ਮਨਪ੍ਰੀਤ ਤੋਂ ਬਾਅਦ ਡਾ. ਨਵਜੋਤ ਕੌਰ ਸਿੱਧੂ ਨੇ ਵੀ ਦਿੱਤਾ ਕੋਰਾ ਜਵਾਬ
ਚੰਡੀਗੜ੍ਹ : ‘ਮੈਂ ਨ੍ਹੀਂ ਜਾਣਾ ਬਠਿੰਡੇ, ਮੇਰਾ ਤਾਂ ਚੰਡੀਗੜ੍ਹ ਤੋਂ ਚੋਣ ਲੜਨ ਦਾ ਸੁਪਨਾ ਸੀ ਜੋ ਟੁੱਟ ਗਿਆ ਹੈ, ਹੁਣ ਮੈਂ ਕਿਸੇ ਵੀ ਸੀਟ ਤੋਂ ਚੋਣ ਨਹੀਂ ਲੜਨੀ। ਬਠਿੰਡਾ ਜਾਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਹਰਸਿਮਰਤ ਕੌਰ ਬਾਦਲ ਮੈਨੂੰ ਚੁਣੌਤੀ ਦੇਣ ਦੀ ਥਾਂ ਖ਼ੁਦ ਆ ਕੇ ਲੜ ਲਵੇ ਮੇਰੇ ਨਾਲ ਅੰਮ੍ਰਿਤਸਰ ਤੋਂ’। ਇਹ ਸ਼ਿਕਵਾ ਕਾਂਗਰਸ ਹਾਈਕਮਾਨ ਨਾਲ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਜਵੋਤ ਕੌਰ ਸਿੱਧੂ ਦਾ ਹੈ। ਬਠਿੰਡਾ ਸੀਟ ‘ਤੇ ਉਮੀਦਵਾਰ ਦੀ ਚੋਣ ਨੂੰ ਲੈ ਕੇ ਕਾਂਗਰਸ ਕਸੂਤੀ ਸਥਿਤੀ ਵਿਚ ਫਸ ਗਈ ਹੈ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਬਠਿੰਡੇ ਤੋਂ ਚੋਣ ਲੜਨ ਤੋਂ ਕੀਤੀ ਗਈ ਨਾਂਹ ਤੋਂ ਬਾਅਦ ਹੁਣ ਡਾ. ਨਵਜੋਤ ਕੌਰ ਸਿੱਧੂ ਨੇ ਵੀ ਬਠਿੰਡੇ ਜਾਣ ਤੋਂ ਕਾਂਗਰਸ ਹਾਈਕਮਾਨ ਨੂੰ ਨਾਂਹ ਕਰ ਦਿੱਤੀ ਹੈ।
ਚੰਡੀਗੜ੍ਹ ਤੋਂ ਟਿਕਟ ਨਾ ਮਿਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਦਫ਼ਤਰ ਵਿਚ ਉਨ੍ਹਾਂ ਦੇ ਨਾਲ ਆਈ ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਹੁਣ ਉਹ ਹੋਰ ਕਿਸੇ ਸੀਟ ਤੋਂ ਚੋਣ ਨਹੀਂ ਲੜਨਗੇ ਸਾਨੂੰ ਅੰਮ੍ਰਿਤਸਰ, ਸ੍ਰੀ ਆਨੰਦਪੁਰ ਸਾਹਿਬ ਅਤੇ ਬਠਿੰਡਾ ਸੀਟਾਂ ਬਾਰੇ ਪੁੱਛਿਆ ਗਿਆ ਸੀ ਪਰ ਅਸੀਂ ਸਿਰਫ਼ ਚੰਡੀਗੜ੍ਹ ਸੀਟ ‘ਤੇ ਹੀ ਦਾਅਵਾ ਪ੍ਰਗਟਾਇਆ ਸੀ। ਸੀਟ ਨਾ ਮਿਲਣ ‘ਤੇ ਨਵਜੋਤ ਸਿੱਧੂ ਨੇ ਕਿਹਾ ਕਿ ਪਾਰਟੀ ਦੇ ਆਪਣੇ ਫ਼ੈਸਲੇ ਹੁੰਦੇ ਹਨ ਉਨ੍ਹਾਂ ਕਿਹਾ ਕਿ ਮੈਂ ਨਹੀਂ ਚਾਹੁੰਦੀ ਕਿ ਸਿੱਧੂ ਸਾਹਿਬ ਦੇ ਪ੍ਰਚਾਰ ‘ਤੇ ਕੋਈ ਉਂਗਲ ਚੁੱਕੇ। ਇਸ ਲਈ ਮੈਂ ਕੋਈ ਵੀ ਤਿਆਗ ਕਰਨ ਲਈ ਤਿਆਰ ਹਾਂ। ਉਨ੍ਹਾਂ ਇਹ ਵੀ ਸਾਫ਼ ਕਰ ਦਿੱਤਾ ਕਿ ਹੁਣ ਉਹ ਹੋਰ ਕਿਸੇ ਵੀ ਸੀਟ ਤੋਂ ਚੋਣ ਨਹੀਂ ਲੜਨਗੇ ਪਰ ਜੇ ਪਵਨ ਬਾਂਸਲ ਉਨ੍ਹਾਂ ਨੂੰ ਕਹਿਣ ਤਾਂ ਉਹ ਪ੍ਰਚਾਰ ਜ਼ਰੂਰ ਕਰਨਗੇ। ਉਨ੍ਹਾਂ ਦੱਸਿਆ ਕਿ ਪਾਰਟੀ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਤੋਂ ਚੋਣ ਲੜਨ ਦੀ ਵੀ ਪੇਸ਼ਕਸ਼ ਕੀਤੀ ਸੀ।
ਸਿੱਧੂ ਨੇ ਕਿਹਾ ਕਿ ਪਵਨ ਬਾਂਸਲ ਸਾਲਾਂ ਤੋਂ ਚੰਡੀਗੜ੍ਹ ਤੋਂ ਚੋਣ ਲੜ ਰਹੇ ਹਨ। ਸਥਾਨਕ ਜਥੇਬੰਦੀਆਂ ਨੇ ਵੀ ਬਾਂਸਲ ਦਾ ਸਾਥ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਜਾਣੀ ਚਾਹੀਦੀ ਹੈ ਤੇ ਕਾਂਗਰਸ ਸਰਕਾਰ ਆਉਣੀ ਚਾਹੀਦੀ ਹੈ। ਡਾ. ਨਵਜੋਤ ਕੌਰ ਸਿੱਧੂ ਦੋ ਮਹੀਨਿਆਂ, ਯਾਨੀ 26 ਜਨਵਰੀ ਤੋਂ ਹੀ ਚੰਡੀਗੜ੍ਹ ਸੀਟ ਉੱਤੇ ਰੋਜ਼ ਪ੍ਰਚਾਰ ਰੈਲੀਆਂ ਕਰ ਰਹੇ ਸਨ। ਪਿਛਲੇ ਦਿਨੀਂ ਉਨ੍ਹਾਂ ਨੇ ਬੜੇ ਆਤਮ ਵਿਸ਼ਵਾਸ ਨਾਲ ਕਿਹਾ ਸੀ ਕਿ ਚੰਡੀਗੜ੍ਹ ਤੋਂ ਉਨ੍ਹਾਂ ਨੂੰ ਹੀ ਟਿਕਟ ਮਿਲੇਗੀ ਜੇ ਨਾ ਮਿਲੀ ਤਾਂ ਉਹ ਚੋਣਾਂ ਹੀ ਨਹੀਂ ਲੜਨਗੇ।
ਹਾਈਕਮਾਨ ਨਾਲ ਕੋਈ ਨਰਾਜ਼ਗੀ ਨਹੀਂ : ਨਵਜੋਤ ਸਿੰਘ ਸਿੱਧੂ : ਆਪਣੀ ਪਤਨੀ ਨੂੰ ਟਿਕਟ ਨਾ ਮਿਲਣ ਤੋਂ ਨਾਰਾਜ਼ ਹੋਣ ਸਬੰਧੀ ਅਫ਼ਵਾਹਾਂ ਨੂੰ ਰੱਦ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਪਿਛਲੇ ਕਈ ਦਿਨਾਂ ਤੋਂ ਦੰਦਾਂ ਦੀ ਤਕਲੀਫ ਕਾਰਨ ਬਿਮਾਰ ਚੱਲ ਰਿਹਾ ਸਾਂ। ਮੈਂ ਪਿਛਲੇ ਦਿਨੀਂ ਹੀ ਆਪਣੇ ਦੰਦਾਂ ਦਾ ਆਪ੍ਰਰੇਸ਼ਨ ਕਰਵਾਇਆ ਹੈ। ਹਾਈਕਮਾਨ ਨਾਲ ਨਾਰਾਜ਼ਗੀ ਦੀ ਕੋਈ ਗੱਲ ਨਹੀਂ ਹੈ। ਮੈਂ ਪਾਰਟੀ ਲਈ ਪੂਰੇ ਦੇਸ਼ ਵਿਚ ਚੋਣ ਪ੍ਰਚਾਰ ਕਰਾਂਗਾ। ਟਿਕਟ ਮਿਲਣੀ ਨਾ ਮਿਲਣੀ ਪਾਰਟੀ ਦਾ ਆਪਣਾ ਫ਼ੈਸਲਾ ਹੁੰਦਾ ਹੈ। ਮੈਂ ਰਾਹੁਲ ਗਾਂਧੀ ਦੇ ਨਾਲ ਹਾਂ ਅਤੇ ਪੂਰੇ ਦੇਸ਼ ਵਿਚ ਪ੍ਰਚਾਰ ਕਰਾਂਗਾ।
Check Also
ਭਾਰਤ ਨੇ ਪਾਕਿਸਤਾਨ ‘ਤੇ ਦਾਗੀਆਂ ਮਿਜ਼ਾਈਲਾਂ
ਪਾਕਿ ਤੋਂ ਭਾਰਤ ਨੇ ਪਹਿਲਗਾਮ ਹਮਲੇ ਦਾ ਲਿਆ ਬਦਲਾ ‘ਅਪਰੇਸ਼ਨ ਸਿੰਦੂਰ’ ਤਹਿਤ ਫੌਜ ਨੇ ਕੀਤੀ …