Breaking News
Home / ਹਫ਼ਤਾਵਾਰੀ ਫੇਰੀ / ਏਅਰ ਸਟ੍ਰਾਈਕ ‘ਤੇ ਬੋਲ ਕੇ ਘਿਰੇ ਨਰਿੰਦਰ ਮੋਦੀ

ਏਅਰ ਸਟ੍ਰਾਈਕ ‘ਤੇ ਬੋਲ ਕੇ ਘਿਰੇ ਨਰਿੰਦਰ ਮੋਦੀ

ਬੱਦਲਾਂ ਤੇ ਪਾਕਿ ਰਾਡਾਰ ਨੇ ਫੜਿਆ ਮੋਦੀ ਦਾ ਅਗਿਆਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਦਿਨੀਂ ਕਿਹਾ ਕਿ ਜਦੋਂ ਬਾਲਾਕੋਟ ਏਅਰ ਸਟ੍ਰਾਈਕ ਦੀ ਯੋਜਨਾ ਬਣ ਰਹੀ ਸੀ ਤਾਂ ਮੈਂ ਮਾਹਿਰਾਂ ਨੂੰ ਸੁਝਾਅ ਦਿੱਤਾ ਸੀ। ਮੋਦੀ ਨੇ ਕਿਹਾ ਕਿ ਮੌਸਮ ਇਕਦਮ ਖਰਾਬ ਹੋ ਗਿਆ ਸੀ। ਅਸਮਾਨ ‘ਤੇ ਬੱਦਲ ਛਾਏ ਸਨ, ਭਾਰੀ ਮੀਂਹ ਪੈ ਰਿਹਾ ਸੀ, ਕੁਝ ਮਾਹਿਰਾਂ ਨੇ ਕਿਹਾ ਕਿ ਜੇਕਰ ਅਸੀਂ ਤਾਰੀਖ ਬਦਲ ਦੇਈਏ ਤਾਂ? ਪਰ ਮੇਰੇ ਦਿਮਾਗ ਵਿਚ ਦੋ ਗੱਲਾਂ ਸਨ – ਇਕ ਇਸ ਗੱਲ ਦਾ ਗੁਪਤ ਰਹਿਣਾ, ਦੂਜਾ ਮੈਂ ਮਾਹਿਰਾਂ ਨੂੰ ਕਿਹਾ ਕਿ ਮੈਂ ਕੋਈ ਅਜਿਹਾ ਵਿਅਕਤੀ ਨਹੀਂ ਹਾਂ ਜੋ ਵਿਗਿਆਨ ਦਾ ਜਾਣਕਾਰ ਹਾਂ। ਮੈਂ ਕਿਹਾ ਕਿ ਉਥੇ ਬੱਦਲ ਛਾਏ ਹਨ, ਪਰ ਇਹ ਫਾਇਦੇਮੰਦ ਵੀ ਹਨ। ਇਸ ਨਾਲ ਅਸੀਂ ਪਾਕਿ ਰਾਡਾਰ ਤੋਂ ਬਚ ਸਕਦੇ ਹਾਂ। ਹਰ ਕੋਈ ਉਲਝਣ ਵਿਚ ਪੈ ਗਿਆ। ਆਖਰਕਾਰ ਮੈਂ ਕਿਹਾ ਕਿ ਚਲੋ ਕਰਦੇ ਹਾਂ। ਫਿਜ਼ਿਕਸ ਵਿਚ ਹੁਣ ਤੱਕ ਵਿਦਿਆਰਥੀਆਂ ਨੂੰ ਇਹ ਪੜ੍ਹਾਇਆ ਜਾਂਦਾ ਰਿਹਾ ਹੈ ਕਿ ਰਾਡਾਰ ਕਿਸੇ ਵੀ ਮੌਸਮ ਵਿਚ ਕੰਮ ਕਰਨ ਵਿਚ ਸਮਰੱਥ ਹੁੰਦੀ ਹੈ ਅਤੇ ਇਹ ਆਪਣੀਆਂ ਸੂਖਮ ਤਰੰਗਾਂ ਰਾਹੀਂ ਜਹਾਜ਼ ਦਾ ਪਤਾ ਲਾ ਲੈਂਦੀ ਹੈ। ਸ਼ੋਸ਼ਲ ਮੀਡੀਆ ‘ਤੇ ਨਰਿੰਦਰ ਮੋਦੀ ਦੇ ਇਸ ਬਿਆਨ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਜਿੱਥੇ ਟ੍ਰੋਲਰ ਉਨ੍ਹਾਂ ਨੂੰ ਫਿਜ਼ਿਕਸ ਪੜ੍ਹਨ ਦੀ ਫਜੀਹਤ ਦੇ ਰਹੇ ਹਨ, ਉਥੇ ਹੀ ਹੈਦਰਾਬਾਦ ਦੇ ਨੇਤਾ ਓਵੈਸੀ ਨੇ ਕਿਹਾ ਕਿ ਮੋਦੀ ਜੀ ਤੁਸੀਂ ਗ਼ਜ਼ਬ ਦੇ ਐਕਸਪਰਟ ਹੋ।
‘ਬੱਦਲਾਂ ਦੀ ਥਿਊਰੀ’ ਮਗਰੋਂ ਡਿਜੀਟਲ ਕੈਮਰੇ ਤੇ ਈਮੇਲ ਲਈ ਨਿਸ਼ਾਨਾ ਬਣੇ ਮੋਦੀ
ਨਵੀਂ ਦਿੱਲੀ : ‘ਬੱਦਲਾਂ ਬਾਰੇ ਥਿਊਰੀ’ ਕਰਕੇ ਸੋਸ਼ਲ ਮੀਡੀਆ ‘ਤੇ ਮਖੌਲ ਦਾ ਪਾਤਰ ਬਣਨ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਸਾਲ 1987-88 ਵਿੱਚ ਡਿਜੀਟਲ ਕੈਮਰੇ ਤੇ ਈਮੇਲ ਦੀ ਵਰਤੋਂ ਕਰਨ ਸਬੰਧੀ ਦਾਅਵਾ ਕਰਕੇ ਸਿਆਸਤਦਾਨਾਂ ਤੇ ਟਵਿੱਟਰ ਵਰਤੋਂਕਾਰਾਂ ਦੇ ਨਿਸ਼ਾਨੇ ‘ਤੇ ਆ ਗਏ ਹਨ। ਮੋਦੀ ਨੇ ਇਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਦਾਅਵਾ ਕੀਤਾ ਸੀ ਕਿ ਉਨ੍ਹਾਂ ਆਪਣੇ ਸਿਆਸੀ ਗੁਰੂ ਤੇ ਪਾਰਟੀ ਦੇ ਬਜ਼ੁਰਗ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੂੰ ਫੋਟੋਆਂ ਭੇਜਣ ਲਈ ਡਿਜੀਟਲ ਕੈਮਰਾ ਵਰਤਿਆ ਸੀ ਤੇ ਉਸ ਵੇਲੇ ਕੁਝ ਮੁੱਠੀ ਭਰ ਲੋਕਾਂ ਕੋਲ ਈਮੇਲ ਹੁੰਦੀ ਸੀ।ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਇਕ ਸਵਾਲ ਦੇ ਜਵਾਬ ਵਿਚ ਮੋਦੀ ਨੇ ਕਿਹਾ, ‘1987-88 ਵਿੱਚ ਸ਼ਾਇਦ ਮੈਂ ਪਹਿਲਾ ਸ਼ਖ਼ਸ ਸੀ, ਜਿਸ ਨੇ ਡਿਜੀਟਲ ਕੈਮਰੇ ਦੀ ਵਰਤੋਂ ਕੀਤੀ। ਉਸ ਵੇਲੇ ਗਿਣੇ ਚੁਣੇ ਲੋਕਾਂ ਕੋਲ ਈਮੇਲ ਹੁੰਦੀ ਸੀ। ਵੀਰਮਗਾਮ (ਗੁਜਰਾਤ) ਵਿੱਚ ਅਡਵਾਨੀ ਜੀ ਦੀ ਰੈਲੀ ਸੀ ਤੇ ਮੈਂ ਆਪਣੇ ਡਿਜੀਟਲ ਕੈਮਰੇ ‘ਤੇ ਉਨ੍ਹਾਂ ਦੀ ਤਸਵੀਰ ਖਿੱਚੀ੩, ਉਸ ਵੇਲੇ ਮੇਰੇ ਕੋਲ ਇਹ ਸੀ। ਮਗਰੋਂ ਮੈਂ ਇਹ ਤਸਵੀਰਾਂ ਦਿੱਲੀ ਤਬਦੀਲ ਕੀਤੀਆਂ ਤੇ ਅਗਲੇ ਦਿਨ ਇਹ ਰੰਗਦਾਰ ਰੂਪ ਵਿੱਚ ਪ੍ਰਕਾਸ਼ਿਤ ਹੋਈਆਂ। ਅਡਵਾਨੀ ਜੀ ਹੈਰਾਨ ਸਨ ਕਿ ਉਨ੍ਹਾਂ ਦੀ ਇਹ ਰੰਗਦਾਰ ਫੋਟੋ ਕਿਵੇਂ ਛਪੀ। ਇੰਟਰਵਿਊ ਦਾ ਅਣਗੌਲਿਆਂ ਜਿਹਾ ਹਿੱਸਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਮਗਰੋਂ ਟਵਿੱਟਰ ‘ਤੇ ਪ੍ਰਧਾਨ ਮੰਤਰੀ ਦਾ ਮਖੌਲ ਉਡਾਇਆ ਜਾਣ ਲੱਗਾ ਹੈ। ਸੋਸ਼ਲ ਮੀਡੀਆ ਯੂਜ਼ਰਜ਼ ਨੇ ਕਿਹਾ ਕਿ ਪਹਿਲਾ ਡਿਜੀਟਲ ਕੈਮਰਾ ਨਿਕੋਨ ਨੇ 1987 ਵਿੱਚ ਵੇਚਿਆ ਸੀ ਤੇ ਜਦੋਂਕਿ ਕਮਰਸ਼ਲ ਈਮੇਲ ਦੀ ਸ਼ੁਰੂਆਤ 1990-95 ਵਿੱਚ ਹੋਈ।
ਜਦ ਭਾਰਤ ‘ਚ ਮੀਂਹ ਪੈਂਦਾ ਹੈ ਤਾਂ ਕੀ ਸਾਰੇ ਜਹਾਜ਼ ਰਡਾਰ ਤੋਂ ਗਾਇਬ ਹੋ ਜਾਂਦੇ ਹਨઠ: ਰਾਹੁਲ ਗਾਂਧੀ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਦੇ ਉਸ ਬਿਆਨ ‘ਤੇ ਘੇਰਿਆ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਬਾਲਾਕੋਟ ਹਵਾਈ ਹਮਲੇ ਦੌਰਾਨ ਬੱਦਲ ਹੋਣ ਕਰਕੇ ਭਾਰਤੀ ਹਵਾਈ ਸੈਨਾ ਦੇ ਜਹਾਜ਼ਾਂ ਨੂੰ ਪਾਕਿਸਤਾਨੀ ਰਡਾਰਾਂ ਤੋਂ ਬਚਣ ਵਿਚ ਮਦਦ ਮਿਲੀ ਸੀ। ਰਾਹੁਲ ਨੇ ਮੋਦੀ ਕੋਲੋਂ ਸਵਾਲੀਆ ਲਹਿਜ਼ੇ ਨਾਲ ਪੁੱਛਿਆ ਕਿ ਜਦ ਭਾਰਤ ਵਿਚ ਮੀਂਹ ਪੈਂਦਾ ਹੈ ਤਾਂ ਕੀ ਸਾਰੇ ਜਹਾਜ਼ ਰਡਾਰ ਤੋਂ ਗਾਇਬ ਹੋ ਜਾਂਦੇ ਹਨ।
ਕਾਂਗਰਸ ਨੇ ਕਿਹਾ – ਫੈਂਕੂ, ਅਬਦੁੱਲਾ ਬੋਲੇ ਪਾਕਿ ਰਾਡਾਰ ਬੱਦਲ ਨਹੀਂ ਵਿੰਨਦੀ
ਕਾਂਗਰਸ ਨੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਜੁਮਲਾ ਹੀ ਸੁੱਟਦਾ ਰਿਹਾ ਪੰਜ ਸਾਲ ਦੀ ਸਰਕਾਰ ‘ਚ। ਉਥੇ ਹੀ ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਨੇ ਕਿਹਾ ਕਿ ਪਾਕਿਸਤਾਨੀ ਰਾਡਾਰ ਬੱਦਲ ਨਹੀਂ ਵਿੰਨ੍ਹਦੀ ਹੈ। ਇਹ ਜੰਗੀ ਜਾਣਕਾਰੀ ਦਾ ਇਕ ਅਹਿਮ ਹਿੱਸਾ ਹੈ, ਜੋ ਭਵਿੱਖ ਦੇ ਹਵਾਈ ਹਮਲਿਆਂ ਦੀ ਯੋਜਨਾ ਬਣਾਉਣ ਵੇਲੇ ਅਹਿਮ ਹੋਵੇਗਾ। ਭਾਜਪਾ ਦੇ ਟਵਿੱਟਰ ਹੈਂਡਲ ਤੋਂ ਟਵੀਟ ਹਟਾਏ ਜਾਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਲੱਗਦਾ ਹੈ ਕਿ ਟਵੀਟ ਬੱਦਲਾਂ ਵਿਚ ਗੁਆਚ ਗਿਆ।
ਗੈਰ-ਜ਼ਿੰਮੇਵਾਰਾਨਾ ਬਿਆਨ : ਯੇਚੁਰੀ
ਇਸ ‘ਤੇ ਖੱਬੇ ਪੱਖੀ ਨੇਤਾ ਸੀਤਾਰਾਮ ਯੇਚੁਰੀ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਨਾਲ ਛੇੜਛਾੜ ਨਹੀਂ ਕੀਤੀ ਜਾ ਸਕਦੀ। ਮੋਦੀ ਦਾ ਇਸ ਤਰ੍ਹਾਂ ਦਾ ਗੈਰ ਜ਼ਿੰਮੇਵਾਰਾਨਾ ਬਿਆਨ ਬੇਹੱਦ ਨੁਕਸਾਨਦੇਹ ਹੈ। ਅਜਿਹਾ ਕੋਈ ਵਿਅਕਤੀ ਭਾਰਤ ਦਾ ਪੀ ਐਮ ਨਹੀਂ ਰਹਿ ਸਕਦਾ।
ਆਲੋਚਨਾ ਤੋਂ ਬਾਅਦ ਭਾਜਪਾ ਨੇ ਡਲੀਟ ਕੀਤਾ ਟਵੀਟ
ਆਲੋਚਨਾ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੇ ਇੰਟਰਵਿਊ ਦੇ ਇਸ ਅੰਸ਼ ਨੂੰ ਭਾਜਪਾ ਆਫੀਸ਼ੀਅਲ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ ਗਿਆ ਸੀ, ਪਰ ਬਾਅਦ ਵਿਚ ਭਾਜਪਾ ਨੇ ਇਸ ਨੂੰ ਹਟਾ ਲਿਆ। ਹੁਣ ਉਹ ਭਾਜਪਾ ਦੀ ਟਾਈਮ ਲਾਈਨ ‘ਤੇ ਨਹੀਂ ਹੈ। ਇਸ ਤੋਂ ਇਲਾਵਾ ਪਾਰਟੀ ਨੇ ਇਕ ਮਿੰਟ ਦਾ ਵੀਡੀਓ ਵੀ ਸ਼ੇਅਰ ਕੀਤਾ ਸੀ, ਜਿਸ ਦੀ ਕੈਪਸ਼ਨ ਸੀ – ਏਅਰ ਸਟ੍ਰਾਈਕ ਦੀ ਕਹਾਣੀ, ਪੀ ਐਮ ਦੀ ਜ਼ੁਬਾਨੀ।
ਬੱਦਲ ਸਬੰਧੀ ਮੋਦੀ ਦੀ ਟਿੱਪਣੀ ਸ਼ਰਮਸਾਰ ਕਰਨ ਵਾਲੀ : ਮਹਿਬੂਬਾ
ਸ੍ਰੀਨਗਰ : ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਬਾਲਾਕੋਟ ਏਅਰ ਸਟ੍ਰਾਈਕ ਦੌਰਾਨ ਬੱਦਲ ਸਬੰਧੀ ਟਿੱਪਣੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਹਵਾਈ ਫੌਜ ਦੇ ਜਹਾਜ਼ਾਂ ਨੂੰ ਬੱਦਲ ਛਾਏ ਰਹਿਣ ਕਾਰਨ ਬਾਲਾਕੋਟ ਏਅਰ ਸਟ੍ਰਾਈਕ ਦੌਰਾਨ ਪਾਕਿਸਤਾਨੀ ਰਾਡਾਰ ਤੋਂ ਬਚਣ ਵਿਚ ਮੱਦਦ ਮਿਲੀ ਸੀ। ਮਹਿਬੂਬਾ ਨੇ ਪੁੱਛਿਆ ਕਿ ਕੀ ਪ੍ਰਧਾਨ ਮੰਤਰੀ ਨੂੰ ਹਵਾਈ ਫੋਜ ਦੀ ਸਲਾਹ ਨੂੰ ਨਜ਼ਰ ਅੰਦਾਜ਼ ਕਰਕੇ ਖਰਾਬ ਮੌਸਮ ਵਿਚ ਅਪਰੇਸ਼ਨ ਚਲਾਉਣ ਲਈ ਕਹਿਣ ਦਾ ਅਧਿਕਾਰ ਹੈ? ਮਹਿਬੂਬਾ ਨੇ ਇਕ ਟਵੀਟ ਵਿਚ ਪੁੱਛਿਆ, ‘ਇਸ ਵਿਚ ਕੋਈ ਸ਼ੱਕ ਨਹੀਂ ਕਿ ਬਾਲਾਕੋਟ ਏਅਰ ਸਟ੍ਰਾਈਕ ਸਟੀਕ ਨਿਸ਼ਾਨੇ ਨੂੰ ਸਾਧਣ ਵਿਚ ਕਾਮਯਾਬ ਰਹੀ ਹੈ। ਕੀ ਇਸ ਕਾਰਨ ਪ੍ਰਧਾਨ ਮੰਤਰੀ ਨੇ ਹਵਾਈ ਫੌਜ ਦੀ ਸਲਾਹ ਨੂੰ ਨਜ਼ਰਅੰਦਾਜ਼ ਕੀਤਾ ਅਤੇ ਖਰਾਬ ਮੌਸਮ ਵਿਚ ਏਅਰ ਸਟ੍ਰਾਈਕ ਕਰਨ ਦੀ ਇਜਾਜ਼ਤ ਦਿੱਤੀ।’

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …