Breaking News
Home / ਹਫ਼ਤਾਵਾਰੀ ਫੇਰੀ / ਪੋਲਿੰਗ ਬੂਥਾਂ ‘ਤੇ ਵੋਟਰਾਂ ਦੇ ਜਵਾਕ ਖਿਡਾਉਣਗੀਆਂ ਆਂਗਣਵਾੜੀ ਵਰਕਰ

ਪੋਲਿੰਗ ਬੂਥਾਂ ‘ਤੇ ਵੋਟਰਾਂ ਦੇ ਜਵਾਕ ਖਿਡਾਉਣਗੀਆਂ ਆਂਗਣਵਾੜੀ ਵਰਕਰ

ਚੋਣ ਕਮਿਸ਼ਨ ਦੀ ਜ਼ਿਲ੍ਹਾ ਪ੍ਰੋਗਰਾਮ ਅਫਸਰਾਂ ਨੂੰ ਚਿੱਠੀ, ਪੋਲਿੰਗ ਬੂਥਾਂ ‘ਤੇ ਮਿੰਨੀ ਕ੍ਰੈਚ ਬਣਾਉਣ ਦੇ ਨਿਰਦੇਸ਼
ਪਟਿਆਲਾ : ਜੇਕਰ ਤੁਸੀਂ ਕਿਸੇ ਬੱਚੇ ਦੀ ਮਾਂ ਹੋ ਅਤੇ ਬੱਚਾ ਸੰਭਾਲਣ ਦੀ ਫਿਕਰ ਵਿਚ 19 ਮਈ ਨੂੰ ਵੋਟ ਪਾਉਣ ਨੂੰ ਲੈ ਕੇ ਕਨਫਿਊਜ਼ਡ ਹੋ ਤਾਂ ਚੋਣ ਕਮਿਸ਼ਨ ਨੇ ਤੁਹਾਡੀਆਂ ਸਾਰੀਆਂ ਚਿੰਤਾਵਾਂ ਖਤਮ ਕਰ ਦਿੱਤੀਆਂ ਹਨ। ਜੀ ਹਾਂ, ਚੋਣ ਕਮਿਸ਼ਨ ਨੇ ਸੂਬੇ ਦੇ ਸਾਰੇ ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ ਚਿੱਠੀ ਲਿਖ ਕੇ 19 ਮਈ ਨੂੰ ਵੋਟਾਂ ਵਾਲੇ ਦਿਨ ਸਾਰੇ ਪੋਲਿੰਗ ਬੂਥਾਂ ‘ਤੇ ਆਂਗਣਬਾੜੀ ਵਰਕਰਾਂ ਦੀ ਡਿਊਟੀ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਨਿਰਦੇਸ਼ਾਂ ਵਿਚ ਸਾਫ ਕਿਹਾ ਗਿਆ ਹੈ ਕਿ ਪੋਲਿੰਗ ਬੂਥ ‘ਤੇ ਕੋਈ ਛੋਟੇ ਬੱਚੇ ਵਾਲੀ ਮਹਿਲਾ ਵੋਟ ਪਾਉਣ ਆਉਂਦੀ ਹੈ ਤਾਂ ਆਂਗਣਵਾੜੀ ਵਰਕਰਾਂ ਨਾ ਸਿਰਫ ਉਸ ਬੱਚੇ ਨੂੰ ਸੰਭਾਲਣਗੀਆਂ, ਬਲਕਿ ਉਸ ਬੱਚੇ ਦਾ ਮਨ ਬਹਿਲਾਉਣ ਲਈ ਪੋਲਿੰਗ ਬੂਥ ‘ਤੇ ਮਿੰਨੀ ਕ੍ਰੈਚ ਵਿਚ ਉਸ ਨੂੰ ਖਿਡਾਉਣਗੀਆਂ ਵੀ। ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਇਹ ਯਕੀਨੀ ਬਣਾਉਣ ਕਿ ਹਰ ਪੋਲਿੰਗ ਬੂਥ ‘ਤੇ ਮਿੰਨੀ ਕ੍ਰੈਚ ਬਣਾਇਆ ਜਾਵੇ, ਜਿਸ ਵਿਚ ਇਹ ਬੱਚੇ ਆਰਾਮ ਨਾਲ ਖੇਡ ਕੁੱਦ ਸਕਣ। ਸਾਰੀਆਂ ਆਂਗਣਵਾੜੀ ਵਰਕਰਾਂ ਨੂੰ 19 ਮਈ ਨੂੰ ਵੋਟਿੰਗ ਵਾਲੇ ਦਿਨ ਸਵੇਰੇ 7.00 ਵਜੇ ਸਬੰਧਤ ਬੂਥਾਂ ‘ਤੇ ਪਹੁੰਚ ਜਾਣ ਦੇ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਪੰਜਾਬ ਵਿਚ 26 ਹਜ਼ਾਰ 666 ਆਂਗਣਵਾੜੀ ਸੈਂਟਰਾਂ ਵਿਚ 53 ਹਜ਼ਾਰ ਆਂਗਣਵਾੜੀ ਵਰਕਰ ਅਤੇ ਹੈਲਪਰ ਕੰਮ ਕਰ ਰਹੀਆਂ ਹਨ।
ਸਾਡੇ ਕੋਲ ਮੁੱਢਲਾ ਇਨਫਰਾਸਟਰੱਕਚਰ ਵੀ ਨਹੀਂ : ਮੀਟਿੰਗ ਕਰਕੇ ਸਾਨੂੰ ਕਿਹਾ ਗਿਆ ਕਿ ਵੋਟਿੰਗ ਵਾਲੇ ਦਿਨ ਲੋਕਾਂ ਦੀ ਲਾਈਨਾਂ ਬਣਵਾਉਣੀਆਂ ਹਨ, ਪਾਣੀ ਪਿਲਾਉਣਾ ਹੈ ਅਤੇ ਬੂਥ ਪਰਚੀਆਂ ਵੰਡਣੀਆਂ ਹਨ। ਹੁਣ ਮਹਿਲਾ ਵੋਟਰਾਂ ਦੇ ਬੱਚੇ ਖਿਡਾਉਣ ਦੇ ਨਿਰਦੇਸ਼ ਆਏ ਹਨ। ਆਰਜ਼ੀ ਕ੍ਰੈਚ ਬਣਾ ਕੇ ਬੱਚੇ ਸੰਭਾਲਾਂਗੇ ਪਰ ਬੇਸਿਕ ਇਨਫਰਾਸਟਰੱਕਚਰ ਤਾਂ ਮੁਹੱਈਆ ਕਰਵਾ ਦਿਓ। ਅਸੀਂ ਡਿਪਟੀ ਕਮਿਸ਼ਨਰਾਂ ਨੂੰ ਮਿਲ ਕੇ ਸਮੱਸਿਆਵਾਂ ਬਾਰੇ ਦੱਸਾਂਗੀਆਂ।
ਅੰਮ੍ਰਿਤਪਾਲ ਕੌਰ, ਪ੍ਰਧਾਨ ਆਂਗਣਬਾੜੀ ਵਰਕਰ ਯੂਨੀਅਨ
ਚੋਣ ਕਮਿਸ਼ਨ ਜੋ ਨਿਰਦੇਸ਼ ਦੇਵੇਗਾ ਸਹੂਲਤਾਂ ਮੁਹੱਈਆ ਕਰਾਵਾਂਗੇ : ਚੋਣ ਕਮਿਸ਼ਨ ਨੇ ਜੋ ਪੋਲਿੰਗ ਬੂਥਾਂ ‘ਤੇ ਆਂਗਣਵਾੜੀ ਵਰਕਰ-ਹੈਲਪਰ ਦੀ ਤੈਨਾਤੀ ਨੂੰ ਕਿਹਾ ਤਾਂ ਅਸੀਂ ਕਰ ਦਿੱਤੀ ਹੈ। ਬੱਚਿਆਂ ਨੂੰ ਸੰਭਾਲਣ, ਖਾਣ-ਪੀਣ ਦਾ ਸਮਾਨ ਦੇਣ ਦੇ ਨਿਰਦੇਸ਼ ਸਾਡੇ ਕੋਲ ਨਹੀਂ ਹਨ। ਕਮਿਸ਼ਨ ਜੋ ਵੀ ਨਿਰਦੇਸ਼ ਦੇਵੇਗਾ, ਉਸ ਮੁਤਾਬਕ ਸਹੂਲਤਾਂ ਮੁਹੱਈਆ ਕਰਵਾ ਦਿਆਂਗੇ।
ਗੁਲਬਹਾਰ ਸਿੰਘ ਤੂਰ, ਜ਼ਿਲ੍ਹਾ ਪ੍ਰੋਗਰਾਮ ਅਫਸਰ, ਸਮਾਜਿਕ ਅਤੇ ਬਾਲ ਸੁਰੱਖਿਆ ਵਿਭਾਗ
ਕ੍ਰੈਚ ਤਾਂ ਬਣਾ ਦਿੱਤੇ ਨਾ ਬੱਚਿਆਂ ਲਈ ਰਿਫਰੈਸਮੈਂਟ, ਨਾ ਗੱਦੇ ਅਤੇ ਨਾ ਖਿਡਾਉਣੇ
ਚੋਣ ਕਮਿਸ਼ਨ ਨੇ ਹਰ ਪੋਲਿੰਗ ਬੂਥ ‘ਤੇ ਮਿੰਨੀ ਕ੍ਰੈਚ ਬਣਾਉਣ ਦੇ ਨਿਰਦੇਸ਼ ਤਾਂ ਜਾਰੀ ਕਰ ਦਿੱਤੇ ਹਨ, ਪਰ ਇਸ ਵਿਚ ਕੁਝ ਮੁਸ਼ਕਲਾਂ ਵੀ ਹਨ। ਆਂਗਣਵਾੜੀ ਵਰਕਰ ਯੂਨੀਅਨ ਦੀ ਪ੍ਰਧਾਨ ਅੰਮ੍ਰਿਤਪਾਲ ਕੌਰ ਮੁਤਾਬਕ ਕ੍ਰੈਚ ਦੀ ਸਭ ਤੋਂ ਪਹਿਲੀ ਜ਼ਰੂਰੀ ਗੇਮਜ਼ (ਖਿਡਾਉਣੇ) ਹੁੰਦੀ ਹੈ ਤਾਂ ਕਿ ਛੋਟੇ ਬੱਚਿਆਂ ਨੂੰ ਬਹਿਲਾਇਆ ਜਾ ਸਕੇ, ਪਰ ਉਨ੍ਹਾਂ ਕੋਲ ਖਿਡਾਉਣਿਆਂ ਦਾ ਕੋਈ ਸਟਾਕ ਹੀ ਨਹੀਂ ਹੈ। ਇਸ ਤੋਂ ਇਲਾਵਾ ਆਰਜ਼ੀ ਤੌਰ ‘ਤੇ ਬਣਾਏ ਜਾ ਰਹੇ ਕ੍ਰੈਚ ਵਿਚ ਪੱਖਾ, ਪਾਣੀ, ਬਿਜਲੀ ਦਾ ਵੀ ਕੋਈ ਅਤਾ-ਪਤਾ ਨਹੀਂ ਹੈ। ਬੱਚਿਆਂ ਨੂੰ ਬਿਠਾਉਣ ਲਈ ਗੱਦੇ ਕਿੱਥੋਂ ਮਿਲਣਗੇ, ਜਾਣਕਾਰੀ ਨਹੀਂ ਦਿੱਤੀ ਗਈ ਹੈ। ਬੱਚਿਆਂ ਲਈ ਖਾਣ ਪੀਣ ਦਾ ਆਂਗਣਵਾੜੀ ਦਾ ਸਮਾਨ ਹੈ, ਪਰ ਇਹ ਬੱਚਿਆਂ ਨੂੰ ਦੇਣਾ ਹੈ ਜਾਂ ਨਹੀਂ, ਸਰਕਾਰ ਨੇ ਸਪੱਸ਼ਟ ਨਹੀਂ ਕੀਤਾ ਹੈ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …