ਼ ਅਤੇ ਮੈਡੀਕਲ ਸਹੂਲਤਾਂ ਦੇ ਪ੍ਰਬੰਧ ਕੀਤੇ ਗਏ ਹਨ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਬਰਫ ਹਟਾ ਦਿੱਤੀ ਗਈ ਹੈ ਤੇ ਗੁਰਦੁਆਰਾ ਗੋਬਿੰਦ ਘਾਟ ਤੋਂ ਗੁਰਦੁਆਰਾ ਗੋਬਿੰਦ ਧਾਮ ਅਤੇ ਹੇਮਕੁੰਟ ਸਾਹਿਬ ਤੱਕ ਰਸਤਾ ਠੀਕ ਕੀਤਾ ਗਿਆ ਹੈ।
ਕਰੋਨਾ ਰਿਪੋਰਟ ਤੋਂ ਬਿਨਾ ਆਉਣ ਵਾਲੇ ਕੀਤੇ ਜਾਣਗੇ ਇਕਾਂਤਵਾਸ
ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ‘ਤੇ ਆਉਣ ਵਾਲੇ ਹਰੇਕ ਸ਼ਰਧਾਲੂ ਕੋਲ ਕਰੋਨਾ ਟੈਸਟ ਆਰਟੀ-ਟੀਸੀਆਰ ਦੀ ਨੈਗੇਟਿਵ ਰਿਪੋਰਟ ਹੋਣੀ ਜ਼ਰੂਰੀ ਹੈ। 72 ਘੰਟੇ ਪਹਿਲਾਂ ਕਰਵਾਏ ਗਏ ਇਸ ਟੈਸਟ ਦੀ ਰਿਪੋਰਟ ਨੂੰ ‘ਸਮਾਰਟ ਸਿਟੀ ਦੇਹਰਾਦੂਨ’ ਦੀ ਵੈਬਸਾਈਟ ‘ਤੇ ਪਾ ਕੇ ‘ਈ-ਪਾਸ’ ਲੈਣਾ ਜ਼ਰੂਰੀ ਹੈ ਜਿਸ ਵਿਚ ਵਾਹਨ ਦੀ ਰਜਿਸਟਰੇਸ਼ਨ ਅਤੇ ਸ਼ਰਧਾਲੂਆਂ ਦੀ ਗਿਣਤੀ ਵੀ ਦਰਜ ਹੋਵੇਗੀ। ਉਤਰਾਖੰਡ ਸਰਕਾਰ ਵਲੋਂ ਇਸ ਯਾਤਰਾ ਵਾਸਤੇ ਇਕ ਦਿਨ ਵਿਚ ਸਿਰਫ 200 ਯਾਤਰੀਆਂ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ। ਕਰੋਨਾ ਸਬੰਧੀ ਟੈਸਟ ਦੀ ਨੈਗੇਟਿਵ ਰਿਪੋਰਟ ਅਤੇ ਬਿਨਾ ਪ੍ਰਵਾਨਗੀ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਇਥੇ ਪ੍ਰਸ਼ਾਸਨ ਵਲੋਂ ਇਕਾਂਤਵਾਸ ਵਿਚ ਰੱਖਿਆ ਜਾਵੇਗਾ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …